ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੀ ਟੀਮ ਵਿੱਚ ਨਿਯੁਕਤ ਕੀਤੇ ਗਏ ਲੋਕਾਂ ਵਿਚ 61 ਫ਼ੀਸਦ ਔਰਤਾਂ ਹਨ ਜਦੋਂਕਿ 54 ਫ਼ੀਸਦ ਲੋਕ ਵੱਖ-ਵੱਖ ਨਸਲਾਂ ਦੇ ਲੋਕ ਹਨ। ਬਾਇਡਨ ਦੀ ਟੀਮ ਨੇ ਕਿਹਾ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਪ੍ਰਸ਼ਾਸਨ ਦੇਸ਼ ਦੀਆਂ ਸਭ ਤੋਂ ਮੁਸ਼ਕਲ ਚੁਣੌਤੀਆਂ ਦੇ ਹੱਲ ਲਈ ਵੱਖ-ਵੱਖ ਵਿਚਾਰਧਾਰਾ, ਪਿਛੋਕੜ ਅਤੇ ਕੁਸ਼ਲ ਪ੍ਰਤਿਭਾਸ਼ਾਲੀ ਲੋਕਾਂ ਨੂੰ ਨਿਯੁਕਤ ਕਰੇਗਾ।
ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਬੁੱਧਵਾਰ ਨੂੰ ਆਪਣੀ ਟੀਮ ਵਿੱਚ 100 ਮੈਂਬਰ ਨਿਯੁਕਤ ਕਰਨ ਦਾ ਟੀਚਾ ਰੱਖਿਆ ਹੈ। ਇਹ ਕੁਸ਼ਲ ਲੋਕ ਵ੍ਹਾਈਟ ਹਾਊਸ ਵਿੱਚ ਆਪਣਾ ਯੋਗਦਾਨ ਪਾਉਣਗੇ। ਵ੍ਹਾਈਟ ਪ੍ਰਸ਼ਾਸਨ ਹੁਣ ਅਸਲ ਅਮਰੀਕਾ ਵਰਗਾ ਦਿਖੇਗਾ ਅਤੇ ਉਹ ਪਹਿਲੇ ਦਿਨ ਤੋਂ ਹੀ ਅਮਰੀਕਾ ਦੇ ਲੋਕਾਂ ਦੀ ਭਲਾਈ ਦੇ ਇਰਾਦੇ ਨਾਲ ਕੰਮ ਕਰਨ ਲਈ ਤਿਆਰ ਹੋਵੇਗਾ। ਟੀਮ ਨੇ ਕਿਹਾ ਕਿ ਸਭ ਤੋਂ ਪਹਿਲਾਂ ਨਿਯੁਕਤ ਕੀਤੇ ਜਾਣ ਵਾਲੇ 100 ਲੋਕਾਂ ਵਿੱਚੋਂ 61 ਫ਼ੀਸਦ ਔਰਤਾਂ, 54 ਫ਼ੀਸਦ ਵੱਖ-ਵੱਖ ਨਸਲਾਂ ਦੇ ਲੋਕ ਅਤੇ 11 ਫ਼ੀਸਦ ਲੋਕ ਐੱਲਜੀਬੀਟੀਕਿਊ ਪਲੱਸ ਫਿਰਕੇ ਦੇ ਲੋਕ ਸ਼ਾਮਲ ਹੋਣਗੇ।