ਬਾਦਲ ਵਲੋਂ ਮੋਦੀ ਦੀ ਲਿੰਕਨ ਨਾਲ ਤੁਲਨਾ

ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਚੋਣ ਸਰਗਰਮੀਆਂ ਨੂੰ ਹੋਰ ਤੇਜ਼ ਕਰਦਿਆਂ ਰੈਲੀਆਂ ਦਾ ਸਿਲਸਿਲਾ ਤੇਜ਼ ਕਰ ਦਿੱਤਾ ਹੈ। ਪਾਰਟੀ ਵੱਲੋਂ ਕਰਤਾਰਪੁਰ ਵਿਚ ਕੀਤੀ ਗਈ ਚੋਣ ਰੈਲੀ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਧੇ ਘੰਟੇ ਤੋਂ ਵੱਧ ਦਿੱਤੇ ਭਾਸ਼ਣ ਦੌਰਾਨ ਸਭ ਤੋਂ ਵੱਧ ਰਗੜੇ ਕਾਂਗਰਸ ਨੂੰ ਲਾਏ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਨੂੰ ਨਰਿੰਦਰ ਮੋਦੀ ਵਰਗੇ ਮਜ਼ਬੂਤ ਪ੍ਰਧਾਨ ਮੰਤਰੀ ਦੀ ਲੋੜ ਹੈ ਜਦਕਿ ਕਾਂਗਰਸ ਇਕ ਅਨਾੜੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਟਿੱਲ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਵਿਚ ਦੋ ਅਜਿਹੀਆਂ ਸ਼ਖ਼ਸੀਅਤਾਂ ਹਨ ਜਿਹੜੀਆਂ ਛੋਟੇ ਜਿਹੇ ਕੰਮਾਂ ਤੋਂ ਵੱਡੇ ਅਹੁਦਿਆਂ ਤੱਕ ਪਹੁੰਚੀਆਂ ਹਨ। ਉਨ੍ਹਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਇਬਰਾਹਿਮ ਲਿੰਕਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਛੋਟੇ ਜਿਹੇ ਘਰ ਤੋਂ ਵਾਈਟ ਹਾਊਸ ਤੱਕ ਪਹੁੰਚ ਗਏ ਸਨ। ਇਸੇ ਤਰ੍ਹਾਂ ਨਰਿੰਦਰ ਮੋਦੀ ਚਾਹ ਬਣਾਉਂਦੇ ਬਣਾਉਂਦੇ ਪਹਿਲਾਂ ਮੁੱਖ ਮੰਤਰੀ ਬਣੇ ਤੇ ਫਿਰ ਉਨ੍ਹਾਂ ਪ੍ਰਧਾਨ ਮੰਤਰੀ ਦਾ ਅਹੁਦਾ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਚਾਰ ਵਾਰ ਮੁੱਖ ਮੰਤਰੀ ਬਣ ਕੇ ਸ੍ਰੀ ਮੋਦੀ ਨੇ ਗੁਜਰਾਤ ਨੂੰ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਇਕ ਮਾਡਲ ਸੂਬੇ ਵਜੋਂ ਪੇਸ਼ ਕੀਤਾ ਹੈ। ਉਨ੍ਹਾਂ ਰਾਹੁਲ ਗਾਂਧੀ ਨੂੰ ਗੈਰ ਤਜ਼ਰਬੇਕਾਰ ਆਗੂ ਦੱਸਦਿਆਂ ਕਿਹਾ ਕਿ ਜੇ ਗੱਡੀ ਚਲਾਉਣੀ ਹੋਵੇ ਤਾਂ ਪਹਿਲਾਂ ਲਰਨਿੰਗ ਲਾਇਸੈਂਸ ਲੈਣਾ ਪੈਂਦਾ ਹੈ ਤੇ ਬਾਅਦ ਵਿਚ ਵੱਡੀ ਗੱਡੀ ਚਲਾਉਣ ਲਈ ਟੈਸਟ ਵੀ ਦੇਣਾ ਪੈਂਦਾ ਹੈ। ਉਸ ਵਿਚੋਂ ਪਾਸ ਹੋਣ ਦੀ ਸੂਰਤ ਵਿਚ ਹੀ ਪੱਕਾ ਲਾਇਸੈਂਸ ਮਿਲਦਾ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਸਵਾਲ ਖੜ੍ਹਾ ਕੀਤਾ ਕਿ ਜੇ ਬੱਸ ਚਲਾਉਣ ਲਈ ਲਾਇਸੈਂਸ ਤੇ ਤਜਰਬੇ ਦੀ ਲੋੜ ਪੈਂਦੀ ਹੈ ਤਾਂ ਏਡੇ ਵੱਡੇ ਮੁਲਕ ਦਾ ਪ੍ਰਧਾਨ ਮੰਤਰੀ ਬਣਨ ਲਈ ਤਜਰਬਾ ਚਾਹੀਦਾ ਹੈ। ਉਨ੍ਹਾਂ ਪੰਥਕ ਅਤੇ ਪੰਜਾਬ ਦੇ ਮੁੱਦਿਆਂ ਨੂੰ ਛੇੜਦਿਆਂ ਕਿਹਾ ਕਿ ਕਾਂਗਰਸ ਨੇ ਹਮੇਸ਼ਾਂ ਹੀ ਪੰਜਾਬ ਤੇ ਸਿੱਖਾਂ ਨਾਲ ਧੱਕਾ ਕੀਤਾ ਹੈ। ਪੰਜਾਬ ਦੇ ਪਾਣੀ, ਰਾਜਧਾਨੀ ਅਤੇ ਪੰਜਾਬੀ ਬੋਲਦੇ ਇਲਾਕੇ ਖੋਹੇ ਹਨ। ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ’ਤੇ ਟੈਂਕਾਂ ਤੇ ਤੋਪਾਂ ਨਾਲ ਹਮਲੇ ਕੀਤੇ ਹਨ। ਇਸ ਗੁਨਾਹ ਲਈ ਕਾਂਗਰਸ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ। ਚੋਣ ਲੜ ਰਹੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੇ ਵੀ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਰੱਜ ਕੇ ਕੋਸਿਆ। ਸ੍ਰੀ ਅਟਵਾਲ ਦੇ ਪੁੱਤਰ ਤੇ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ, ਜਿਹੜੇ ਕਿ ਚਰਨਜੀਤ ਸਿੰਘ ਅਟਵਾਲ ਚੋਣ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਹਨ, ਉਹ ਸਟੇਜ ਤੋਂ ਵਾਰ ਵਾਰ ਪੁਲੀਸ ਅਫਸਰਾਂ ਨੂੰ ਅਪੀਲਾਂ ਅਤੇ ਚਿਤਾਵਨੀ ਦੇ ਰਹੇ ਸਨ ਕਿ ਉਹ ਰੈਲੀ ਵਿਚ ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨ ਨਾ ਕਰਨ। ਸਟੇਜ ਤੋਂ ਵਾਰ ਵਾਰ ਅਫਸਰਾਂ ਦੇ ਨਾਂ ਲੈ ਕੇ ਇਹ ਸਾਰਾ ਕੁਝ ਕਿਹਾ ਜਾ ਰਿਹਾ ਸੀ। ਇਸ ਮੌਕੇ ਹਲਕਾ ਕਰਤਾਰਪੁਰ ਦੇ ਇੰਚਾਰਜ ਸੇਠ ਸੱਤਪਾਲ ਮੱਲ, ਜ਼ਿਲ੍ਹਾ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਗੁਰਦੇਵ ਕੌਰ ਸੰਘਾ, ਭਾਜਪਾ ਆਗੂ ਅਮਰਜੀਤ ਅਮਰੀ, ਸ਼੍ਰੋਮਣੀ ਕਮੇਟੀ ਦੇ ਮੈਂਬਰ ਰਣਜੀਤ ਸਿੰਘ ਕਾਹਲੋਂ, ਸਰਬਜੀਤ ਮੱਕੜ, ਗੁਰਜਿੰਦਰ ਸਿੰਘ ਭਤੀਜਾ, ਨਰੇਸ਼ ਅਗਰਵਾਲ, ਸੁਭਾਸ਼ ਸੋਂਧੀ, ਜਗਰੂਪ ਸਿੰਘ ਚੋਹਲਾ ਤੇ ਹੋਰ ਆਗੂ ਹਾਜ਼ਰ ਸਨ।

Previous articleਰਾਹੁਲ ਗਾਂਧੀ ਨੇ ਚੰਡੀਗੜ੍ਹ ਵਾਸੀਆਂ ਨੂੰ ਦਿਖਾਏ ਸਬਜ਼ਬਾਗ
Next articleਨੌਜਵਾਨ ਦੀ ਹਾਦਸੇ ’ਚ ਮੌਤ, ਲੋਕਾਂ ਨੇ ਬੱਸ ਨੂੰ ਅੱਗ ਲਾਈ