ਸੰਤ ਸੀਚੇਵਾਲ ਦੀ ਅਗਵਾਈ ਹੇਠ ਇਲਾਕਿਆਂ ਦੀਆਂ ਸੰਗਤਾਂ ਤੇ ਜੱਥੇਬੰਦੀਆਂ ਨੇ ਲਿਆ ਹਿੱਸਾ
ਇਤਿਹਾਸਿਕ ਸ਼ਹਿਰ ਤੇ ਪਵਿੱਤਰ ਵੇਈਂ ਨੂੰ ਸਾਫ਼-ਸੁਥਰਾ ਰੱਖਣਾ ਸਾਡਾ ਸਾਰਿਆਂ ਦਾ ਮੱੁਢਲਾ ਫਰਜ਼:- ਸੰਤ ਸੀਚੇਵਾਲ
ਸੁਲਤਾਨਪੁਰ ਲੋਧੀ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) :ਬਾਬੇ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ਨੂੰ ਸਾਫ਼-ਸੁਥਰਾ ਤੇ ਹਰਿਆ-ਭਰਿਆ ਬਣਾਉਣ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਤਲਵੰਡੀ ਚੌਧਰੀਆਂ ਪੁੱਲ ਤੋਂ ਕਾਰ ਸੇਵਾ ਦਾ ਆਗਾਜ਼ ਕੀਤਾ। ਤਲਵੰਡੀ ਪੁੱਲ ਤੋਂ ਰੈਸਟ ਹਾਊਸ ਤੇ ਨਿਰਮਲ ਕੁਟੀਆ ਤੱਕ ਪਵਿੱਤਰ ਵੇਈਂ ਦੇ ਦੋਵੇਂ ਪਾਸੇ ਦੇ ਘਾਟਾਂ ਦੀ ਸਫਾਈ ਕੀਤੀ ਗਈ। ਇਸ ਕਾਰ ਸੇਵਾ ਵਿੱਚ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਦੀ ਟੀਮ, ਸ਼ਹਿਰ ਵਾਸੀ, ਗਿੱਦੜਪਿੰਡੀ ਤੇ ਮਾਲਵੇ ਦੇ ਪਿੰਡਾਂ ਦੇ ਨੌਜਵਾਨ ਅਤੇ ਪਿੰਡ ਤਲਵੰਡੀ ਮਾਧੋ, ਕੋਟਲਾ ਹੇਰਾਂ, ਸ਼ੇਰਪੁਰ ਦੋਨਾ ਤੋਂ ਸੇਵਾਦਾਰਾਂ ਨੇ ਇਸ ਸਫਾਈ ਮੁਹਿੰਮ ਵਿੱਚ ਹਿੱਸਾ ਲਿਆ। ਸਫ਼ਾਈ ਦੀ ਇਹ ਮੁਹਿੰਮ ਸਵੇਰੇ 6 ਵਜੇ ‘ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ’ ਦੇ ਆਸ਼ੇ ਅਨੁਸਾਰ ਸ਼ੁਰੂ ਕੀਤੀ ਗਈ ਸੀ।
ਸਫ਼ਾਈ ਦੀ ਇਸ ਅਨੂਠੀ ਕਾਰ ਸੇਵਾ ਵਿੱਚ ਸ਼ਾਮਿਲ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਿਆ ਸੰਤ ਸੀਚੇਵਾਲ ਜੀ ਨੇ ਕਿਹਾ ਕਿ ਬਾਬੇ ਨਾਨਕ ਦੀ ਇਤਿਹਾਸਕ ਨਗਰੀ ਦੀ ਸਾਫ਼-ਸਫ਼ਾਈ ਤੇ ਸੁੰਦਰਤਾ ਦੀ ਗੂੰਜ ਸਾਰੀ ਦੁਨੀਆਂ ਵਿੱਚ ਪੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆ ਰਹੇ 400 ਸਾਲਾਂ ਪ੍ਰਕਾਸ਼ ਪੁਰਬ ਮੌਕੇ ‘ਤੇ ਇਸ ਇਤਿਹਾਸਕ ਨਗਰੀ ਨੂੰ ਸੰਗਤ ਦੀ ਸ਼ਾਮੂਲੀਅਤ ਨਾਲ ਸਾਫ਼-ਸੁਥਰਾ ਤੇ ਸੁੰਦਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਆਲੇ-ਦੁਆਲੇ ਦੇ ਇਲਾਕੇ ਦੀਆਂ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਬਾਬੇ ਨਾਨਕ ਦੀ ਨਗਰੀ ਨੂੰ ਸਾਫ਼-ਸੁਥਰਾ ਰੱਖਣ ਲਈ ਅੱਗੇ ਆਉਣ। ਸਾਲ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਮਨਾਇਆ ਗਿਆ ਸੀ ਜਿਸ ਵਿੱਚ ਦੇਸ਼-ਵਿਦੇਸ਼ ਤੋਂ ਵੀ ਸੰਗਤਾਂ ਆਈਆਂ ਸਨ। ਸਾਲ 2021 ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਤਾਬਦੀ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਪਵਿੱਤਰ ਸ਼ਹਿਰ ਅਤੇ ਪਵਿੱਤਰ ਵੇਈਂ ਨੂੰ ਪ੍ਰਦੂਸ਼ਣ ਮੁਕਤ ਰੱਖਣਾ ਸਾਡਾ ਸਾਰਿਆਂ ਦਾ ਮੱਢਲਾ ਫਰਜ਼ ਬਣਦਾ ਹੈ। ਸਫ਼ਾਈ ਦੇ ਨਾਲ ਨਾਲ ਆਪਣੇ ਸ਼ਹਿਰ ਨੂੰ ਹਰ ਘਰ, ਹਰ ਦੁਕਾਨ ਅੱਗੇ ਬੂਟੇ ਲਾ ਹਰਿਆਵਲ ਭਰਪੂਰ ਬਣਾਉਣ ਵਿੱਚ ਸੰਗਤਾਂ ਸਹਿਯੋਗ ਕਰਨ। ਉਨ੍ਹਾ ਸੰਗਤਾਂ ਨੂੰ ਅਪੀਲ ਕੀਤੀ ਕਿ ਪਵਿੱਤਰ ਵੇਈਂ ਸਾਡੇ ਸ਼ਹਿਰ ਦੀ ਧਰੋਹਰ ਹੈ ਇਸ ਵਿੱਚ ਕੋਈ ਵੀ ਰਹਿੰਦ ਖੂੰਹਦ ਨਾ ਸੁੱਟੀ ਜਾਵੇ।
ਇਸ ਮੌਕੇ ਪ੍ਰੈਸ ਕਲੱਬ ਦੇ ਪ੍ਰਧਾਨ ਸੁਰਿੰਦਰ ਸਿੰਘ ਬੱਬੂ ਨੇ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਸੁਲਤਾਨਪੁਰ ਲੋਧੀ ਨੂੰ ਜ਼ਮੀਨੀ ਪੱਧਰ ‘ਤੇ ਪਵਿੱਤਰਤਾ ਬਹਾਲ ਕਰਕੇ ਇਸ ਨਗਰੀ ਨੂੰ ਪਵਿੱਤਰਤਾ ਦਾ ਦਰਜ਼ਾ ਦਵਾਇਆ ਹੈ। 21 ਸਾਲ ਤੋਂ ਲਗਾਤਾਰ ਦ੍ਰਿੜ ਨਿਸ਼ਚੈ ਨਾਲ ਕਾਰ ਸੇਵਾ ਕਰਕੇ ਸੰਤ ਸੀਚੇਵਾਲ ਜੀ ਨੇ ਪਵਿੱਤਰ ਵੇਈਂ ਅਤੇ ਸ਼ਹਿਰ ਦੀ ਕਾਇਆ ਕਲਪ ਕਰਕੇ ਇਸ ਇਲਾਕੇ ਦਾ ਮਾਣ ਦੁਨੀਆਂ ਭਰ ਵਿੱਚ ਵਧਾਇਆ ਹੈ।
ਇਸ ਮਹਾਨ ਕਾਰ ਸੇਵਾ ਵਿੱਚ ਪ੍ਰੈਸ ਕਲੱਬ ਦੀ ਸਾਰੀ ਟੀਮ ਨੂੰ ਵੀ ਕਾਰ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਇਸ ਮੌਕੇ ਅਜੀਤ ਸਿੰਘ ਸੋਨਾਲੀਕਾ ਏਜੰਸੀ ਦੇ ਮਾਲਕ ਵੀ ਟਰੈਕਟਰ ਟਰਾਲੀ ਲੈ ਕੇ ਇਸ ਕਾਰ ਸੇਵਾ ਵਿੱਚ ਸ਼ਾਮਿਲ ਹੋਏ। ਰਾਜਾ ਸੁਲਤਾਨਪੁਰ ਲੋਧੀ ਅਤੇ ਉਨ੍ਹਾਂ ਦੀ ਟੀਮ, ਗੱਤਕਾ ਕੋਚ ਗੁਰਵਿੰਦਰ ਕੌਰ, ਜਸਵੰਤ ਸਿੰਘ, ਗੁਰਵਿੰਦਰ ਸਿੰਘ ਬੋਪਾਰਾਏ, ਅਮਰੀਕ ਸਿੰਘ ਸੰਧੂ, ਗੁਰਦੀਪ ਸਿੰਘ ਹੇਅਰ, ਸਤਨਾਮ ਸਿੰਘ ਸਾਧੀ, ਸੁਖਜੀਤ ਸਿੰਘ, ਕੁਲਦੀਪ ਸਿੰਘ, ਪ੍ਰਦੀਪ ਕੰਗ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਬੱਚੇ ਕਾਰ ਸੇਵਾ ਵਿੱਚ ਸ਼ਾਮਿਲ ਹੋਏ।