ਬਾਗ਼ੀ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਬਣਾਇਆ

ਜਥੇਦਾਰ ਬ੍ਰਹਮਪੁਰਾ ਬਣੇ ਪ੍ਰਧਾਨ
ਮੁਕੰਮਲ ਪਾਰਟੀ ਢਾਂਚੇ ਦਾ ਜਲਦ ਕੀਤਾ ਜਾਵੇਗਾ ਐਲਾਨ
ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਬਾਗੀ ਹੋਏ ਟਕਸਾਲੀ ਆਗੂਆਂ ਨੇ ਅੱਜ ਇੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੂਹਰੇ ਹੋਏ ਵੱਡੇ ਇਕੱਠ ਵਿੱਚ ਨਵੇਂ ਅਕਾਲੀ ਦਲ ‘ਸ਼੍ਰੋਮਣੀ ਅਕਾਲੀ ਦਲ (ਟਕਸਾਲੀ)’ ਦੀ ਸਥਾਪਨਾ ਦਾ ਐਲਾਨ ਕੀਤਾ। ਲੋਕ ਸਭਾ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਨਵੇਂ ਅਕਾਲੀ ਦਲ ਦਾ ਪ੍ਰਧਾਨ ਥਾਪਿਆ ਗਿਆ ਹੈ। ਅਕਾਲੀ ਦਲ ਦੀ ਸਥਾਪਨਾ ਦੇ ਐਲਾਨ ਲਈ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਅਰਦਾਸੀਏ ਭਾਈ ਧਰਮ ਸਿੰਘ ਨੇ ਅਰਦਾਸ ਕੀਤੀ। ਅਕਾਲ ਤਖ਼ਤ ’ਤੇ ਅਰਦਾਸ ਕਰਨ ਲਈ ਜਾਣ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਸਾਹਮਣੇ ਬਣੇ ਪਲਾਜ਼ਾ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਡਾ. ਰਤਨ ਸਿੰਘ ਅਜਨਾਲਾ, ਰਵਿੰਦਰ ਸਿੰਘ ਬ੍ਰਹਮਪੁਰਾ, ਅਮਰਪਾਲ ਸਿੰਘ ਬੋਨੀ ਦੀ ਅਗਵਾਈ ਹੇਠ ਪਾਰਟੀ ਦੇ ਸਮਰਥਕ ਇਕੱਠੇ ਹੋਏ। ਅਕਾਲੀ ਦਲ ਦੀ ਸਥਾਪਨਾ ਲਈ ਅਰਦਾਸ ਕਰਨ ਮਗਰੋਂ ਵਿਧਾਇਕ ਮਨਮੋਹਨ ਸਿੰਘ ਸਠਿਆਲਾ ਨੇ ਬਾਦਲ ਪਰਿਵਾਰ ’ਤੇ ਸਿੱਖ ਸਿਧਾਤਾਂ ਦਾ ਘਾਣ ਕਰਨ ਦੇ ਦੋਸ਼ ਲਾਏ। ਇਸ ਮੌਕੇ ਪੜ੍ਹੇ ਗਏ ਮਤੇ ਵਿੱਚ ਡੇਰਾ ਸਿਰਸਾ ਮੁਖੀ ਨੂੰ ਬਿਨਾਂ ਮੰਗੇ ਮੁਆਫ਼ੀ ਦੇਣ, ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਰਗਾੜੀ ਤੇ ਬਹਿਬਲ ਕਲਾਂ ਵਿੱਚ ਲਾਠੀਆਂ ਅਤੇ ਗੋਲੀਆਂ ਚਲਾ ਕੇ ਨਿਹੱਥੇ ਸਿੰਘਾਂ ਨੂੰ ਸ਼ਹੀਦ ਕਰਨ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ ਗਈ। ਮਤੇ ਵਿੱਚ ਇਹ ਵੀ ਕਿਹਾ ਗਿਆ ਕਿ ਬਾਦਲ ਪਰਿਵਾਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਸ੍ਰੀ ਸੇਖਵਾਂ ਨੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਨਾਂ ਪ੍ਰਧਾਨਗੀ ਲਈ ਪੇਸ਼ ਕੀਤਾ, ਜਿਸ ਦੀ ਤਾਈਦ ਡਾ. ਰਤਨ ਸਿੰਘ ਅਜਨਾਲਾ ਤੇ ਸਾਬਕਾ ਵਿਧਾਇਕ ਉਜਾਗਰ ਸਿੰਘ ਬਡਾਲਾ ਨੇ ਕੀਤੀ। ਇਸ ਮੌਕੇ ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਜਾਣਬੁੱਝ ਕੇ ਅਨੇਕਾਂ ਗਲਤੀਆਂ ਕੀਤੀਆਂ, ਸਿੱਖ ਸਿਧਾਤਾਂ ਨੂੰ ਢਾਹ ਲਾਈ, ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚਾਈ। ਉਨ੍ਹਾਂ ਕਿਹਾ ਕਿ 1920 ਦੇ ਸੰਵਿਧਾਨ ਵਾਲੇ ਅਕਾਲੀ ਦਲ ਦੀ ਭਾਵਨਾ ਨੂੰ ਸਾਕਾਰ ਰੂਪ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਪਾਰਟੀ ਦੀ ਮੈਂਬਰਸ਼ਿਪ ਸ਼ੁਰੂ ਕੀਤੀ ਜਾਵੇਗੀ ਅਤੇ ਵਿਸਾਖੀ ਤੱਕ ਪਾਰਟੀ ਦੇ ਮੁਕੰਮਲ ਢਾਂਚੇ ਦਾ ਐਲਾਨ ਕਰ ਦਿੱਤਾ ਜਾਵੇਗਾ ਤੇ ਪਾਰਟੀ ਦੀ ਰਜਿਸਟਰੇਸ਼ਨ ਲਈ ਵੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਲੋਕ ਸਭਾ ਦੀ ਚੋਣ ਨਹੀਂ ਲੜਨਗੇ। ਬਾਅਦ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਸਮੂਹ ਪੰਥ ਅਤੇ ਪੰਜਾਬੀਆਂ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਕਰੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਲਵਿੰਦਰ ਸਿੰਘ ਵੇਈਂ ਪੂਈਂ, ਕੁਲਦੀਪ ਸਿੰਘ ਤੇੜਾ, ਮਹਿੰਦਰ ਸਿੰਘ ਹੁਸੈਨਪੁਰ ਵੀ ਮੌਜੂਦ ਸਨ। ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਹਰਬੰਸ ਸਿੰਘ ਮੰਝਪੁਰ, ਸਰਬਜੀਤ ਸਿੰਘ ਸੋਹਲ, ਅਜੀਤ ਸਿੰਘ ਸੇਖਵਾਂ ਅਤੇ ਹੋਰ ਬਹੁਤ ਸਾਰੇ ਆਗੂ ਮੌਜੂਦ ਸਨ।

Previous articleਸਿੰਧੂ ਨੇ ਵਿਸ਼ਵ ਟੂਰ ਫਾਈਨਲਜ਼ ਦਾ ਖ਼ਿਤਾਬ ਜਿੱਤ ਕੇ ਇਤਿਹਾਸ ਰਚਿਆ
Next articleਭੁਪੇਸ਼ ਬਘੇਲ ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਹੋਣਗੇ