ਨਵੀਂ ਦਿੱਲੀ (ਸਮਾਜਵੀਕਲੀ-ਨੀਰਜ ਵਰਮਾ)— ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਇਰਫਾਨ ਖਾਨ ਅੱਜ ਭਾਵ ਬੁੱਧਵਾਰ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦੇ ਦਿਹਾਂਤ ਕਰ ਕੇ ਪੂਰੇ ਬਾਲੀਵੁੱਡ ‘ਚ ਸੋਗ ਦੀ ਲਹਿਰ ਹੈ। ਸਿਆਸੀ ਲੀਡਰ ਵੀ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘਾ ਦੁੱਖ ਜ਼ਾਹਰ ਕਰ ਰਹੇ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਅਦਾਕਾਰ ਇਰਫਾਨ ਖਾਨ ਦੇ ਦਿਹਾਂਤ ‘ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਰਫਾਨ ਖਾਨ ਗਲੋਬਲ ਸਿਨੇਮਾ ਅਤੇ ਟੀ. ਵੀ. ਦੇ ਇਕ ਲੋਕਪ੍ਰਿਅ ਭਾਰਤੀ ਬਰਾਂਡ ਅੰਬੈਸਡਰ ਸਨ।
ਰਾਹੁਲ ਗਾਂਧੀ ਨੇ ਟਵਿੱਟਰ ‘ਤੇ ਟਵੀਟ ਕੀਤਾ ਕਿ ਇਰਫਾਨ ਖਾਨ ਦੇ ਦਿਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਉਹ ਇਕ ਬਹੁਮੁਖੀ ਪ੍ਰਤਿਭਾ ਵਾਲੇ ਅਦਾਕਾਰ ਸਨ। ਉਹ ਗਲੋਬਲ ਸਿਨੇਮਾ ਅਤੇ ਟੀ. ਵੀ. ਦੇ ਲੋਕਪ੍ਰਿਅ ਭਾਰਤੀ ਬਰਾਂਡ ਅੰਬੈਸਡਰ ਸਨ। ਇਰਫਾਨ ਦੀ ਕਮੀ ਬਹੁਤ ਮਹਿਸੂਸ ਕੀਤੀ ਜਾਵੇਗੀ। ਦੁੱਖ ਦੀ ਇਸ ਘੜੀ ਵਿਚ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਹਮਦਰਦੀ।
ਜ਼ਿਕਰਯੋਗ ਹੈ ਕਿ ਇਰਫਾਨ ਖਾਨ ਦਾ ਮੁੰਬਈ ਦੇ ਇਕ ਹਸਪਤਾਲ ‘ਚ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਉਹ 53 ਸਾਲ ਦੇ ਸਨ ਅਤੇ ਲੰਬੇ ਸਮੇਂ ਤੋਂ ਕੈਂਸਰ ਨਾਲ ਜੰਗ ਲੜ ਰਹੇ ਸਨ। ਪੇਟ ‘ਚ ਇਨਫੈਕਸ਼ਨ ਕਰ ਕੇ ਉਨ੍ਹਾਂ ਨੂੰ ਕੱਲ ਹੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।