ਆਸਟਰੇਲੀਆ ਨੇ ਟਰੈਵਿਸ ਹੈੱਡ ਦੀਆਂ 144 ਦੌੜਾਂ ਦੀ ਮਦਦ ਨਾਲ ਪਹਿਲੀ ਪਾਰੀ ਵਿੱਚ 467 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕਰਨ ਮਗਰੋਂ ਦੋ ਸ਼ੁਰੂਆਤੀ ਵਿਕਟਾਂ ਲੈ ਕੇ ਦੂਜੇ ਕ੍ਰਿਕਟ ਟੈਸਟ ਦੇ ਅੱਜ ਦੂਜੇ ਦਿਨ ਨਿਊਜ਼ੀਲੈਂਡ ’ਤੇ ਦਬਾਅ ਬਣਾ ਲਿਆ। ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਨਿਊਜ਼ੀਲੈਂਡ ਨੇ ਦੋ ਵਿਕਟਾਂ ਗੁਆ ਕੇ 44 ਦੌੜਾਂ ਬਣਾਈਆਂ ਸਨ। ਟੌਮ ਲਾਥਮ ਨੌਂ ਅਤੇ ਰੋਸ ਟੇਲਰ ਦੋ ਦੌੜਾਂ ਬਣਾ ਕੇ ਖੇਡ ਰਹੇ ਹਨ। ਕਪਤਾਨ ਕੇਨ ਵਿਲੀਅਮਸਨ 14 ਗੇਂਦਾਂ (ਨੌਂ ਦੌੜਾਂ) ਹੀ ਖੇਡ ਸਕਿਆ। ਉਸ ਦੀ ਵਿਕਟ ਜੇਮਜ਼ ਪੈਟਿਨਸਨ ਨੇ ਲਈ। ਟੌਮ ਬਲੰਡੇਲ 15 ਦੌੜਾਂ ਬਣਾ ਕੇ ਪੈਟ ਕਮਿਨਸ ਦਾ ਸ਼ਿਕਾਰ ਬਣਿਆ। ਨਿਊਜ਼ੀਲੈਂਡ ਪਰਥ ਵਿੱਚ ਪਹਿਲਾ ਮੈਚ 296 ਦੌੜਾਂ ਨਾਲ ਹਾਰ ਗਿਆ ਸੀ। ਇਸ ਲਈ ਉਸ ਨੂੰ ਲੜੀ ਵਿੱਚ ਬਰਕਰਾਰ ਰਹਿਣ ਲਈ ਜਿੱਤ ਦੀ ਦਰਕਾਰ ਹੈ। ਆਸਟਰੇਲੀਆ ਨੇ ਚਾਹ ਤੱਕ ਪੰਜ ਵਿਕਟਾਂ ’ਤੇ 431 ਦੌੜਾਂ ਬਣਾਈਆਂ ਸਨ, ਪਰ ਇਸ ਮਗਰੋਂ ਪੂਰੀ ਟੀਮ ਨੌਂ ਓਵਰਾਂ ਵਿੱਚ 467 ’ਤੇ ਢੇਰ ਹੋ ਗਈ। ਕਪਤਾਨ ਪੇਨ 79 ਦੌੜਾਂ ਬਣਾ ਕੇ ਆਊਟ ਹੋਇਆ। ਮਿਸ਼ੇਲ ਸਟਾਰਕ, ਕਮਿਨਸ ਅਤੇ ਨਾਥਨ ਲਿਓਨ ਵੀ ਟਿਕ ਨਹੀਂ ਸਕੇ। ਨਿਊਜ਼ੀਲੈਂਡ ਲਈ ਨੀਲ ਵੈਗਨਰ ਨੇ 83 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ, ਜਦਕਿ ਟਿਮ ਸਾਊਦੀ ਨੂੰ ਤਿੰਨ ਵਿਕਟਾਂ ਮਿਲੀਆਂ। ਆਸਟਰੇਲੀਆ ਨੇ ਚਾਰ ਵਿਕਟਾਂ ’ਤੇ 257 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਉਸ ਸਮੇਂ ਸਟੀਵ ਸਮਿੱਥ 77 ਅਤੇ ਹੈੱਡ 25 ਦੌੜਾਂ ਬਣਾ ਕੇ ਖੇਡ ਰਹੇ ਸਨ। ਹੈੱਡ ਨੇ 222 ਗੇਂਦਾਂ ਵਿੱਚ ਆਪਣਾ ਦੂਜਾ ਟੈਸਟ ਸੈਂਕੜਾ ਪੂਰਾ ਕੀਤਾ। ਸਮਿੱਥ ਵੀ 27ਵੇਂ ਟੈਸਟ ਸੈਂਕੜੇ ਵੱਲ ਵਧਦਾ ਦਿਸ ਰਿਹਾ ਸੀ, ਪਰ ਵੈਗਨਰ ਨੇ ਉਸ ਨੂੰ ਪੈਵਿਲੀਅਨ ਭੇਜਿਆ। ਉਹ ਆਪਣੇ ਕੱਲ੍ਹ ਦੇ ਸਕੋਰ ਵਿੱਚ ਅੱਠ ਦੌੜਾਂ ਹੀ ਜੋੜ ਸਕਿਆ। ਨਿਊਜ਼ੀਲੈਂਡ ਟੀਮ 1987 ਮਗਰੋਂ ਮੈਲਬਰਨ ਵਿੱਚ ਪਹਿਲਾ ਬਾਕਸਿੰਗ ਡੇਅ ਟੈਸਟ ਖੇਡ ਰਹੀ ਹੈ। ਦੂਜੇ ਦਿਨ ਸਟੇਡੀਅਮ ਵਿੱਚ 60 ਹਜ਼ਾਰ ਦਰਸ਼ਕ ਮੌਜੂਦ ਸਨ, ਜਦੋਂਕਿ ਪਹਿਲੇ ਦਿਨ 80 ਹਜ਼ਾਰ ਨੇ ਦਰਸ਼ਕਾਂ ਨੇ ਮੈਚ ਵੇਖਿਆ ਸੀ।
Sports ਬਾਕਸਿੰਗ ਡੇਅ ਟੈਸਟ: ਆਸਟਰੇਲੀਆ ਦੂਜੇ ਦਿਨ ਵੀ ਭਾਰੂ