ਬਾਇਡਨ ਪ੍ਰਸ਼ਾਸਨ ’ਚ 20 ਭਾਰਤੀਆਂ ਨੂੰ ਮਿਲੇ ਅਹਿਮ ਅਹੁਦੇ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਪ੍ਰਸ਼ਾਸਨ ਦੇ ਅਹਿਮ ਅਹੁਦਿਆਂ ’ਤੇ 13 ਮਹਿਲਾਵਾਂ ਸਮੇਤ ਘੱਟ ਤੋਂ ਘੱਟ 20 ਭਾਰਤੀ-ਅਮਰੀਕੀਆਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ 20 ਭਾਰਤੀ ਅਮਰੀਕੀਆਂ ’ਚੋਂ ਘੱਟ ਤੋਂ ਘੱਟ 17 ਜਣੇ ਵ੍ਹਾਈਟ ਹਾਊਸ ’ਚ ਅਹਿਮ ਅਹੁਦੇ ਸੰਭਾਲਣਗੇ। ਬਾਇਡਨ 20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ ਅਤੇ ਇਸੇ ਦਿਨ ਕਮਲਾ ਹੈਰਿਸ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਵਜੋਂ ਕਾਰਜਭਾਰ ਸੰਭਾਲੇਗੀ। ਹੈਰਿਸ ਅਮਰੀਕਾ ’ਚ ਭਾਰਤੀ ਮੂਲ ਦੀ ਪਹਿਲੀ ਉਪ ਰਾਸ਼ਟਰਪਤੀ ਹੋਵੇਗੀ। ਉਹ ਇਹ ਕਾਰਜਭਾਰ ਸੰਭਾਲਣ ਵਾਲੀ ਪਹਿਲੀ ਅਫਰੀਕੀ-ਅਮਰੀਕੀ ਵੀ ਹੋਵੇਗੀ।

ਬਾਇਡਨ ਦੇ ਪ੍ਰਸ਼ਾਸਨ ’ਚ ਅਜੇ ਵੀ ਕਈ ਅਹੁਦੇ ਖਾਲੀ ਹਨ। ਇਸ ਸੂਚੀ ’ਚ ਸਭ ਤੋਂ ਉੱਪਰ ਨੀਰਾ ਟੰਡਨ ਅਤੇ ਡਾ. ਵਿਵੇਕ ਮੂਰਤੀ ਹਨ। ਬਾਇਡਨ ਪ੍ਰਸ਼ਾਸਨ ’ਚ ਵ੍ਹਾਈਟ ਹਾਊਸ ਦਫ਼ਤਰ ਦੇ ਪ੍ਰਬੰਧਨ ਤੇ ਬਜਟ ਦੇ ਨਿਰਦੇਸ਼ਕ ਵਜੋਂ ਟੰਡਨ ਤੇ ਅਮਰੀਕੀ ਸਰਜਨ ਜਨਰਲ ਵਜੋਂ ਡਾ. ਮੂਰਤੀ ਨੂੰ ਨਾਜ਼ਮਦ ਕੀਤਾ ਗਿਆ ਹੈ। ਵਨੀਤਾ ਗੁਪਤਾ ਨੂੰ ਕਾਨੂੰਨ ਮੰਤਰਾਲੇ ਦੀ ਐਸਸੋਸੀਏਟ ਅਟਾਰਨੀ ਜਨਰਲ ਨਾਮਜ਼ਦ ਕੀਤਾ ਗਿਆ ਹੈ ਅਤੇ ਬਾਇਡਨ ਨੇ ਲੰਘੇ ਸ਼ਨਿਚਰਵਾਰ ਨੂੰ ਵਿਦੇਸ਼ ਸੇਵਾ ਦੀ ਸਾਬਕਾ ਅਧਿਕਾਰੀ ਉਜ਼ਰਾ ਜ਼ੇਯਾ ਨੂੰ ਗ਼ੈਰ-ਫੌਜੀ ਸੁਰੱਖਿਆ, ਲੋਕਤੰਤਰ ਤੇ ਮਨੁੱਖੀ ਅਧਿਕਾਰੀ ਲਈ ਅਧੀਨ ਵਿਦੇਸ਼ ਮੰਤਰੀ ਨਿਯੁਕਤ ਕੀਤਾ ਹੈ।

‘ਇੰਡੀਆਜ਼ਪੋਰਾ’ ਦੇ ਸੰਸਥਾਪਕ ਐੱਮਆਰ ਰੰਗਾਸਵਾਮੀ ਨੇ ਦੱਸਿਆ, ‘ਭਾਰਤੀ-ਅਮਰੀਕੀ ਭਾਈਚਾਰੇ ਨੇ ਲੋਕ ਸੇਵਾ ਲਈ ਪਿਛਲੇ ਕਈ ਸਾਲਾਂ ਤੋਂ ਜੋ ਸਮਰਪਣ ਦਿਖਾਇਆ ਹੈ ਉਸ ਨੂੰ ਇਸ ਪ੍ਰਸ਼ਾਸਨ ਦੀ ਸ਼ੁਰੂਆਤ ’ਚ ਚੰਗੀ ਮਾਨਤਾ ਮਿਲ ਰਹੀ ਹੈ। ਮੈਂ ਖਾਸ ਤੌਰ ’ਤੇ ਇਸ ਗੱਲ ਲਈ ਖੁਸ਼ ਹਾਂ ਕਿ ਇਨ੍ਹਾਂ ’ਚ ਮਹਿਲਾਵਾਂ ਦੀ ਗਿਣਤੀ ਜ਼ਿਆਦਾ ਹੈ।’ ਮਾਲਾ ਐਡੀਗਾ ਨੂੰ ਭਵਿੱਖੀ ਪ੍ਰਥਮ ਮਹਿਲਾ ਡਾ. ਜਿੱਲ ਬਾਇਡਨ ਦੀ ਨੀਤੀ ਨਿਰਦੇਸ਼ਕ ਅਤੇ ਗਰਿਮਾ ਵਰਮਾ ਨੂੰ ਪ੍ਰਥਮ ਮਹਿਲਾ ਦੇ ਦਫ਼ਤਰ ਦੀ ਡਿਜੀਟਲ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ ਜਦਕਿ ਸਬਰੀਨਾ ਸਿੰਘ ਨੂੰ ਉਨ੍ਹਾਂ ਦੀ ਉੱਪ ਪ੍ਰੈੱਸ ਮੰਤਰੀ ਨਿਯੁਕਤ ਕੀਤਾ ਗਿਆ ਹੈ।

ਵ੍ਹਾਈਟ ਹਾਊਸ ’ਚ ਪਹਿਲੀ ਵਾਰ ਦੋ ਅਜਿਹੇ ਭਾਰਤੀ-ਅਮਰੀਕੀਆਂ ਨੂੰ ਸਥਾਨ ਦਿੱਤਾ ਗਿਆ ਹੈ ਜੋ ਮੂਲ ਰੂਪ ’ਚ ਕਸ਼ਮੀਰ ਨਾਲ ਸਬੰਧਤ ਹਨ। ਇਨ੍ਹਾਂ ’ਚ ਆਇਸ਼ਾ ਸ਼ਾਹ ਤੇ ਸਮੀਰਾ ਫਾਜ਼ਲੀ ਸ਼ਾਮਲ ਹਨ। ਇਸੇ ਤਰ੍ਹਾਂ ਭਾਰਤ ਰਾਮਮੂਰਤੀ, ਗੌਤਮ ਰਾਘਵਨ, ਵੇਦਾਂਤ ਪਟੇਲ, ਵਿਨੈ ਰੈੱਡੀ, ਤਰੁਣ ਛਾਬੜਾ, ਸੁਮੋਨਾ ਗੁਹਾ, ਸ਼ਾਂਤੀ ਕਲਾਥਿਲ, ਸੋਨੀਆ ਅਗਰਵਾਲ, ਵਿਦੁਰ ਸ਼ਰਮਾ, ਨੇਹਾ ਗੁਪਤਾ, ਰੀਮਾ ਸ਼ਾਹ ਨੂੰ ਬਾਇਡਨ ਪ੍ਰਸ਼ਾਸਨ ’ਚ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਸੇ ਦੌਰਾਨ ਜੋਅ ਬਾਇਡਨ ਨੇ ਅਮਰੀਕਾ ਨੂੰ ਟਰੰਪ ਦੇ ਪ੍ਰਭਾਵ ਤੋਂ ਮੁਕਤ ਕਰਨ ਅਤੇ ਦੇਸ਼ ਦੀ ਆਰਥਿਕਤਾ, ਪਰਵਾਸ ਤੇ ਕੋਵਿਡ-19 ਦੀਆਂ ਚੁਣੌਤੀਆਂ ਵੱਲ ਧਿਆਨ ਦੇਣ ਲਈ ਪਹਿਲੀ 10 ਰੋਜ਼ਾ ਯੋਜਨਾ ਪੇਸ਼ ਕੀਤੀ ਹੈ।

Previous articleਕਿਸਾਨ ਅੜੀ ਛੱਡ ਕੇ ਕਾਨੂੰਨੀ ਮੱਦਾਂ ’ਤੇ ਚਰਚਾ ਕਰਨ: ਤੋਮਰ
Next articleਕੈਪਸ਼ਨ -ਕਿਸਾਨਾਂ ਦੇ ਟ੍ਰੈਕਟਰ ਕਾਰ ਰੋਸ਼ ਮਾਰਚ ਦੇ ਵੱਖ ਵੱਖ ਦਿ੍ਸ਼