ਬਾਬਰ ਆਜ਼ਮ ਦੀ 79 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਪਾਕਿਸਤਾਨ ਨੇ ਰਾਤ ਇੱਥੇ ਨਿਊਜ਼ੀਲੈਂਡ ਨੂੰ ਤੀਜੇ ਅਤੇ ਆਖ਼ਰੀ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ 47 ਦੌੜਾਂ ਨਾਲ ਹਰਾ ਕੇ ਲੜੀ ਵਿੱਚ 3-0 ਨਾਲ ਹੂੰਝਾ ਫੇਰ ਦਿੱਤਾ ਹੈ। ਟੀ-20 ਵਿੱਚ ਵਿਸ਼ਵ ਦੇ ਨੰਬਰ ਇੱਕ ਬੱਲੇਬਾਜ਼ 24 ਸਾਲਾ ਬਾਬਰ ਨੇ ਆਪਣੀ 58 ਗੇਂਦਾਂ ਦੀ ਪਾਰੀ ਵਿੱਚ ਸੱਤ ਚੌਕੇ ਅਤੇ ਦੋ ਛੱਕੇ ਮਾਰੇ, ਜਦਕਿ ਮੁਹੰਮਦ ਹਫ਼ੀਜ਼ ਨੇ 34 ਗੇਂਦਾਂ ’ਤੇ ਨਾਬਾਦ 53 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਪਾਕਿਸਤਾਨ ਨੇ ਤਿੰਨ ਵਿਕਟਾਂ ’ਤੇ 166 ਦੌੜਾਂ ਬਣਾਈਆਂ। ਬਾਬਰ ਇਸ ਦੌਰਾਨ ਟੀ-20 ਵਿੱਚ ਸਭ ਤੋਂ ਘੱਟ ਪਾਰੀਆਂ ਵਿੱਚ ਇੱਕ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲਾ ਬੱਲੇਬਾਜ਼ ਬਣਿਆ। ਉਸ ਨੇ ਸਿਰਫ਼ 26 ਪਾਰੀਆਂ ਵਿੱਚ ਇਹ ਉਪਲਬਧੀ ਹਾਸਲ ਕੀਤੀ। ਇਸ ਤਰ੍ਹਾਂ ਉਸ ਨੇ ਭਾਰਤ ਦੇ ਵਿਰਾਟ ਕੋਹਲੀ ਦਾ 27 ਪਾਰੀਆਂ ਦਾ ਰਿਕਾਰਡ ਤੋੜਿਆ। ਪਾਕਿਸਤਾਨ ਦੇ ਫ਼ਿਰਕੀ ਗੇਂਦਬਾਜ਼ਾਂ ਸ਼ਾਦਾਬ ਖ਼ਾਨ (30 ਦੌੜਾਂ ਦੇ ਕੇ ਤਿੰਨ ਵਿਕਟਾਂ) ਅਤੇ ਇਮਾਦ ਵਸੀਮ (28 ਦੌੜਾਂ ਦੇ ਕੇ ਦੋ ਵਿਕਟਾਂ) ਨੇ ਇਸ ਮਗਰੋਂ ਨਿਊਜ਼ੀਲੈਂਡ ਨੂੰ 16.5 ਓਵਰਾਂ ਵਿੱਚ 119 ਦੌੜਾਂ ’ਤੇ ਆਊਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਕੀਵੀ ਟੀਮ ਨੇ ਆਪਣੀਆਂ ਆਖ਼ਰੀ ਅੱਠ ਵਿਕਟਾਂ ਸਿਰਫ਼ 23 ਦੌੜਾਂ ਦੇ ਅੰਦਰ ਗੁਆ ਲਈਆਂ। ਪਾਕਿਸਤਾਨ ਨੇ ਲਗਾਤਾਰ ਦੂਜੀ ਲੜੀ ਵਿੱਚ ਹੂੰਝਾ ਫੇਰ ਦਿੱਤਾ। ਇਸ ਤੋਂ ਪਹਿਲਾਂ ਉਸ ਨੇ ਆਸਟਰੇਲੀਆ ਨੂੰ ਵੀ 3-0 ਨਾਲ ਹਰਾਇਆ ਸੀ।