ਬਾਰ੍ਹਵੀਂ ਦਾ ਨਤੀਜਾ: ਆਰਤੀ ਨੇ ਰੱਖੀ ਮੁਹਾਲੀ ਜ਼ਿਲ੍ਹੇ ਦੀ ਲਾਜ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਵੱਲੋਂ ਅੱਜ ਬਾਰ੍ਹਵੀਂ ਸ਼੍ਰੇਣੀ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ। ਜ਼ਿਲ੍ਹਾ ਮੁਹਾਲੀ ਦੇ ਛੇ ਵਿਦਿਆਰਥੀਆਂ ਨੇ ਪੰਜਾਬ ਦੀ ਮੈਰਿਟ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ ਅਤੇ ਐਤਕੀਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕਲ ਫੇਜ਼-3ਬੀ1 ਦੀ ਵਿਦਿਆਰਥਣ ਆਰਤੀ ਦੇਵੀ ਪੁੱਤਰੀ ਕ੍ਰਿਸ਼ਨ ਕੁਮਾਰ ਨੇ 450 ’ਚੋਂ 429 ਅੰਕ (95.33 ਫੀਸਦੀ) ਲੈ ਕੇ ਸੂਬਾ ਪੱਧਰੀ ਮੈਰਿਟ ਸੂਚੀ ਵਿੱਚ 19ਵਾਂ ਰੈਂਕ ਅਤੇ ਮੁਹਾਲੀ ਤਹਿਸੀਲ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸ਼ਹਿਰ ਦੀ ਲਾਜ ਰੱਖ ਲਈ ਜਦੋਂਕਿ ਦਸਵੀਂ ਵਿੱਚ ਸ਼ਹਿਰ ਦਾ ਕੋਈ ਵੀ ਵਿਦਿਆਰਥੀ ਮੈਰਿਟ ਵਿੱਚ ਨਾ ਆਉਣ ਕਾਰਨ ਵੀਆਈਪੀ ਸ਼ਹਿਰ ਦੇ ਸਕੂਲਾਂ ਅਤੇ ਅਧਿਆਪਕਾਂ ਨੂੰ ਕਾਫੀ ਨਮੋਸ਼ੀ ਝੱਲਣੀ ਪਈ ਹੈ। ਉਂਜ ਸਰਕਾਰੀ ਸਕੂਲਾਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ ਅਤੇ ਐਤਕੀਂ ਸ਼ਹਿਰਾਂ ਦੇ ਮੁਕਾਬਲੇ ਪੇਂਡੂ ਸਕੂਲਾਂ ਦੇ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ ਵੀ ਵਧੀ ਹੈ। ਸਿੱਖਿਆ ਬੋਰਡ ਵੱਲੋਂ ਜਾਰੀ ਮੈਰਿਟ ਸੂਚੀ ਮੁਤਾਬਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਬਾਰਕਪੁਰ (ਮੁਹਾਲੀ) ਦੀ ਹਰਵੀਰ ਕੌਰ (ਹਿਊਮੈਨਟੀਜ਼ ਗਰੁੱਪ) ਨੇ 450 ’ਚੋਂ 440 ਅੰਕਾਂ ਲੈ ਕੇ 97.78 ਫੀਸਦੀ ਨਾਲ ਮੈਰਿਟ ਵਿੱਚ ਅੱਠਵਾਂ ਅਤੇ ਜ਼ਿਲ੍ਹਾ ਮੁਹਾਲੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕਲ ਫੇਜ਼-3ਬੀ1 ਦੀ ਵਿਦਿਆਰਥਣ ਆਰਤੀ ਦੇਵੀ ਪੁੱਤਰੀ ਕ੍ਰਿਸ਼ਨ ਕੁਮਾਰ (ਵੋਕੇਸ਼ਨਲ ਗਰੁੱਪ) ਨੇ 429 ਅੰਕ (95.33 ਫੀਸਦੀ) ਲੈ ਕੇ ਸੂਬਾ ਪੱਧਰੀ ਮੈਰਿਟ ਸੂਚੀ ਵਿੱਚ 19ਵਾਂ ਰੈਂਕ ਅਤੇ ਮੁਹਾਲੀ ਤਹਿਸੀਲ ਵਿੱਚ ਪਹਿਲਾ ਸਥਾਨ ਅਤੇ ਜ਼ਿਲ੍ਹੇ ਵਿੱਚ ਪੰਜਵਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ (ਮੁਹਾਲੀ) ਦੀ ਮੁਸਕਾਨ ਪੁੱਤਰੀ ਜੂੰਮਾ ਖਾਨ (ਹਿਊਮੈਨਟੀਜ਼ ਗਰੁੱਪ) ਨੇ 429 ਅੰਕਾਂ ਲੈ ਕੇ 95.33 ਫੀਸਦੀ ਨਾਲ ਪੰਜਾਬ ਦੀ ਮੈਰਿਟ ਵਿੱਚ 19ਵਾਂ ਅਤੇ ਜ਼ਿਲ੍ਹਾ ਮੁਹਾਲੀ ਵਿੱਚ ਛੇਵਾਂ ਸਥਾਨ ਹਾਸਲ ਕੀਤਾ। ਉਧਰ, ਐਤਕੀਂ ਸ਼ਹਿਰਾਂ ਦੇ ਮੁਕਾਬਲੇ ਸਰਕਾਰੀ ਪੇਂਡੂ ਸਕੂਲਾਂ ਦਾ ਨਤੀਜਾ ਵਧੀਆ ਰਿਹਾ ਹੈ। ਪੇਂਡੂ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ ਸ਼ਹਿਰਾਂ ਨਾਲੋਂ ਜ਼ਿਆਦਾ ਹੈ।

Previous articleਆਈਟੀਸੀ ਦੇ ਚੇਅਰਮੈਨ ਵਾਈ. ਸੀ. ਦੇਵੇਸ਼ਵਰ ਦਾ ਦੇਹਾਂਤ
Next articleਲੋਕ ਸਭਾ ਹਲਕਾ ਬਠਿੰਡਾ: ਸੁਖਬੀਰ ਤੇ ਮਨਪ੍ਰੀਤ ਨੇ ਚੋਣ ਪਿੜ ਮਘਾਇਆ