ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅੱਜ ਕਿਹਾ ਕਿ ਦੱਖਣੀ ਏਸ਼ਿਆਈ ਮੁਲਕਾਂ ਨੂੰ ‘ਬਹੁ ਗਿਣਤੀ ਤੇ ਘੱਟ ਗਿਣਤੀ ਦੀ ਮਾਨਸਿਕਤਾ’ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਕਿਉਂਕਿ ਕਿਸੇ ਵੀ ਖਿੱਤੇ ਦੀ ਮਜ਼ਬੂਤੀ ਬਹੁਲਵਾਦ ਨਾਲ ਹੁੰਦੀ ਹੈ।
ਉਹ ਇੱਥੇ ਭਾਰਤ ਆਰਥਿਕ ਸਿਖਰ ਸੰਮੇਲਨ ਦੇ ਸੈਸ਼ਨ ਨੂੰ ਸੰਬੋਧਨ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਬਿਮਸਟੈਕ, ਬੀਬੀਆਈਐੱਮ, ਬੀਸੀਆਈਐੱਮ ਅਤੇ ਸਾਰਕ ਵਰਗੇ ਸਮੂਹਾਂ ਨਾਲ ਖੇਤੀ ਸਹਿਯੋਗ ’ਤੇ ਜ਼ੋਰ ਦਿੰਦਾ ਰਿਹਾ ਹੈ। ਉਨ੍ਹਾਂ ਕਿਹਾ, ‘ਸੰਪਰਕ ਸਥਾਪਤ ਕਰਨ ਨਾਲ ਸਾਨੂੰ ਇੱਕ ਦੂਜੇ ਨਾਲ ਸਹਿਯੋਗ ਕਰਨ ਦਾ ਰਾਹ ਮਿਲੇਗਾ।’
ਹਸੀਨਾ ਨੇ ਕਿਹਾ ਕਿ ਪਿਛਲੇ ਦਹਾਕੇ ’ਚ ਕਈ ਚੰਗੇ ਖੇਤਰੀ ਵਿਚਾਰਾਂ ਨਾਲ ਪਹਿਲਕਦਮੀਆਂ ਸਾਹਮਣੇ ਆਈਆਂ ਜਿਨ੍ਹਾਂ ’ਚੋਂ ਕੁਝ ਕਾਮਯਾਬ ਰਹੀਆਂ ਜਦਕਿ ਕੁਝ ਨਾਕਾਮ ਰਹੀਆਂ। ਉਨ੍ਹਾਂ ਕਿਹਾ, ‘ਅਗਲੇ ਦਹਾਕੇ ’ਚ ਸਾਨੂੰ ਕੁਝ ਸਿਧਾਂਤਾਂ ਦਾ ਪਾਲਣ ਕਰਨਾ ਚਾਹੀਦਾ ਹੈ। ਸਭ ਤੋਂ ਪਹਿਲਾਂ ਸਾਨੂੰ ਆਪਣੇ ਸਮਾਜ ਦੇ ਹਰ ਵਿਅਕਤੀ ਲਈ ਅਮਨ, ਸਥਿਰਤਾ ਅਤੇ ਸਦਭਾਵਨਾ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਨੂੰ ਬਹੁ ਗਿਣਤੀ-ਘੱਟ ਗਿਣਤੀ ਦੀ ਮਾਨਸਿਕਤਾ ਤੋਂ ਅੱਗੇ ਵਧਣਾ ਚਾਹੀਦਾ ਹੈ। ਬਹੁਲਤਾ ਦੱਖਣੀ ਏਸ਼ੀਆ ਦੀ ਤਾਕਤ ਰਹੀ ਹੈ।’
ਉਨ੍ਹਾਂ ਕਿਹਾ ਕਿ ਖੇਤਰ ਦੇ ਦੇਸ਼ਾਂ ਨੂੰ ਦੱਖਣੀ ਏਸ਼ੀਆ ਦੀ ਖੇਤਰੀ, ਜਾਤੀ ਅਤੇ ਭਾਸ਼ਾਈ ਵੰਨ-ਸੁਵੰਨਤਾ ਦਾ ਜਸ਼ਨ ਮਨਾਉਣ ਦੇ ਸਮਰੱਥ ਹੋਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਇਹ ਵੀ ਪੱਕਾ ਕਰਨਾ ਚਾਹੀਦਾ ਹੈ ਕਿ ਸਮਾਜ ਵਿਚਲੀਆਂ ਨਾਬਰਾਬਰੀਆਂ ਹੋਰ ਨਾ ਵਧਣ।
HOME ਬਹੁ ਗਿਣਤੀ-ਘੱਟ ਗਿਣਤੀ ਦੀ ਮਾਨਸਿਕਤਾ ’ਚੋਂ ਨਿਕਲਣਾ ਜ਼ਰੂਰੀ: ਹਸੀਨਾ