ਬਾਰ੍ਹਵੀਂ ਦਾ ਨਤੀਜਾ: ਨਵਨੀਤ ਤੇ ਹੁਨਰ ਦੀਪ ਬਠਿੰਡਾ ਜ਼ਿਲ੍ਹੇ ’ਚੋਂ ਅੱਵਲ

ਸੀਬੀਐੱਸਸੀ ਦੇ ਅੱਜ ਐਲਾਨੇ ਗਏ ਨਤੀਜਿਆਂ ਵਿਚ ਬਠਿੰਡਾ ਜ਼ਿਲ੍ਹੇ ਦੇ ਸਕੂਲਾਂ ਵਿੱਚੋਂ ਮਿਲੇ ਵੇਰਵਿਆਂ ਅਨੁਸਾਰ ਦਿੱਲੀ ਪਬਲਿਕ ਸਕੂਲ ਅਤੇ ਦੀ ਮਿਲੇਨੀਅਮ ਪਬਲਿਕ ਸਕੂਲ ਦੀਆਂ ਦੋ ਵਿਦਿਆਰਥਣਾਂ ਨੇ ਆਰਟਸ ਵਿਸ਼ੇ ਵਿਚ ਬਾਜ਼ੀ ਮਾਰਦੇ ਹੋਏ ਬਰਾਬਰ ਅੰਕ ਪ੍ਰਾਪਤ ਕਰ ਕੇ ਜ਼ਿਲ੍ਹੇ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਦਿੱਲੀ ਪਬਲਿਕ ਸਕੂਲ ਦੀ ਵਿਦਿਆਰਥਣ ਨਵਨੀਤ ਕੌਰ ਅਤੇ ਮਿਲੇਨੀਅਮ ਸਕੂਲ ਦੀ ਹੁਨਰ ਦੀਪ ਕੌਰ ਨੇ ਆਰਟਸ ਗਰੁੱਪ ਵਿਚੋਂ ਕੁੱਲ 500 ਅੰਕਾਂ ’ਚੋਂ 494 ਅੰਕ ਪ੍ਰਾਪਤ ਕੀਤੇ ਹਨ। ਦੋਵੇਂ ਵਿਦਆਰਥਣਾਂ ਨੇ 98.8 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਨਵਨੀਤ ਕੌਰ ਦੇ ਪਿਤਾ ਜਸਵੰਤ ਸਿੰਘ, ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਬਤੌਰ ਅੰਗਰੇਜ਼ੀ ਵਿਭਾਗ ਦੇ ਲੈਕਚਰਾਰ ਹਨ, ਨੇ ਆਪਣੀ ਧੀ ਦੀ ਪ੍ਰਾਪਤੀ ’ਤੇ ਖ਼ੁਸ਼ੀ ਜ਼ਾਹਰ ਕਰਦਿਆਂ ਕਿ ਨਵਨੀਤ ਕੌਰ ਦੀ ਮਿਹਨਤ ਰੰਗ ਲਿਆਈ ਹੈ ਅਤੇ ਉਨ੍ਹਾਂ ਨੂੰ ਉਸ ਦੀ ਪ੍ਰਾਪਤੀ ’ਤੇ ਮਾਣ ਹੈ। ਨਵਨੀਤ ਕੌਰ ਨੇ ਦੱਸਿਆ ਕਿ ਉਹ ਅਧਿਆਪਕ ਬਣਨਾ ਚਾਹੁੰਦੀ ਹੈ। ਇਸੇ ਤਰਾਂ ਹੁਨਰ ਦੀਪ ਕੌਰ ਦੇ ਪਿਤਾ ਕੰਵਲਜੀਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਤਰ ਕੈਂਪਸ ਵਿਚ ਐਸੋਸੀਏਟ ਪ੍ਰੋਫੈਸਰ ਹਨ ਅਤੇ ਉਨ੍ਹਾਂ ਦੀ ਪਤਨੀ ਭੈਣੀ ਬਾਘਾ ਸਕੂਲ ਵਿਚ ਵਿਚ ਬਤੌਰ ਅਧਿਆਪਕਾ ਹੈ। ਹੁਨਰ ਦੀਪ ਕੌਰ ਨੇ ਇਸ ਪ੍ਰਾਪਤੀ ਦਾ ਸਿਹਰਾ ਮਾਤਾ-ਪਿਤਾ ਨੂੰ ਦਿੰਦੇ ਹੋਏ ਦੱਸਿਆ ਕਿ ਉਹ ਦਿੱਲੀ ਯੂਨੀਵਰਸਿਟੀ ਤੋਂ ਬੀਏ ਆਨਰਜ਼ ਦੀ ਪੜ੍ਹਾਈ ਕਰਨ ਤੋਂ ਬਾਅਦ ਸਿਵਲ ਸਰਵਿਸਿਜ਼ ਦੀ ਤਿਆਰੀ ਬਾਰੇ ਸੋਚੇਗੀ। ਇਸੇ ਦੌਰਾਨ ਰੋਜ਼ ਮੇਰੀ ਕਾਨਵੈਂਟ ਸਕੂਲ ਦੇ ਵਿਦਿਆਰਥੀ ਹੈਰੀ ਗੋਇਲ ਨੇ ਮੈਡੀਕਲ ਸਟਰੀਮ ਵਿਚੋਂ 93.4 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਮੈਡੀਕਲ ਸਟਰੀਮ ਵਿਚ ਹਰਮਨਜੀਤ ਸਿੰਘ ਸਿੱਧੂ ਨੇ 90.4 ਅੰਕ ਪ੍ਰਤੀਸ਼ਤ ਪ੍ਰਾਪਤ ਕੀਤੇ ਹਨ। ਸ਼ਹਿਰ ਦੇ ਸੇਂਟ ਜੋਸਫ ਸਕੂਲ ਵਿਚੋਂ ਨਾਨ ਮੈਡੀਕਲ ਸਟਰੀਮ ਵਿਚ ਮੋਹਪ੍ਰੀਤ ਵੱਲੋਂ 93.8 ਅੰਕ ਪ੍ਰਤੀਸ਼ਤ , ਇਸੇ ਸਕੂਲ ਦੀ ਕਾਮਰਸ ਸਟਰੀਮ ਦੀ ਵਿਦਿਆਰਥਣ ਪਾਰਖੀ ਗੁਪਤਾ ਨੇ 96 .4 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਲਾਰਡ ਰਾਮਾ ਸਕੂਲ ਦੇ ਕਾਮਰਸ ਗਰੁੱਪ ਦੀ ਵਿਦਿਆਰਥੀ ਅਭਿਸ਼ੇਕ ਵੱਲੋਂ 95.2 ਅਤੇ ਸਾਇੰਸ ਵਿਸ਼ੇ ਵਿਚੋਂ ਆਰਸੀਆ ਨਾਮੀ ਵਿਦਿਆਰਥਣ ਨੇ 95 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਆਰਬੀ ਡੀਏਵੀ ਸਕੂਲ ਦੇ ਵਿਦਿਆਰਥੀ ਨਵਜੋਤ ਸਿੰਘ ਨਾਨ ਮੈਡੀਕਲ ਸਟਰੀਮ ਵਿਚੋਂ 91.8 ਅੰਕ ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਸੇਂਟ ਜੇਵੀਅਰ ਸਕੂਲ ਦੇ ਇਸ਼ਨ ਅਗਰਵਾਲ ਨੇ ਆਰਟਸ ਵਿਸ਼ੇ ’ਚੋਂ 96 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦੋਂ ਕਿ ਸਕੂਲ ਦੀ ਅਨਮੋਲ ਬਾਂਸਲ ਨੇ ਕਾਮਰਸ ਗਰੁੱਪ ਵਿਚੋਂ 95.6 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਪ੍ਰਿਯੰਕਾ ਨੇ ਸਾਇੰਸ ਵਿਸ਼ੇ ਦੀ ਪ੍ਰੀਖਿਆਂ ਵਿਚ 92.2 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ।

Previous articleਇਸ਼ਰਤ ਜਹਾਂ ਕੇਸ ਵਿਚੋਂ ਵਣਜ਼ਾਰਾ ਤੇ ਅਮੀਨ ਬਰੀ
Next articleਪ੍ਰਿਯੰਕਾ ਨੂੰ ਬੱਚਿਆਂ ਬਾਰੇ ਕੌਮੀ ਕਮਿਸ਼ਨ ਨੇ ਨੋਟਿਸ ਭੇਜਿਆ