ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਸਰਕਾਰੀ ਸੈਕੰਡਰੀ ਸਕੂਲ ਫੱਤਾ ਮਾਲੋਕਾ ਦਾ ਦੌਰਾ ਉਸ ਵੇਲੇ ਚਰਚਾ ਵਿੱਚ ਆਇਆ, ਜਦੋਂ ਉਹ ਸਵੇਰ ਦੀ ਸਭਾ ਦਾ ਨਿਰੀਖਣ ਕਰ ਰਹੇ ਸਨ ਤਾਂ ਉਸ ਵੇਲੇ ਸਾਰੀਆਂ ਕਲਾਸਾਂ ਦੇ ਵਿਦਿਆਰਥੀ ਠੰਢ ਵਿੱਚ ਭੁੰਜੇ ’ਤੇ ਬੈਠੇ ਸਨ। ਸਿੱਖਿਆ ਮਾਹਿਰਾਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਜਿਹੜੇ ਕ੍ਰਿਸ਼ਨ ਕੁਮਾਰ ਹਰ ਗੱਲ ਉਤੇ ਸਕੂਲਾਂ ਵਿੱਚ ਨੁਕਸ ਕੱਢਦੇ ਹਨ, ਉਨ੍ਹਾਂ ਦਾ ਧਿਆਨ ਇਸ ਪਾਸੇ ਵੱਲ ਨਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਨੂੰ ਸਕੂਲਾਂ ਨੂੰ ਸਮਾਰਟ ਬਣਾਉਣ ਤੋਂ ਪਹਿਲਾਂ ਵਿਦਿਆਰਥੀਆਂ ਦੀਆਂ ਮੁੱਢਲੀਆਂ ਸਹੂਲਤਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦੀ ਲੋੜ ਹੈ। ਸਿੱਖਿਆ ਸਕੱਤਰ ਇਸ ਸਕੂਲ ਵਿੱਚ ਸਵੇਰੇ 8.30 ਵਜੇ ਦੇ ਕਰੀਬ ਪਹੁੰਚੇ, ਜਿਥੇ ਉਨ੍ਹਾਂ ਨੇ ਦਸਵੀਂ ਦੀਆਂ ਲੱਗ ਰਹੀਆਂ ਵਾਧੂ ਕਲਾਸਾਂ ਵਿੱਚ ਜਾ ਕੇ ਵਿਦਿਆਰਥੀਆਂ ਦੇ ਹੌਸਲਾ ਅਫ਼ਜਾਈ ਕੀਤੀ ਪਰ ਬਾਅਦ ਵਿੱਚ ਸਵੇਰੇ ਦੀਆਂ ਕੀਤੀਆਂ ਗਤੀਵਿਧੀਆਂ ਤੋਂ ਬਾਅਦ ਵਿਦਿਆਰਥੀਆਂ ਨੂੰ ਸਵੇਰੇ ਵੇਲੇ ਘਾਹ ਦੇ ਮੈਦਾਨ ਵਿੱਚ ਬੈਠਣਾ ਪਿਆ ਤਾਂ ਉਹ ਨਵੇਂ ਵਿਵਾਦ ਵਿੱਚ ਘਿਰ ਗਏ। ਇਸ ਦੇ ਬਾਵਜੂਦ ਬੱਚਿਆਂ ਨੂੰ ਠੰਢ ਵਿੱਚ ਅਧਿਕਾਰੀ ਦੇ ਸਾਹਮਣੇ ਠੰਢ ਵਿੱਚ ਭੁੰਜੇ ਮੈਦਾਨ ’ਤੇ ਬਿਠਾਇਆ ਗਿਆ। ਬੱਚਿਆਂ ਨੂੰ ਭੁੰਜੇ ਬਿਠਾਉਣ ਬਾਰੇ ਸਕੱਤਰ ਨੇ ਇਕ ਵੀ ਸ਼ਬਦ ਨਹੀਂ ਬੋਲਿਆ ਤੇ ਨਾ ਹੀ ਕਿਸੇ ਅਧਿਆਪਕ ਜਾਂ ਪ੍ਰਿੰਸੀਪਲ ਤੋਂ ਇਸ ਬਾਰੇ ਪੁੱਛਿਆ।