ਅੰਮ੍ਰਿਤਸਰ (ਸਮਾਜ ਵੀਕਲੀ) : ਇੱਥੇ ਇਕ ਰੇਸਤਰਾਂ ਅਤੇ ਬੀਅਰ ਬਾਰ ਵਿਚ ਬਾਊਂਸਰ ਵਜੋਂ ਕੰਮ ਕਰਦੇ ਨੌਜਵਾਨ ਨੂੰ ਅੱਜ ਵੱਡੇ ਤੜਕੇ ਕੁਝ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਮ੍ਰਿਤਕ ਦੀ ਪਛਾਣ ਜਗਰੂਪ ਸਿੰਘ ਵਾਸੀ ਨੰਗਲੀ ਭੱਠਾ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਨਾਮੀ ਅਪਰਾਧੀ ਪ੍ਰੀਤ ਸੇਖੋਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ ਅਤੇ ਆਪਣੇ ਹੋਰ ਵਿਰੋਧੀਆਂ ਨੂੰ ਚਿਤਾਵਨੀ ਦਿੱਤੀ ਹੈ।
ਜਾਣਕਾਰੀ ਅਨੁਸਾਰ ਇੱਥੇ ਰਣਜੀਤ ਐਵੇਨਿਊ ਇਲਾਕੇ ਵਿਚ ਯੂਰਪੀਅਨ ਨਾਈਟ ਬੀਅਰ ਬਾਰ ਅਤੇ ਰੇਸਤਰਾਂ ਵਿਚ ਕੰਮ ਕਰਦਾ ਬਾਊਂਸਰ ਜਗਰੂਪ ਸਿੰਘ ਬੀਤੀ ਰਾਤ ਡਿਊਟੀ ਖ਼ਤਮ ਹੋਣ ਮਗਰੋਂ ਆਪਣੇ ਦੋਸਤ ਸੁਖਵਿੰਦਰ ਸਿੰਘ ਗੋਲਡੀ ਨਾਲ ਘਰ ਜਾਣ ਵਾਸਤੇ ਰਵਾਨਾ ਹੋਇਆ ਸੀ। ਰਸਤੇ ਵਿਚ ਕਾਰ ਸਵਾਰ ਚਾਰ ਵਿਅਕਤੀਆਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਫ਼ਰਾਰ ਹੋ ਗਏ। ਇਹ ਗੋਲੀਆਂ ਜਗਰੂਪ ਸਿੰਘ ਦੀ ਪਿੱਠ ਅਤੇ ਗਰਦਨ ’ਤੇ ਲੱਗੀਆਂ, ਜੋ ਜਾਨਲੇਵਾ ਸਾਬਤ ਹੋਈਆਂ। ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮਾਮਲੇ ਦੀ ਜਾਂਚ ਕਰ ਰਹੇ ਪੁਲੀਸ ਦੇ ਸਹਾਇਕ ਕਮਿਸ਼ਨਰ ਸਰਬਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਜਾਂਚ ਜਾਰੀ ਹੈ ਅਤੇ ਪ੍ਰੀਤ ਸੇਖੋਂ ਵਲੋਂ ਕੀਤੇ ਦਾਅਵੇ ਨੂੰ ਧਿਆਨ ਵਿਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਫਿਲਹਾਲ ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਮੁੱਢਲੀ ਜਾਂਚ ਦੌਰਾਨ ਪੁਲੀਸ ਨੂੰ ਪਤਾ ਲੱਗਿਆ ਹੈ ਕਿ ਜਗਰੂਪ ਅਤੇ ਪ੍ਰੀਤ ਸੇਖੋਂ ਵਿਚਾਲੇ ਕੁਝ ਸਮਾਂ ਪਹਿਲਾਂ ਇੱਕ ਵਿਆਹ ਸਮਾਗਮ ਵਿਚ ਝਗੜਾ ਹੋਇਆ ਸੀ ਪਰ ਦੋਵਾਂ ਵਿਚਾਲੇ ਰਜ਼ਾਮੰਦੀ ਹੋ ਗਈ ਸੀ। ਅੱਜ ਆਪਣੇ ਫੇਸਬੁੱਕ ਖਾਤੇ ’ਤੇ ਪ੍ਰੀਤ ਸੇਖੋਂ ਨੇ ਲਿਖਿਆ, ‘‘ਜਗੇ ਦਾ ਕੰਮ ਅਸੀਂ ਕੱਢਿਆ ਤੇ ਬਾਕੀ ਦੇ ਵਿਰੋਧੀ ਵੀ ਤਿਆਰ ਰਹਿਣ।’’