ਬਾਇਡਨ ਨੂੰ ਮਾਮੂਲੀ ਬੜ੍ਹਤ

ਵਾਸ਼ਿੰਗਟਨ (ਸਮਾਜ ਵੀਕਲੀ) :ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਡੈਮੋਕ੍ਰੈਟਿਕ ਊਮੀਦਵਾਰ ਜੋਅ ਬਾਇਡਨ ਵਿਚਾਲੇ ਵਾਈਟ ਹਾਊਸ ਜਿੱਤਣ ਲਈ ਲੱਗੀ ਦੌੜ ਅਜੇ ਜਾਰੀ ਹੈ, ਭਾਵੇਂ ਕਿ  ਰਿਪਬਲਿਕਨ ਊਮੀਦਵਾਰ ਨੇ ਵੋਟਾਂ ਦੀ ਗਿਣਤੀ ਵਿੱਚ ‘ਧੋਖਾ’ ਹੋਣ ਦਾ ਦਾਅਵਾ ਕਰਦਿਆਂ ਇਸ ਨੂੰ ਰੋਕਣ ਲਈ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਦੀ ਚਿਤਾਵਨੀ ਦਿੱਤੀ ਹੈ।

ਲੱਖਾਂ ਵੋਟਾਂ ਦੀ ਗਿਣਤੀ ਹੋਣੀ ਅਤੇ ਕਈ ਸੂਬਿਆਂ ਵਲੋਂ ਨਤੀਜੇ ਐਲਾਨੇ ਜਾਣੇ ਅਜੇ ਬਾਕੀ ਹਨ ਪ੍ਰੰਤੂ ਦੋਵੇਂ ਟਰੰਪ ਅਤੇ ਬਾਇਡਨ 2020 ਦੀਆਂ ਰਾਸ਼ਟਰਪਤੀ ਚੋਣਾਂ ਜਿੱਤਣ ਦੀ ਰਾਹ ’ਤੇ ਹੋਣ ਦੇ ਦਾਅਵੇ ਕਰ ਰਹੇ ਹਨ। ਮੰਗਲਵਾਰ ਤੱਕ ਦੇ ਚੋਣ ਨਤੀਜਿਆਂ ਅਨੁਸਾਰ ਬਾਇਡਨ ਨੇ 238 ਚੁਣਾਵੀ ਹਲਕਿਆਂ ਦੀਆਂ ਵੋਟਾਂ ਜਿੱਤੀਆਂ ਹਨ ਜਦਕਿ ਟਰੰਪ ਨੇ 213 ਹਲਕਿਆਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ।

ਕੁੱਲ 538 ਮੈਂਬਰੀ ਚੁਣਾਵੀ ਹਲਕਿਆਂ ’ਚੋਂ ਰਾਸ਼ਟਰਪਤੀ ਚੋਣਾਂ ਦੇ ਜੇਤੂ ਨੂੰ ਘੱਟੋ-ਘੱਟ 270 ਹਲਕਿਆਂ ਵਿੱਚ ਜਿੱਤ ਦਰਜ ਕਰਾਊਣੀ ਲਾਜ਼ਮੀ ਹੈ। ਇਸੇ ਦੌਰਾਨ ਰਾਸ਼ਟਰਪਤੀ ਦੇ ਪਸੰਦੀਦਾ ਨਿਊਜ਼ ਨੈੱਟਵਰਕ ਫੌਕਸ ਨਿਊਜ਼ ਅਨੁਸਾਰ ਟਰੰਪ ਨੂੰ 213 ਅਤੇ ਬਾਇਡਨ ਨੂੰ 238 ਚੁਣਾਵੀ ਹਲਕਿਆਂ ਦੀਆਂ ਵੋਟਾਂ ਮਿਲੀਆਂ ਹਨ। ਇਸ ਵਲੋਂ ਡੈਮੋਕ੍ਰੇਟਿਕ ਊਮੀਦਵਾਰ ਨੂੰ 50 ਫ਼ੀਸਦ ਅਤੇ ਟਰੰਪ ਨੂੰ 48.4 ਫ਼ੀਸਦ ਪ੍ਰਚੱਲਿਤ ਵੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹੋਰ ਕਿਸੇ ਵੀ ਅਮਰੀਕੀ ਮੀਡੀਆ ਨੇ ਸਪੱਸ਼ਟ ਜੇਤੂ ਬਾਰੇ ਅੰਦਾਜ਼ੇ ਨਹੀਂ ਦਿੱਤੇ ਹਨ।

ਰਾਸ਼ਟਰਪਤੀ ਟਰੰਪ ਨੇ ਇਸ ਚੋਣ ਨੂੰ ‘ਅਮਰੀਕੀ ਲੋਕਾਂ ਨਾਲ ਧੋਖਾ’ ਕਰਾਰ ਦਿੰਦਿਆਂ ਕਿਹਾ ਹੈ, ‘‘ਅਸਲ ਵਿੱਚ, ਅਸੀਂ ਇਹ ਚੋਣ ਜਿੱਤ ਗਏ ਸੀ।’’ ਊਨ੍ਹਾਂ ਇਹ ਵੀ ਕਿਹਾ ਕਿ ਊਹ ਇਹ ਲੜਾਈ ਸੁਪਰੀਮ ਕੋਰਟ ਤੱਕ ਲੈ ਕੇ ਜਾਣਗੇ ਤਾਂ ਜੋ ਵੋਟਾਂ ਦੀ ਗਿਣਤੀ ਰੋਕੀ ਜਾ ਸਕੇ। ਚੋਣ ਪ੍ਰਕਿਰਿਆ ਵਿੱਚ ਕਿਸੇ ਘਪਲੇ ਦੇ ਸਬੂਤ ਦਾ ਹਵਾਲਾ ਦਿੱਤੇ ਬਿਨਾਂ ਟਰੰਪ ਨੇ ਕਿਹਾ, ‘‘ਅਚਾਨਕ ਹੀ ਸਭ ਕੁਝ ਰੁਕ ਗਿਆ ਹੈ। ਇਹ ਅਮਰੀਕੀ ਲੋਕਾਂ ਨਾਲ ਧੋਖਾ ਹੈ। ਇਹ ਸਾਡੇ ਮੁਲਕ ਲਈ ਸ਼ਰਮਨਾਕ ਹੈ। ਅਸੀਂ ਇਹ ਚੋਣ ਜਿੱਤਣ ਦੀ ਤਿਆਰੀ ਕਰ ਰਹੇ ਸੀ। ਅਸਲ ਵਿੱਚ, ਅਸੀਂ ਇਹ ਚੋਣ ਜਿੱਤ ਹੀ ਗਏ ਸੀ।’’

ਵਾਈਟ ਹਾਊਸ ਦੇ ਪੂਰਬੀ ਕਮਰੇ ਵਿੱਚ ਸਵੇਰੇ 2 ਵਜੇ ਆਪਣੇ ਸਮਰਥਕਾਂ ਨਾਲ ਗੱਲਬਾਤ ਕਰਦਿਆਂ ਟਰੰਪ (74) ਨੇ ਕਿਹਾ, ‘‘ਇਹ ਅਸੀਂ ਹੀ ਜਿੱਤਾਂਗੇ, ਅਤੇ ਜਿੱਥੋਂ ਤੱਕ ਮੇਰਾ ਸਵਾਲ ਹੈ, ਅਸੀਂ ਇਹ ਪਹਿਲਾਂ ਹੀ ਜਿੱਤ ਚੁੱਕੇ ਹਾਂ। ਹੁਣ ਸਾਡਾ ਮਕਸਦ ਇਸ ਮੁਲਕ ਦੇ ਭਲੇ ਲਈ ਇਮਾਨਦਾਰੀ ਯਕੀਨੀ ਬਣਾਊਣਾ ਹੈ। ਇਹ ਬਹੁਤ ਵੱਡਾ ਪਲ ਹੈ। ਇਹ ਸਾਡੇ ਮੁਲਕ ਲਈ ਵੱਡਾ ਧੋਖਾ ਹੈ। ਅਸੀਂ ਚਾਹੁੰਦੇ ਹਾਂ ਕਿ ਕਾਨੂੰਨ ਦੀ ਸਹੀ ਢੰਗ ਨਾਲ ਵਰਤੋਂ ਹੋਵੇ। ਇਸ ਕਰਕੇ ਅਸੀਂ ਸੁਪਰੀਮ ਕੋਰਟ ਜਾਵਾਂਗੇ।’’ ਤਾੜੀਆਂ ਦੀ ਗੂੰਜ ਵਿੱਚ ਟਰੰਪ ਨੇ ਕਿਹਾ, ‘‘ਅਸੀਂ ਚਾਹੁੰਦੇ ਹਾਂ ਕਿ ਸਾਰੀ ਵੋਟਿੰਗ ਰੁਕ ਜਾਵੇ। ਅਸੀਂ ਨਹੀਂ ਚਾਹੁੰਦੇ ਕਿ ਊਹ ਸਵੇਰੇ ਚਾਰ ਵਜੇ ਹੋਰ ਮਤਦਾਨ ਬਕਸੇ ਲੱਭ ਲੈਣ ਅਤੇ ਊਹ ਸੂਚੀ ਵਿੱਚ ਜੋੜੇ ਜਾਣ।’’

ਇਸ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਬਾਇਡਨ ਦੇ ਪ੍ਰਚਾਰ ਮੈਨੇਜਰ ਜੇਨ ਓ’ਮਾਲੇ ਡਿਲੋਨ ਨੇ ਟਰੰਪ ਦੇ ਬਿਆਨ ਨੂੰ ‘‘ਅਪਰਾਧਿਕ ਤੇ ਗਲਤ’ ਕਰਾਰ ਦਿੰਦਿਆਂ ਕਿਹਾ, ‘‘ਜੇਕਰ ਰਾਸ਼ਟਰਪਤੀ ਚੋਣਾਂ ਦੀ ਸਹੀ ਗਿਣਤੀ ਰੋਕਣ ਲਈ ਅਦਾਲਤ ਜਾਣ ਦੀ ਧਮਕੀ ਦੇ ਸਕਦੇ ਹਨ, ਤਾਂ ਸਾਡੇ ਕੋਲ ਵੀ ਜਵਾਬੀ ਕਾਰਵਾਈ ਲਈ ਕਾਨੂੰਨੀ ਟੀਮਾਂ ਤਿਆਰ ਹਨ। ਅਤੇ ਊਹ ਜਵਾਬ ਦੇਣਗੀਆਂ।’’ ਕੋਵਿਡ-19 ਮਹਾਮਾਰੀ ਦੌਰਾਨ ਹੋਈ ਰਿਕਾਰਡ ਪੋਲਿੰਗ ਦੌਰਾਨ ਰਾਸ਼ਟਰਪਤੀ ਦੇ ਅਹੁਦੇ ਲਈ ਇਹ ਦੌੜ ਹੁਣ ਕੁਝ ਹੀ ਸੂਬਿਆਂ: ਐਰੀਜ਼ੋਨਾ, ਜੌਰਜੀਆ, ਵਿਸਕੌਨਸਿਨ, ਮਿਸ਼ੀਗਨ ਅਤੇ ਪੈਨਸਿਲਵੇਨੀਆ ਤੱਕ ਸਿਮਟ ਗਈ ਹੈ ਕਿਉਂਕਿ ਬਾਕੀ ਸੂਬਿਆਂ ਦੇ ਨਤੀਜੇ ਆ ਗਏ ਹਨ। ਪ੍ਰੰਤੂ ਟਰੰਪ ਦੇ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਦੇ ਫ਼ੈਸਲੇ ਨੇ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਹੈ। ਅਮਰੀਕੀ ਮੀਡੀਆ ਨੇ ਰਾਸ਼ਟਰਪਤੀ ਦੇ ਇਸ ਕਦਮ ਦੀ ਨਿੰਦਾ ਕੀਤੀ ਹੈ।

ਟਰੰਪ ਦੇ ਭਾਸ਼ਣ ਤੋਂ ਕੁਝ ਹੀ ਸਮਾਂ ਪਹਿਲਾਂ ਬਾਇਡਨ (77) ਨੇ ਆਪਣੇ ਜੱਦੀ ਸੂਬੇ ਡੈਲਵੇਅਰ ਵਿੱਚ ਸਮਰਥਕਾਂ ਨੂੰ ਸੰਬੋਧਨ ਕੀਤਾ। ਬਾਇਡਨ ਨੇ ਨਤੀਜੇ ਹਾਂ-ਪੱਖੀ ਹੋਣ ਦੀ ਗੱਲ ਕਰਦਿਆਂ ਵੋਟਰਾਂ ਨੂੰ ਅਜੇ ਸਬਰ ਰੱਖਣ ਲਈ ਕਿਹਾ। ਊਨ੍ਹਾਂ ਕਿਹਾ ਕਿ ਊਨ੍ਹਾਂ ਨੂੰ ਪੈਨਸਿਲਵੇਨੀਆ ਅਤੇ ਮਿਸ਼ੀਗਨ ਵਿੱਚ ਜਿੱਤ ਦੀ ਵੱਡੀ ਊਮੀਦ ਹੈ। ਊਨ੍ਹਾਂ ਕਿਹਾ, ‘‘ਜਿਵੇਂ ਮੈਂ ਪਹਿਲਾਂ ਵੀ ਕਿਹਾ ਹੈ, ਚੋਣ ਜਿੱਤਣ ਦਾ ਐਲਾਨ ਕਰਨਾ ਮੇਰੇ ਜਾਂ ਡੋਨਲਡ ਟਰੰਪ ਦੇ ਹੱਥ ਵਿੱਚ ਨਹੀਂ ਹੈ। ਇਹ ਅਮਰੀਕਾ ਦੇ ਲੋਕਾਂ ਦਾ ਫ਼ੈਸਲਾ ਹੈ। ਪਰ ਮੈਨੂੰ ਚੋਣ ਨਤੀਜਿਆਂ ਦੇ ਸਾਰਥਕ ਆਊਣ ਦੀ ਊਮੀਦ ਹੈ।’’ ਊਨ੍ਹਾਂ ਅੱਗੇ ਕਿਹਾ, ‘‘ਜਦੋਂ ਤੱਕ ਹਰੇਕ ਵੋਟ ਦੀ ਗਿਣਤੀ ਨਹੀਂ ਹੋ ਜਾਂਦੀ, ਊਦੋਂ ਤੱਕ ਇਹ ਪ੍ਰਕਿਰਿਆ ਖ਼ਤਮ ਨਹੀਂ ਹੋਵੇਗੀ।’’

Previous articleKiara Advani recalls being launched by Akshay Kumar in Bollywood
Next articleElli AvrRam’s way: Eat, paint, love