ਬਾਬੁਲ ਸੁਪ੍ਰਿਓ ਨਾਲ ਬਦਸਲੂਕੀ ਦੇ ਰੋਸ ਵਜੋਂ ਭਾਜਪਾ ਵੱਲੋਂ ਰੋਸ ਰੈਲੀ

ਜਾਧਵਪੁਰ ਯੂਨੀਵਰਸਿਟੀ ਵਿੱਚ ਬੀਤੇ ਦਿਨ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਓ ’ਤੇ ਹੋਏ ਹਮਲੇ ਦੇ ਰੋਸ ਵਜੋਂ ਅੱਜ ਭਾਰਤੀ ਜਨਤਾ ਪਾਰਟੀ ਨੇ ਸ਼ਹਿਰ ਵਿੱਚ ਰੋਸ ਰੈਲੀ ਕੀਤੀ। ਕੇਂਦਰੀ ਕੋਲਕਾਤਾ ਸਥਿਤ ਭਾਜਪਾ ਦੇ ਹੈਡਕੁਆਰਟਰ ਤੋਂ ਸ਼ੁਰੂ ਹੋਈ ਇਸ ਰੈਲੀ ਦੀ ਅਗਵਾਈ ਸੀਨੀਅਰ ਭਾਜਪਾ ਆਗੂਆਂ ਸਯੰਤਨ ਬਾਸੂ ਤੇ ਰਾਜੂ ਬੈਨਰਜੀ ਨੇ ਕੀਤੀ। ਰੈਲੀ ਦੌਰਾਨ ਭਾਜਪਾ ਵਰਕਰਾਂ ਨੇ ਹਮਲੇ ਦੀ ਨਿੰਦਾ ਕੀਤੀ ਤੇ ਸੁਪ੍ਰਿਓ ਨਾਲ ਦੁਰਵਿਹਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਬਾਸੂ ਨੇ ਕਿਹਾ ਕਿ ਬੀਤੇ ਦਿਨ ਦੀ ਘਟਨਾ ਨੂੰ ਸੀਪੀਐੱਮ ਅਤੇ ਟੀਐੱਮਸੀ ਨੇ ਮਿਲ ਕੇ ਅੰਜਾਮ ਦਿੱਤਾ ਹੈ। ਇਸੇ ਦੌਰਾਨ ਪੱਛਮੀ ਬੰਗਾਲ ’ਚ ਭਾਜਪਾ ਪ੍ਰਧਾਨ ਦਿਲੀਪ ਘੋਸ਼ ਨੇ ਦੋਸ਼ ਲਗਾਇਆ, ‘ਜਾਦਵਪੁਰ ਯੂਨੀਵਰਸਿਟੀ ਦੇਸ਼ ਵਿਰੋਧੀਆਂ ਤੇ ਕਮਿਊਨਿਸਟਾਂ ਦਾ ਗੜ੍ਹ ਬਣ ਚੁੱਕੀ ਹੈ ਅਤੇ ਸਾਡਾ ਕਾਡਰ ਇਸ ਗੜ੍ਹ ਨੂੰ ਤਬਾਹ ਕਰਨ ਲਈ ਬਾਲਾਕੋਟ ਵਰਗੀ ਸਰਜੀਕਲ ਸਟ੍ਰਾਈਕ ਕਰੇਗਾ।’ ਦੂਜੇ ਪਾਸੇ ਫਿਲਮ ਨਿਰਦੇਸ਼ਕਾ ਅਪਰਨਾ ਸੇਨ ਸਮੇਤ ਸ਼ਹਿਰ ਦੇ ਬੁੱਧੀਜੀਵੀਆਂ ਨੇ ਇਸ ਘਟਨਾ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਸਲੀਕੇ ਨਾਲ ਆਪਣਾ ਰੋਸ ਜ਼ਾਹਿਰ ਕਰਨਾ ਚਾਹੀਦਾ ਹੈ ਤੇ ਦੇਸ਼ ਦੇ ਮਾਹੌਲ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ।

Previous articleCongress appoints ex-journalist as spokesperson
Next articleTrump hosts Australian PM for lavish WH state dinner