ਜੰਮੂ ਤੇ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਦਹਿਸ਼ਤਗਰਦਾਂ ਨਾਲ ਹੋਏ ਮੁਕਾਬਲੇ ਵਿੱਚ ਸਲਾਮਤੀ ਦਸਤਿਆਂ ਨੇ ਲਸ਼ਕਰ-ਏ-ਤੋਇਬਾ ਦਾ ਦਹਿਸ਼ਤੀ ਮਾਰ ਮੁਕਾਇਆ ਜਦੋਂਕਿ ਇਕ ਪੁਲੀਸ ਮੁਲਾਜ਼ਮ ਸ਼ਹੀਦ ਹੋ ਗਿਆ। ਉਂਜ ਮੁਕਾਬਲੇ ਦੌਰਾਨ ਸਬ-ਇੰਸਪੈਕਟਰ ਵੀ ਜ਼ਖ਼ਮੀ ਹੋ ਗਿਆ। ਮੁਕਾਬਲਾ ਮੰਗਲਵਾਰ ਨੂੰ ਸ਼ੁਰੂ ਹੋਇਆ ਸੀ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ ’ਚੋਂ ਧਾਰਾ 370 ਨੂੰ ਮਨਸੂਖ਼ ਕਰਨ ਤੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੰਡਣ ਮਗਰੋਂ ਕਸ਼ਮੀਰ ਵਾਦੀ ਵਿੱਚ ਇਹ ਪਲੇਠਾ ਅਤਿਵਾਦ ਵਿਰੋਧੀ ਮੁਕਾਬਲਾ ਹੈ। ਮਾਰੇ ਗਏ ਦਹਿਸ਼ਤੀ ਦੀ ਪਛਾਣ ਮੋਮਿਨ ਗੋਜਰੀ ਵਾਸੀ ਬਾਰਾਮੂਲਾ ਵਜੋਂ ਹੋਈ ਹੈ, ਜੋ ਕਿ ਲਸ਼ਕਰ ਨਾਲ ਸਬੰਧਤ ਹੋਣ ਦੇ ਨਾਲ ਕਈ ਦਹਿਸ਼ਤੀ ਅਪਰਾਧਾਂ ਵਿੱਚ ਸ਼ਾਮਲ ਸੀ। ਪੁਲੀਸ ਨੇ ਮੁਕਾਬਲੇ ਵਾਲੀ ਥਾਂ ਤੋਂ ਹਥਿਆਰ ਤੇ ਹੋਰ ਗੋਲੀਸਿੱਕਾ ਵੀ ਬਰਾਮਦ ਕੀਤਾ ਹੈ। ਮੁਕਾਬਲੇ ਵਿੱਚ ਸ਼ਹੀਦ ਹੋਏ ਐੱਸਪੀਓ ਦੀ ਪਛਾਣ ਬਿਲਾਲ ਅਹਿਮਦ ਵਜੋਂ ਦੱਸੀ ਗਈ ਹੈ ਜਦੋਂਕਿ ਸਬ-ਇੰਸਪੈਕਟਰ ਅਮਰਦੀਪ ਪਰਿਹਾਰ ਦੁਵੱਲੀ ਗੋਲੀਬਾਰੀ ਦੌਰਾਨ ਜ਼ਖ਼ਮੀ ਹੋ ਗਿਆ। ਉਸ ਨੂੰ ਬਦਾਮੀ ਬਾਗ਼ ਛਾਉਣੀ ਸਥਿਤ ਫ਼ੌਜ ਦੇ ਬੇਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਕਸ਼ਮੀਰ ਵਾਦੀ ਵਿੱਚ ਅੱਜ ਦਿਨ ਵੇਲੇ ਪਾਬੰਦੀਆਂ ਤੋਂ ਰਾਹਤ ਜਾਰੀ ਰਹੀ। ਪ੍ਰਸ਼ਾਸਨ ਵੱਲੋਂ ਅੱਠਵੀਂ ਜਮਾਤ ਤਕ ਸਕੂਲ ਖੋਲ੍ਹਣ ਦੇ ਹੁਕਮਾਂ ਦੇ ਬਾਵਜੂਦ ਵਿਦਿਆਰਥੀ ਹਾਲਾਂਕਿ ਸਕੂਲਾਂ ਤੋਂ ਦੂਰ ਹੀ ਰਹੇ। ਨਿੱਜੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਨਾਂ-ਮਾਤਰ ਰਹੀ। ਸ਼ਹਿਰ ਦੇ ਉਪਰੀ ਹਿੱਸੇ ਤੇ ਸਿਵਲ ਲਾਈਨ ਖੇਤਰਾਂ ’ਚ ਲੱਗੇ ਬੈਰੀਕੇਡ ਹਟਾ ਲਏ ਗਏ ਹਨ, ਪਰ ਅਮਨ ਤੇ ਕਾਨੂੰਨ ਦੀ ਬਹਾਲੀ ਲਈ ਸਲਾਮਤੀ ਦਸਤਿਆਂ ਦੀ ਤਾਇਨਾਤੀ ਜਿਉਂ ਦੀ ਤਿਉਂ ਬਰਕਰਾਰ ਹੈ। ਸ੍ਰੀਨਗਰ ਸ਼ਹਿਰ ਦੇ ਐਨ ਵਿਚਾਲੇ ਲਾਲ ਚੌਕ ਦੇ ਕਲੌਕ ਟਾਵਰ ਦੁਆਲੇ ਕੀਤੀ ਘੇਰਾਬੰਦੀ ਵੀ 15 ਦਿਨਾਂ ਮਗਰੋਂ ਉਥੋਂ ਹਟਾ ਲਈ ਗਈ ਸੀ। ਪ੍ਰਮੁੱਖ ਸਕੱਤਰ (ਯੋਜਨਾ ਤੇ ਵਿਕਾਸ) ਰੋਹਿਤ ਕਾਂਸਲ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ ਦੇ ਕੁੱਲ 197 ਪੁਲੀਸ ਸਟੇਸ਼ਨਾਂ ’ਚੋਂ 136 ਅਧੀਨ ਆਉਂਦੇ ਖੇਤਰਾਂ ’ਚੋਂ ਦਿਨ ਵੇਲੇ ਦੀਆਂ ਪਾਬੰਦੀਆਂ ਹਟਾ ਲਈਆਂ ਗਈਆਂ ਹਨ। ਸਰਕਾਰੀ ਟਰਾਂਸਪੋਰਟ ਵਿੱਚ ਵੀ ਰਾਹਤ ਦਿੱਤੀ ਗਈ ਹੈ ਤੇ ਅੰਤਰ ਜ਼ਿਲ੍ਹਾ ਟਰਾਂਸਪੋਰਟ ਆਮ ਵਾਂਗ ਕੰਮ ਕਰਨ ਲੱਗੀ ਹੈ। ਸ੍ਰੀਨਗਰ-ਜੰਮੂ ਕੌਮੀ ਮਾਰਗ ਤੇ ਸ੍ਰੀਨਗਰ ਹਵਾਈ ਅੱਡਾ ਵੀ ਆਮ ਵਾਂਗ ਕੰਮ ਕਰ ਰਹੇ ਹਨ। ਸਰਕਾਰੀ ਤਰਜਮਾਨ ਨੇ ਕਿਹਾ ਕਿ 73 ਹਜ਼ਾਰ ਦੇ ਕਰੀਬ ਲੈਂਡਲਾਈਨ ਟੈਲੀਫੋਨ ਚਾਲੂ ਕਰ ਦਿੱਤੇ ਗਏ ਹਨ ਜਦੋਂ ਕਿ ਬਾਕੀ ਬਚਦੇ 20 ਹਜ਼ਾਰ ਲੈਂਡਲਾਈਨ ਵੀ ਜਲਦੀ ਹੀ ਚਾਲੂ ਹੋ ਜਾਣਗੇ। ਉਂਜ ਵਾਦੀ ਵਿੱਚ ਅੱਜ ਬਾਜ਼ਾਰ ਬੰਦ ਰਹੇ।
HOME ਬਾਰਾਮੂਲਾ ਮੁਕਾਬਲੇ ’ਚ ਲਸ਼ਕਰ ਦਾ ਦਹਿਸ਼ਤਗਰਦ ਹਲਾਕ