ਜ਼ਿਲ੍ਹਾ ਪੁਲੀਸ ਨੇ ਇਲਾਕੇ ਅੰਦਰ ਟੈਕਸ ਅਧਿਕਾਰੀਆਂ ਦੇ ਵੇਸ ਵਿਚ ਸੂਬੇ ਤੋਂ ਬਾਹਰਲੇ ਰਾਜਾਂ ਦੀਆਂ ਆਉਂਦੀਆਂ ਗੱਡੀਆਂ ਨੂੰ ਲੁੱਟਣ ਵਾਲੇ ਇਕ ਪੰਜ-ਮੈਂਬਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ| ਲੁਟੇਰਿਆਂ ਵਲੋਂ ਵਾਰਦਾਤਾਂ ਲਈ ਇਲਾਕੇ ਦੇ ਪਿੰਡ ਉਸਮਾਂ ਦੇ ਟੌਲ ਪਲਾਜ਼ਾ ਤੋਂ ਲੈ ਕੇ ਹਰੀਕੇ ਦੇ ਕੌਮੀ ਸ਼ਾਹ ਮਾਰਗ ਨੂੰ ਆਪਣੀਆਂ ਵਾਰਦਾਤਾਂ ਦਾ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ| ਪੁਲੀਸ ਨੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਇਕ ਨੰਗੀ ਕਿਰਪਾਨ ਅਤੇ ਦਾਤਰ ਸਮੇਤ ਕਾਬੂ ਕੀਤਾ ਹੈ| ਗਰੋਹ ਦੇ ਦੋ ਮੈਂਬਰ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਰਹੇ ਹਨ| ਪੁਲੀਸ ਨੇ ਲੁਟੇਰਿਆਂ ਵਲੋਂ ਵਾਰਦਾਤਾਂ ਲਈ ਵਰਤੀ ਜਾਂਦੀ ਬਲੈਰੋ ਗੱਡੀ (ਪੀਬੀ-11, ਬੀਐਫ਼-5316) ਆਪਣੇ ਕਬਜ਼ੇ ਵਿਚ ਕਰ ਲਈ ਹੈ ਜਦਕਿ ਗਰੋਹ ਵਲੋਂ ਵਰਤੇ ਜਾਂਦੇ ਪਿਸਤੌਲ ਨੂੰ ਅਜੇ ਬਰਾਮਦ ਕੀਤਾ ਜਾਣਾ ਹੈ| ਇਸ ਸਬੰਧੀ ਥਾਣਾ ਸਰਹਾਲੀ ਵਿਚ ਦਫ਼ਾ 399, 402 ਅਧੀਨ ਕੇਸ ਦਰਜ ਕੀਤਾ ਹੈ| ਐਸਐਸਪੀ ਧਰੁਵ ਦਹੀਆ ਦੇ ਨਿਰਦੇਸ਼ਾਂ ਅਨੁਸਾਰ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਅੱਜ ਇਥੇ ਐਸਪੀ (ਪੜਤਾਲ) ਹਰਜੀਤ ਸਿੰਘ ਗਰੇਵਾਲ ਨੇ ਦਿੱਤੀ| ਉਨ੍ਹਾਂ ਦੱਸਿਆ ਕਿ ਗਰੋਹ ਨੂੰ ਥਾਣਾ ਸਰਹਾਲੀ ਦੀ ਪੁਲੀਸ ਦੇ ਐਸਐਚਓ ਸਬ ਇੰਸਪੈਕਟਰ ਲਖਬੀਰ ਸਿੰਘ ਅਤੇ ਪੁਲੀਸ ਚੌਕੀ ਨੌਸ਼ਹਿਰਾ ਪੰਨੂੰਆਂ ਦੇ ਇੰਚਾਰਜ ਏਐਸਆਈ ਚਰਨ ਸਿੰਘ ਦੀ ਅਗਵਾਈ ਹੇਠ ਇਲਾਕੇ ਦੇ ਪਿੰਡ ਢੋਟੀਆਂ ਦੇ ਇਕ ਇੱਟਾਂ ਦੇ ਭੱਠੇ ਨੇੜਿਓਂ ਕਾਬੂ ਕੀਤਾ ਜਿਥੇ ਉਹ ਕੋਈ ਵਾਰਦਾਤ ਕਰਨ ਦੀ ਯੋਜਨਾ ਬਣਾ ਰਹੇ ਸਨ| ਉਨ੍ਹਾਂ ਦੱਸਿਆ ਕਿ ਥਾਣਾ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਰੂੜੀਵਾਲਾ ਦੇ ਵਾਸੀ ਅਪਰਾਧੀਆਂ ਵਲੋਂ ਬਣਾਏ ਇਸ ਗਰੋਹ ਦੇ ਕਾਬੂ ਕੀਤੇ ਲੁਟੇਰਿਆਂ ਦੀ ਪਛਾਣ ਅਜੀਬ ਸਿੰਘ ਜੈਬਾ, ਰਛਪਾਲ ਸਿੰਘ ਪਾਲਾ ਅਤੇ ਗੁਰਭੇਜ ਸਿੰਘ ਭੇਜਾ ਦੇ ਤੌਰ ’ਤੇ ਕੀਤੀ ਗਈ ਹੈ ਜਦਕਿ ਫ਼ਰਾਰ ਹੋਣ ਵਾਲਿਆਂ ਵਿਚ ਗੁਰਲਾਲ ਸਿੰਘ ਅਤੇ ਗੁਰਸਾਜਨ ਸਿੰਘ ਦਾ ਨਾਮ ਸ਼ਾਮਲ ਹੈ| ਅਧਿਕਾਰੀ ਨੇ ਦੱਸਿਆ ਕਿ ਗਰੋਹ ਦੇ ਮੈਂਬਰ ਰਾਤ ਵੇਲੇ ਬਾਹਰੋਂ ਆਉਂਦੀਆਂ ਗੱਡੀਆਂ ਅੱਗੇ ਆਪਣੀ ਬਲੈਰੋ ਗੱਡੀ ਖੜ੍ਹੀ ਕਰ ਕੇ ਟਾਰਚ ਨਾਲ ਉਨ੍ਹਾਂ ਨੂੰ ਆਪਣੇ ਬਾਰੇ ਕਰ ਵਿਭਾਗ ਦੇ ਅਧਿਕਾਰੀ ਦੱਸਦੇ ਸਨ ਅਤੇ ਗੱਡੀ ਦੇ ਰੋਕੇ ਜਾਣ ’ਤੇ ਪਿਸਤੌਲ ਦੀ ਨੋਕ ’ਤੇ ਗੱਡੀਆਂ ਵਾਲਿਆਂ ਕੋਲੋਂ ਪੈਸੇ, ਮੋਬਾਈਲ ਆਦਿ ਲੁੱਟ ਲਿਆ ਕਰਦੇ ਸਨ| ਅਧਿਕਾਰੀ ਨੇ ਦੱਸਿਆ ਕਿ ਲੁਟੇਰਿਆਂ ਦੀ ਪੁੱਛ-ਗਿੱਛ ਕੀਤੇ ਜਾਣ ਤੇ ਕਈ ਹੋਰ ਵਾਰਦਾਤਾਂ ਦਾ ਵੀ ਭੇਦ ਖੁੱਲ੍ਹਣ ਦੀ ਸੰਭਾਵਨਾ ਹੈ|
INDIA ਬਾਹਰਲੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਉਣ ਵਾਲਾ ਗਰੋਹ ਕਾਬੂ