ਬਾਬਾ ਬਕਾਲਾ ’ਚ ਨਿਹੰਗ ਪੂਹਲਾ ਦੇ ਡੇਰੇ ’ਤੇ ਹਮਲਾ

ਰਈਆ (ਸਮਾਜਵੀਕਲੀ) :  ਮਰਹੂਮ ਨਿਹੰਗ ਅਜੀਤ ਸਿੰਘ ਪੂਹਲਾ ਦੇ ਬਾਬਾ ਬਕਾਲਾ ਡੇਰੇ ’ਤੇ ਅੱਜ ਤੜਕੇ ਸਾਢੇ ਕੁ ਤਿੰਨ ਵਜੇ ਦੇ ਕਰੀਬ ਕਬਜ਼ਾ ਕਰਨ ਦੀ ਨੀਅਤ ਨਾਲ ਨਿਹੰਗ ਰਣਜੀਤ ਸਿੰਘ ਰਣੀਆ ਵੱਲੋਂ ਹਮਲਾ ਕੀਤਾ ਗਿਆ ਜਿਸ ਵਿੱਚ ਦੋਵਾਂ ਧਿਰਾਂ ਵਿਚਾਲੇ ਗੋਲੀਆਂ ਚੱਲਣ ਨਾਲ ਤਿੰਨ ਨਿਹੰਗ ਸਿੰਘਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਇਸ ਘਟਨਾ ਤੋਂ ਬਾਅਦ ਡੀਐੱਸਪੀ ਬਾਬਾ ਬਕਾਲਾ ਹਰਕਿਸ਼ਨ ਸਿੰਘ ਅਤੇ ਐੱਸਐੱਚਓ ਕਿਰਨਦੀਪ ਸਿੰਘ ਬਿਆਸ ਭਾਰੀ ਪੁਲੀਸ ਫੋਰਸ ਨਾਲ ਘਟਨਾ ਸਥਾਨ ’ਤੇ ਪੁੱਜ ਗਏ ਅਤੇ ਪੁਲੀਸ ਨੇ ਨਿਹੰਗ ਰਣਜੀਤ ਸਿੰਘ ਰਣੀਆ ਅਤੇ ਉਸ ਦੇ ਹੋਰਨਾਂ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦਾਖਲ ਕਰਵਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਅੰਮ੍ਰਿਤਸਰ ਰੈੱਫ਼ਰ ਕਰ ਦਿੱਤਾ ਗਿਆ। ਇਹ ਵੀ ਪਤਾ ਲੱਗਾ ਹੈ ਕਿ ਇਕ ਨਿਹੰਗ ਸਿੰਘ ਦੀ ਮੌਤ ਹੋ ਗਈ ਹੈ ਪਰ ਇਸ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਨਿਹੰਗ ਰਣਜੀਤ ਸਿੰਘ ਰਣੀਆ ਪੁੱਤਰ ਨਾਜਰ ਸਿੰਘ, ਵਾਸੀ ਬਸਰਾਵਾਂ (ਗੁਰਦਾਸਪੁਰ) ਨੇ ਆਪਣੇ ਹੋਰਨਾਂ ਸਾਥੀਆਂ ਸਮੇਤ ਮਰਹੂਮ ਨਿਹੰਗ ਅਜੀਤ ਸਿੰਘ ਪੂਹਲਾ ਦੇ ਬਾਬਾ ਬਕਾਲਾ ਸਾਹਿਬ ਡੇਰੇ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ। ਇਸ ’ਤੇ ਦੋਵਾਂ ਧਿਰਾਂ ਵਿੱਚ ਚੱਲੀ ਗੋਲੀ ਦੌਰਾਨ ਤਿੰਨ ਨਿਹੰਗ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਰਣਜੀਤ ਸਿੰਘ ਰਣੀਆ ਸਮੇਤ 7-8 ਹੋਰ ਨਿਹੰਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਬਾਅਦ ਵਿੱਚ ਐੱਸਪੀਡੀ ਸ਼ੈਲਿੰਦਰ ਸ਼ੈਲੀ ਵੀ ਮੌਕੇ ’ਤੇ ਪੁੱਜੇ। ਡੀਐੱਸਪੀ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਪੁਲੀਸ ਨੇ ਨਿਹੰਗ ਅਜੀਤ ਸਿੰਘ ਪੂਹਲਾ ਦੇ ਭਣੇਵੇਂ ਦਿਲਪ੍ਰੀਤ ਸਿੰਘ ਡਿੰਪੀ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਹਮਲਾ ਕਰਨ ਆਏ ਨਿਹੰਗਾਂ ਦੇ ਤਿੰਨ ਸਾਥੀ ਜ਼ਖ਼ਮੀ ਹਨ। ਇੱਕ ਵਿਅਕਤੀ ਦੀ ਮੌਤ ਸਬੰਧੀ ਕੋਈ ਵੀ ਸਪੱਸ਼ਟ ਜਾਣਕਾਰੀ ਨਹੀਂ ਮਿਲੀ ਕਿਉਂਕਿ ਕਿਸੇ ਵਿਅਕਤੀ ਦੀ ਨਾ ਹੀ ਲਾਸ਼ ਮਿਲੀ ਹੈ ਅਤੇ ਨਾ ਹੀ ਪੁਲੀਸ ਨੂੰ ਕੋਈ ਲਿਖਤੀ ਸ਼ਿਕਾਇਤ ਮਿਲੀ ਹੈ। ਪੁਲੀਸ ਨੂੰ ਲਿਖਤੀ ਸ਼ਿਕਾਇਤ ਮਿਲਣ ’ਤੇ ਕਾਰਵਾਈ ਕੀਤੀ ਜਾਵੇਗੀ।

Previous articleਢੀਂਡਸਾ ਵੱਲੋਂ ਨਵੀਂ ਪਾਰਟੀ ਦਾ ਐਲਾਨ ਅੱਜ
Next articleਭੁੱਖ ਹੜਤਾਲ ’ਤੇ ਬੈਠੇ ਬੰਦੀ ਸਿੰਘਾਂ ਦੀ ਸਿਹਤ ਵਿਗੜਨ ਲੱਗੀ