ਵਾਸ਼ਿੰਗਟਨ (ਸਮਾਜ ਵੀਕਲੀ) : ਭਾਰਤੀ-ਅਮਰੀਕੀ ਵੋਟਰਾਂ ਨੂੰ ਖਿੱਚਣ ਲਈ ਡੈਮੋਕਰੈਟਿਕ ਪਾਰਟੀ ਦੇ ਮੈਂਬਰਾਂ ਨੇ ਬੌਲੀਵੁੱਡ ਫ਼ਿਲਮ ‘ਲਗਾਨ’ ਦੇ ਬੇਹੱਦ ਮਸ਼ਹੂਰ ਗੀਤ ‘ਚਲੇ ਚਲੋ’ ਦਾ ਵੀਡੀਓ ਰੀਮਿਕਸ ਰਿਲੀਜ਼ ਕੀਤਾ ਹੈ। ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਡੈਮੋਕਰੈਟਿਕ ਜੋਅ ਬਾਇਡਨ ਤੇ ਕਮਲਾ ਹੈਰਿਸ ਦੇ ਹਮਾਇਤੀ ਰਿਪਬਲਿਕਨ ਟਰੰਪ-ਪੈਂਸ ਦੀ ਜੋੜੀ ਨੂੰ ਟੱਕਰ ਦੇਣ ਲਈ ਹਰ ਹੀਲਾ ਵਰਤ ਰਹੇ ਹਨ।
‘ਚਲੇ ਚਲੋ, ਚਲੇ ਚਲੋ, ਬਾਇਡਨ ਕੋ ਵੋਟ ਦੋ, ਬਾਇਡਨ ਕੀ ਜੀਤ ਹੋ, ਉਨਕੀ ਹਾਰ ਹੋ’ ਇਸ ਰੀਮਿਕਸ ਗੀਤ ਦੇ ਬੋਲ ਹਨ। ਗੀਤ ਨੂੰ ਸਿਲੀਕੌਨ ਵੈਲੀ ਅਧਾਰਿਤ ਬੌਲੀਵੁੱਡ ਗਾਇਕ ਤਿਤਲੀ ਬੈਨਰਜੀ ਨੇ ਗਾਇਆ ਹੈ। ਇਸ ਨੂੰ ਉੱਦਮੀ ਜੋੜੇ ਅਜੈ ਤੇ ਵਿਨੀਤਾ ਭੁਟੋਰੀਆ ਨੇ ਰਿਲੀਜ਼ ਕੀਤਾ ਹੈ। ਗੀਤ ਨੂੰ ਸੋਸ਼ਲ ਮੀਡੀਆ ਉਤੇ ਰਿਲੀਜ਼ ਕਰਨ ਤੋਂ ਬਾਅਦ ਭੁਟੋਰੀਆ ਨੇ ਕਿਹਾ ਕਿ ਇਹ ‘ਜੰਗ ਲੜਨ ਵਾਲਾ ਗੀਤ ਹੈ, ਇਸ ਵਿਚ ਭਾਰਤੀਆਂ ਦੀ ਜਸ਼ਨ ਮਨਾਉਣ ਵਾਲੀ ਊਰਜਾ ਹੈ। ਇਹ ਸਾਡੇ ਭਾਈਚਾਰੇ ਨੂੰ ਜਗਾਉਣ ਤੇ ਨਵੰਬਰ ਵਿਚ ਬਾਇਡਨ-ਹੈਰਿਸ ਜੋੜੀ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰੇਗਾ।’