ਕਾਨਪੁਰ (ਯੂਪੀ) (ਸਮਾਜਵੀਕਲੀ) : ਕਾਨਪੁਰ ਪ੍ਰਸ਼ਾਸਨ ਨੇ ਮੁਕਾਮੀ ਬਾਲਿਕਾ ਗ੍ਰਹਿ ’ਚ ਰਹਿੰਦੀਆਂ ਨਾਬਾਲਗ ਲੜਕੀਆਂ ਦਾ ਕਰੋਨਾ ਦੀ ਜਾਂਚ ਲਈ ਕੀਤੇ ਟੈਸਟ ਵਿੱਚ ਉਨ੍ਹਾਂ ਦੇ ਗਰਭਵਤੀ ਪਾਏ ਜਾਣ ਦੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ। ਹਾਲਾਂਕਿ ਜਾਂਚ ਦੌਰਾਨ ਇਨ੍ਹਾਂ ਵਿੱਚ ਕੁਝ ਕਰੋਨਾ ਪਾਜ਼ੇਟਿਵ ਪਾਈਆਂ ਗਈਆਂ ਹਨ।
ਐੱਸਐੱਸਪੀ ਦਿਨੇਸ਼ ਕੁਮਾਰ ਪੀ. ਨੇ ਕਿਹਾ ਕਿ ਜਿਹੜੀਆਂ ਸੱਤ ਲੜਕੀਆਂ ਗਰਭਵਤੀਆਂ ਹਨ, ਉਹ ਸਵਰੂਪ ਨਗਰ ਸਥਿਤ ਬਾਲਿਕਾ ਗ੍ਰਹਿ ਵਿੱਚ ਲਿਆਂਦੇ ਜਾਣ ਤੋਂ ਪਹਿਲਾਂ ਹੀ ਪੇਟ ਤੋਂ ਸਨ। ਉਨ੍ਹਾਂ ਕਿਹਾ, ‘ਇਹ ਲੜਕੀਆਂ ਅਾਗਰਾ, ਕੰਨੌਜ, ਇਟਾਹ, ਫਿਰੋਜ਼ਾਬਾਦ ਤੇ ਕਾਨਪੁਰ ਨਾਲ ਸਬੰਧਤ ਹਨ ਤੇ ਛੇ ਮਹੀਨੇ ਪਹਿਲਾਂ ਬਾਲਿਕਾ ਗ੍ਰਹਿ ’ਚ ਲਿਆਉਣ ਤੋਂ ਪਹਿਲਾਂ ਉਹ ਦੋ ਮਹੀਨੇ ਦੀਆਂ ਗਰਭਵਤੀਆਂ ਸਨ। ਇਨ੍ਹਾਂ ਵਿੱਚੋਂ ਪੰਜ ਹੁਣ ਕਰੋਨਾ ਲਈ ਪਾਜ਼ੇਟਿਵ ਨਿਕਲ ਆਈਆਂ ਹਨ।’
ਦੋ ਹੋਰਨਾਂ ਲੜਕੀਆਂ ਨੂੰ ਹਾਲੈੱਟ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਇਕ ਐੱਚਆਈਵੀ ਪਾਜ਼ੇਟਿਵ ਤੇ ਦੂਜੀ ਹੈਪੇਟਾਈਟਸ ਸੀ ਦੀ ਲਾਗ ਨਾਲ ਗ੍ਰਸਤ ਹੈ। ਜ਼ਿਲ੍ਹਾ ਮੈਜਿਸਟਰੇਟ ਬ੍ਰਹਮਾ ਦੇਵੀ ਤਿਵਾੜੀ ਨੇ ਬਿਨਾਂ ਤੱਥਾਂ ਦੀ ਪੜਚੋਲ ਕੀਤਿਆਂ ਇਸ ਪੂਰੇ ਮੁੱਦੇ ਨੂੰ ਸਨਸਨੀਖੇਜ਼ ਬਣਾ ਕੇ ਪੇਸ਼ ਕਰਨ ਵਾਲੇ ਮੀਡੀਆ ਦੇ ਇਕ ਹਿੱਸੇ ਦੀ ਖਿਚਾਈ ਕੀਤੀ ਹੈ।
ਉਧਰ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਾਨਪੁਰ ਦੇ ਸਰਕਾਰੀ ਬਾਲਿਕਾ ਗ੍ਰਹਿ ਵਿੱਚ ਰਹਿੰਦੀਆਂ 7 ਲੜਕੀਆਂ ਦੇ ਗਰਭਵਤੀ ਹੋਣ ਦੇ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ।