ਕਿਸਾਨ ਅੜੀ ਛੱਡ ਕੇ ਕਾਨੂੰਨੀ ਮੱਦਾਂ ’ਤੇ ਚਰਚਾ ਕਰਨ: ਤੋਮਰ

ਨਵੀਂ ਦਿੱਲੀ (ਸਮਾਜ ਵੀਕਲੀ) : ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ 19 ਜਨਵਰੀ ਲਈ ਤਜਵੀਜ਼ਤ 10ਵੇਂ ਗੇੜ ਦੀ ਗੱਲਬਾਤ ਤੋਂ ਪਹਿਲਾਂ ਅੱਜ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਆਪਣੀ ‘ਜ਼ਿੱਦ’ ਛੱਡ ਕੇ ਅਗਲੀ ਮੀਟਿੰਗ ’ਚ ਕਾਨੂੰਨਾਂ ਦੀਆਂ ਮੱਦਾਂ ’ਤੇ ਵਿਚਾਰ ਚਰਚਾ ਕਰਨ ਲਈ ਆਉਣ।

ਮੱਧ ਪ੍ਰਦੇਸ਼ ਦੇ ਮੁਰੈਨਾ ਵਿੱਚ ਆਪਣੀ ਪਿੱਤਰੀ (ਸੰਸਦੀ) ਹਲਕੇ ’ਚ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱੱਲਬਾਤ ਕਰਦਿਆਂ ਤੋਮਰ ਨੇ ਕਿਹਾ, ‘‘ਹੁਣ ਜਦੋਂ ਸੁਪਰੀਮ ਕੋਰਟ ਨੇ ਇਨ੍ਹਾਂ (ਖੇਤੀ) ਕਾਨੂੰਨਾਂ ਦੇ ਅਮਲ ’ਤੇ ਰੋਕ ਲਾ ਦਿੱਤੀ ਹੈ ਤਾਂ ਇਸ ਮੁੱਦੇ ’ਤੇ ਅੜੀ ਕਰਨ ਦੀ ਕੋਈ ਤੁੱਕ ਨਹੀਂ ਬਣਦੀ।’ ਉਨ੍ਹਾਂ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਆਗੂ 19 ਜਨਵਰੀ ਨੂੰ ਹੋਣ ਵਾਲੀ ਅਗਲੀ ਮੀਟਿੰਗ ’ਚ ਇਨ੍ਹਾਂ ਕਾਨੂੰਨਾਂ ਦੀਆਂ ਮੱਦਾਂ ’ਤੇ ਚਰਚਾ ਕਰਨ ਲਈ ਆਉਣ। ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਤੋਂ ਛੁੱਟ, ਸਰਕਾਰ ਹੋਰਨਾਂ ਵਿਕਲਪਾਂ ’ਤੇ ‘ਸੰਜੀਦਗੀ ਤੇ ਖੁੱਲ੍ਹੇ ਮਨ’ ਨਾਲ ਗੌਰ ਕਰਨ ਲਈ ਤਿਆਰ ਹੈ।

ਤੋਮਰ, ਜੋ ਆਪਣੇ ਸੰਸਦੀ ਹਲਕੇ ਤੱਕ ਜਾਣ ਲਈ ਹਜ਼ੂਰ ਸਾਹਿਬ ਨਾਂਦੇੜ-ਅੰਮ੍ਰਿਤਸਰ ਸੁਪਰਫਾਸਟ ਐਕਸਪ੍ਰੈੱਸ ਵਿੱਚ ਸਵਾਰ ਸਨ, ਨੇ ਸਫ਼ਰ ਦੌਰਾਨ ਸਿੱਖ ਭਾਈਚਾਰੇ ਦੇ ਆਪਣੇ ਸਹਿ-ਮੁਸਾਫ਼ਰਾਂ ਨਾਲ ਲੰਗਰ ਵੀ ਸਾਂਝਾ ਕੀਤਾ। ਤੋਮਰ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨੂੰ ਕੁਝ ਰਿਆਇਤਾਂ ਦੀ ਪੇਸ਼ਕਸ਼ ਕੀਤੀ ਸੀ, ਪਰ ਕਿਸਾਨ ਆਗੂਆਂ ਨੇ ਲਚਕਦਾਰ ਪਹੁੰਚ ਨਹੀਂ ਵਿਖਾਈ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਆਪਣੀ ਮੰਗ ’ਤੇ ਬਜ਼ਿੱਦ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਾਨੂੰਨ ਪੂਰੇ ਦੇਸ਼ ਲਈ ਬਣਾਏ ਹਨ ਤੇ ਕਈ ਕਿਸਾਨ, ਮਾਹਿਰ ਤੇ ਹੋਰ ਭਾਈਵਾਲ ਇਨ੍ਹਾਂ ਦੀ ਹਮਾਇਤ ਕਰ ਚੁੱਕੇ ਹਨ। ਚੇਤੇ ਰਹੇ ਕਿ ਸਰਕਾਰ ਤੇ ਕਿਸਾਨ ਯੂਨੀਅਨਾਂ ਦਰਮਿਆਨ ਹੁਣ ਤੱਕ 9 ਗੇੜਾਂ ਦੀ ਗੱਲਬਾਤ ਹੋਣ ਦੇ ਬਾਵਜੂਦ ਇਹ ਮਸਲਾ ਕਿਸੇ ਤਣ ਪੱਤਣ ਨਹੀਂ ਲੱਗ ਸਕਿਆ।

Previous articleਸਰਬੰਸ ਦਾਨੀ :ਸ੍ਰੀ ਗੁਰੂ ਗੋਬਿੰਦ ਸਿੰਘ ਜੀ
Next articleਬਾਇਡਨ ਪ੍ਰਸ਼ਾਸਨ ’ਚ 20 ਭਾਰਤੀਆਂ ਨੂੰ ਮਿਲੇ ਅਹਿਮ ਅਹੁਦੇ