(ਸਮਾਜ ਵੀਕਲੀ)
ਭਾਗ – ਦੂਜਾ
ਕਦੇ ਹੱਸ ਵੇ ਮਨਾ, ਕਦੇ ਖੇਡ ਵੇ ਮਨਾ ।
ਇਸ ਜੱਗ ਨਹੀਂ ਆਉਣਾ, ਮੁੜ ਫੇਰ ਵੇ ਮਨਾ ।
ਕਦੇ ਚੰਦਰੀ ਮਿਟੀ ਦੇ ਉੱਤੇ ਤੇ ਕਦੇ ਹੇਠ ਵੇ ਮਨਾ ।
ਇਹ ਜੱਗ ਚਰਖੇ ਦਾ ਗੇੜ ਵੇ ਮਨਾ ।
ਕੰਵਲ ਦੀਆ ਉਕਤ ਕਾਵਿ ਪੰਗਤੀਆਂ ਹਮੇਸ਼ਾ ਹੀ ਮੇਰੇ ਮਨ ਮਸਤਕ ਵਿਚ ਗੂੰਜਦੀਆ ਰਹਿੰਦੀਆ ਹਨ ਤੇ ਗਾਹੇ ਵਗਾਹੇ ਮੈ ਇਹਨਾਂ ਨੂੰ ਉਚੀ ਅਵਾਜ ਚ ਗੁਣ ਗੁਣਾਉਂਦਾ ਵੀ ਰਹਿੰਦਾ ਹਾਂ । ਇਹ ਪੰਕਤੀਆਂ ਜਿਥੇ ਜਿੰਦਗੀ ਦੇ ਅਸਲ ਮਾਅਨਿਆ ਵੱਲ ਸੰਕੇਤ ਕਰਦੀਆ ਹਨ ਉਥੇ ਜਿੰਦਗੀ ਦੇ ਅੰਤਿਮ ਸੱਚ ਨੂੰ ਵੀ ਬਹੁਤ ਸੁੰਦਰ ਤਰੀਕੇ ਨਾਲ ਰੂਪਮਾਨ ਕਰਦੀਆਂ ਹਨ ।
ਬਾਬੇ ਕੰਵਲ ਦੇ ਬਾਰੇ ਕੱਲ੍ਹ ਚਰਚਾ ਕੀਤੀ ਸੀ ਕਿ ਉਸ ਬਾਰੇ ਊਲ ਜਲੂਲ ਲਿਖਣ ਵਾਲਿਆ ਨੂੰ ਇਹ ਚੰਗੀ ਤਰਾਂ ਸਮਝ ਲੈਣਾ ਚਾਹੀਦਾ ਹੈ ਕਿ ਚੰਦ ‘ਤੇ ਥੁਕਿਆ ਆਪਣੇ ਹੀ ਮੂੰਹ ‘ਤੇ ਡਿਗਦਾ ਹੈ । ਜਸਵੰਤ ਸਿੰਘ ਕੰਵਲ ਬਾਰੇ ਬੇਥਵੀਆਂ ਮਾਰਨ ਵਾਲੇ ਆਪਣੀ ਹੀ ਅਕਲ ਦੀ ਦੀਵਾਲੀਆਪਨ ਜਾਹਿਰ ਕਰਕੇ ਆਪਣੀ ਮਿੱਟੀ ਆਪੇ ਹੀ ਪੁਲੀਤ ਕਰੀ ਜਾ ਰਹੇ ਹਨ, ਸੋ ਕਿਸੇ ਹੋਰ ਨੂੰ ਉਹਨਾਂ ਬਾਰੇ ਕੁਝ ਵੀ ਕਰਨ ਦੀ ਜਰੂਰਤ ਨਹੀਂ । ਕੁੱਕੜ ਖੇਹ ਉਡਾਊ ਤੇ ਆਪਣੇ ਹੀ ਸਿਰ ਪਾਊ ਵਾਂਗ ਉਹ ਆਪਣੀ ਓਕਾਤ ਦਿਖਾ ਰਹੇ ਹਨ, ਸਾਨੂੰ ਉਹਨਾ ਵੱਲ ਧਿਆਨ ਦੇਣ ਦੀ ਲੋੜ ਨਹੀਂ ।
ਗੱਲ ਅੱਗੇ ਤੋਰਦੇ ਹਾਂ । ਜਿਹਨਾ ਨੇ ਕੰਵਲ ਦੀਆ ਲਿਖਤਾਂ ਨੀਝ ਨਾਲ ਪੜ੍ਹੀਆ ਹਨ ਉਹਨਾ ਨੂੰ ਕੰਵਲ ਬਾਰੇ ਪਤਾ ਹੈ ਕਿ ਕੰਵਲ, ਸਚਮੁਚ ਹੀ ਕੰਵਲ ਹੈ । ਮੈ ਜਦ ਵੀ ਕੰਵਲ ਵਰਗੇ ਸੂਝਵਾਨ ਲਿਖਾਰੀ ਨੂੰ ਪੜ੍ਹਦਾ ਹਾਂ ਤਾਂ ਇਕ ਗੱਲ ਜਰੂਰ ਕਰਦਾ ਹਾਂ ਕਿ ਜੋ ਗੱਲਾਂ ਮੇਰੇ ਮਨ ਮਸਤਕ ਨੂੰ ਟੁੰਬਦੀਆਂ ਹਨ, ਮੈਂ ਉਹਨਾਂ ਨੂੰ ਹੂ ਬ ਹੂ ਡਾਇਰੀ ਕਰ ਲੈਂਦਾ ਹਾਂ । ਕੰਵਲ ਦੇ ਨਾਵਲਾਂ ਤੇ ਲੇਖਾਂ ਬਾਰੇ ਵੀ ਮੈਂ ਏਹੀ ਪਹੁੰਚ ਅਪਣਾਈ । ਹੇਠਾਂ ਕੰਵਲ ਦੀਆਂ ਲਿਖਤਾਂ ਚੋਂ ਨੋਟ ਕੀਤੀਆਂ ਕੁਝ ਕੁ ਤਲਖ ਸਚਾਈਆਂ ਪੇ਼ਸ਼ ਕਰ ਰਿਹਾ ਹਾਂ । ਆਸ ਹੈ ਆਪ ਨੂੰ ਪਸੰਦ ਆਉਣਗੀਆਂ :
⁃ ਗੋਡਿਆਂ ਚ ਸਿਰ ਦੇਣ ਵਾਲਿਆਂ ਨੂੰ ਕਦੇ ਵੀ ਮੰਜਿਲ ਨਹੀਂ ਮਿਲੀ ਤੇ ਤਾਰੀਖੀ ਲਾਹਨਤ ਹਮੇਸ਼ਾ ਉਹਨਾਂ ਨੂੰ ਸਿਵਿਆਂ ਦੇ ਰਾਹ ਪਾਊਂਦੀ ਹੈ ।
⁃ ਜਿਹਨਾਂ ਕੌਮਾਂ ਦੇ ਆਗੂ ਅਨਾੜੀ ਤੇ ਲਾਈਲਗ ਹੋਣ, ਉਹ ਸਦਾ ਗੁਲਾਮ ਤੇ ਜਿਸ ਕੌਮ ਦੇ ਮੋਹਰੀ ਗਦਾਰ ਹੋਣ, ਉਹ ਕੌਮਾਂ ਤਾਰੀਖੀ ਸਫੇ ਤੋਂ ਹੇਠਾਂ ਲਹਿ ਜਾਂਦੀਆਂ ਹਨ ।
⁃ ਪੰਛੀ ਦੋ ਪਰਾਂ ਨਾਲ ਉਡਦਾ ਹੈ ਤੇ ਆਪਣੇ ਕਾਰ ਵਿਹਾਰ ਸਕਾਰਥ ਕਰਦਾ ਹੈ । ਇਸੇ ਤਰਾਂ ਹੀ ਮਨੁੱਖ ਧਰਮ ਅਤੇ ਕਰਮ ਨਾਲ ਚੜ੍ਹਦੀਕਲਾ ਚ ਰਹਿ ਸਕਦਾ ਹੈ । ਧਰਮ ਬਿਨਾ ਕਰਮ ਵੀ ਰਸਹੀਣ ਹੈ ਪਰ ਕਰਮ ਬਿਨਾਂ ਧਰਮ ਵੀ ਵਧ ਫੁਲ ਨਹੀ ਸਕਦਾ । ਇਹ ਦੋਵੇ ਮਨੁੱਖ ਦਾ ਸੱਜਾ ਤੇ ਖੱਬਾ ਮੋਢਾ ਹਨ ।
⁃ ਵਿਹਲੜ ਕੌਮਾਂ ਤਾਰੀਖ ਦੇ ਗਲਤ ਹਰਫਾਂ ਵਾਂਗ ਸਦਾ ਲਈ ਮਿਟ ਜਾਂਦੀਆ ਹਨ ।
⁃ ਗਲਤ ਜਜਬਾਤਾਂ ਦੀ ਸੋਚ ਦਾ ਕੈਂਸਰ ਸਰੀਰ ਨੂੰ ਖਾ ਜਾਂਦਾ ਹੈ, ਜਿਵੇਂ ਲੱਕੜ ਨੂੰ ਸਿਊਂਕ ਤੇ ਘੁਣ ।
⁃ ਸਾਹਿਤ ਤੇ ਰਾਜਨੀਤੀ ਚ ਵਿਰੋਧ ਰਿਹਾ ਹੈ । ਸਾਹਿਤ ਪਿਆਰ ਦੀ ਕਲਾ ਪਰੇਰਨਾ ਨਾਲ ਪਾਠਕ ਨੂੰ ਜਿੰਦਗੀ ਦੇ ਰਾਹ ਪਾਊਂਦਾ ਹੈ ਅਤੇ ਰਾਜਨੀਤੀ ਨੇ ਜਿੰਦਗੀ ਨੂੰ ਨੂੜ ਕੁੱਟ ਕੇ ਆਪਣੇ ਮਗਰ ਲਾਇਆ ਹੈ । ਸਾਹਿਤਕਾਰ ਨੇ ਜਿੰਦਗੀ ਨੂੰ ਊਸਾਰਿਆ ਸਿੰਗਾਰਿਆ ਹੈ, ਰਾਜਨੀਤੀ ਹਮੇਸ਼ਾ ਧਕੜਸ਼ਾਹ ਰਹੀ ਹੈ ।
⁃ ਦੋਸਤ, ਜਿੰਦਗੀ ਦਾ ਇਕ ਨਰੋਇਆ ਕਿਰਦਾਰ ਹੈ, ਇਹ ਉਹ ਬੈਂਕ ਹੈ ਜਿਥੇ ਜਿੰਦਗੀ ਦੇ ਭੇਦ ਜਮ੍ਹਾ ਕੀਤੇ ਜਾਂਦੇ ਹਨ ।
⁃ ਸਾਦਗੀ ਕੁਦਰਤ ਦੀ ਪੁਸ਼ਾਕ ਹੈ । ਦੁੱਧ ਪੀਂਦੇ ਬੱਚੇ ਦੀ ਤਰਾਂ ਭੋਲੇ ਖਿਆਲ ਰੱਖਦੀ ਹੈ । ਸਮਾਂ ਤੇ ਸਰਮਾਇਆ ਦੋਵੇਂ ਬਚਾਂਦੀ ਹੈ ।
⁃ ਮੈਂ ਲਿਖਾਰੀ ਹਾਂ ਪਾਣੀ ਵਰਗਾ ਪਤਲਾ, ਕੂਲਾ, ਨਿਰਮਲ ਅਤੇ ਹਮੇਸ਼ਾ ਵਗਣ ਵਾਲਾ । ਜਿੰਦਗੀ ਚ ਅਕੇਵੇਂ ਥਕੇਂਵੇਂ ਆਉਂਦੇ ਹਨ ਜਿਵੇ ਪਿਆਰ ਚ ਗੁਸਾ ਤੇ ਨਿਹੋਰੇ, ਪਰ ਮੈਨੂੰ ਜੀਅ ਜਾਨ ਨਾਲ ਸੱਚ ਨੂੰ ਸਲਾਮ ਕਰਨ ਲਈ ਭੌਣਾ ਪੈਂਦਾ ਹੈ ।
⁃ ਬੱਚਿਆਂ ਦਾ ਕੋਮਲ ਹਿਰਦਾ ਗਮਲਾ ਹੈ, ਚਾਹੇ ਇਸ ਚ ਕੰਡੇਦਾਰ ਝਾੜੀਆਂ ਲਗਾ ਦਿਓ ਤੇ ਚਾਹੇ ਫੁੱਲਾਂ ਦੇ ਪੌਦੇ ।
⁃ ਪਿਆਰ ਦੀ ਤਾਸੀਰ ਫੁੱਲ ਵਰਗੀ ਹੁੰਦੀ ਹੈ ਜਿਹੜਾ ਨਾ ਬੋਲਣ ‘ਤੇ ਵੀ ਆਪਂਣੀ ਸੁਗੰਧੀ ਘੁਟਕੇ ਨਹੀਂ ਰੱਖ ਸਕਦਾ ।
⁃ ਜਿੰਨਾ ਕੋਈ ਬਹੁਤਾ ਅਮੀਰ ਓਨਾ ਹੀ ਬਹੁਤਾ ਫਿਕਰਮੰਦ ।
⁃ ਤਜਰਬਾ ਮਨੁੱਖ ਦੇ ਅਮਲਾਂ ਚ ਹਕੀਕਤ ਦੀਆਂ ਵਾਛਾਂ ਖੋਹਲਦਾ ਹੈ ਤੇ ਭੁਲੇਖਿਆ ਦੇ ਆਖਰੀ ਕੱਚੇ ਤੰਦਾਂ ਨੂੰ ਵੀ ਤੋੜ ਸੁਟਦਾ ਹੈ ।
⁃ ਦੋ ਕਿਨਾਰੇ ਕਦੇ ਵੀ ਨਹੀ ਮਿਲਦੇ ਪਰ ਪਾਣੀ ਦੀ ਸਾਂਝ ਉਹਨਾਂ ਨੂੰ ਇਕ ਬਣਾਈ ਰੱਖਦੀ ਹੈ ।
⁃ ਯਾਦ, ਲੰਘ ਚੁੱਕੀਆ ਘੜੀਆਂ ਦਾ ਮਿੱਠਾ ਅਹਿਸਾਸ ਹੈ ।
⁃ ਹੰਝੂ ਉਹ ਵੱਟੇ ਹਨ ਜਿਹਨਾਂ ਨਾਲ ਪਿਆਰ ਤੋਲਿਆ ਜਾਂਦਾ ਹੈ ।
⁃ ਮਾਮੂਲੀ ਗੱਲਾਂ ਹੀ ਵਿਗੜਕੇ ਵੱਡੀਆਂ ਗਲਤੀਆਂ ਬਣ ਜਾਂਦੀਆ ਹਨ ਤੇ ਜਿੰਦਗੀ ਹਮੇਸ਼ਾ ਲਈ ਤਲਖ ਹੋ ਜਾਂਦੀ ਹੈ ।
⁃ ਮੁਸ਼ਕਲਾਂ ਤਾਂ ਹਰ ਮੋੜ ‘ਤੇ ਆਂਉਦੀਆਂ ਹਨ ਪਰ ਉਗਨਾਂ ਦਾ ਮੁਕਾਬਲਾ ਹਿੰਮਤ, ਸੂਝ, ਸਬਰ ਤੇ ਦਲੇਰੀ ਨਾਲ ਕਰਨਾ ਚਾਹੀਦਾ ਹੈ ।
⁃ ਖੁਸ਼ੀ ਉਹ ਬਹਾਰ ਹੈ, ਜਿਹੜੀ ਸੁਕੀਆਂ ਟਾਹਣੀਆਂ ਵਿਚੋਂ ਖੇੜਾ ਪੈਦਾ ਕਰਦੀ ਹੈ ।