ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅੱਜ ਸਿਆਸੀ ਪਾਰਟੀਆਂ ਨੂੰ ਯਾਦ ਦਿਵਾਇਆ ਕਿ ਭਾਵੇਂ ਉਹ ਬਹੁਤ ਸਾਰੀਆਂ ਸੀਟਾਂ ਜਿੱਤ ਕੇ ਸੱਤਾ ਵਿੱਚ ਆਏ ਹਨ ਪਰ ਉਨ੍ਹਾਂ ਨੂੰ ਅਜਿਹੇ ਵੱਡੀ ਗਿਣਤੀ ਲੋਕਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟ ਨਹੀਂ ਪਾਈ ਹੈ। ਇੱਥੇ ਰਾਜਥਸਾਨ ਵਿਧਾਨ ਸਭਾ ਵਿੱਚ ਸੈਮੀਨਾਰ ਮੌਕੇ ਸੰਬੋਧਨ ਕਰਦਿਆਂ ਮੁਖਰਜੀ ਨੇ ਬੀਤੇ ਸਮੇਂ ਦੀ ਗੱਲ ਕਰਦਿਆਂ ਆਖਿਆ ਕਿ ਕੁਝ ਲੋਕ ਸਭਾ ਚੋਣਾਂ ਵੱਡੇ ਬਹੁਮਤ ਨਾਲ ਜਿੱਤੀਆਂ ਗਈਆਂ, ਪਰ ਕਿਸੇ ਵੀ ਪਾਰਟੀ ਨੂੰ 50 ਫ਼ੀਸਦੀ ਤੋਂ ਵੱਧ ਵੋਟਾਂ ਨਹੀਂ ਮਿਲੀਆਂ। ਮੁਖਰਜੀ ਨੇ ਕਿਹਾ, ‘‘ਹੈਰਾਨੀ ਦੀ ਗੱਲ ਹੈ ਕਿ ਬਹੁਤ ਵਾਰ ਪਾਰਟੀਆਂ ਨੂੰ ਬਹੁਮੱਤ ਮਿਲਿਆ ਹੈ ਪਰ ਅੱਧੇ ਤੋਂ ਵੱਧ ਭਾਰਤੀ ਵੋਟਰਾਂ ਨੇ ਕਿਸੇ ਇੱਕ ਪਾਰਟੀ ਦਾ ਸਮਰਥਨ ਨਹੀਂ ਕੀਤਾ ਹੈ। ਨਾ ਅਜਿਹਾ ਪਹਿਲਾਂ ਹੋਇਆ ਸੀ ਅਤੇ ਨਾ ਹੀ ਹੁਣ, ਨਾ ਕਾਂਗਰਸ ਨੂੰ 50 ਫ਼ੀਸਦੀ ਤੋਂ ਵੱਧ ਵੋਟਾਂ ਮਿਲੀਆਂ ਅਤੇ ਨਾ ਹੀ ਭਾਜਪਾ ਨੂੰ।’’ ਉਨ੍ਹਾਂ ਅੱਗੇ ਕਿਹਾ, ‘‘ਭਾਰਤੀ ਵੋਟਰ ਸੱਤਾਧਾਰੀ ਪਾਰਟੀ ਨੂੰ ਦੱਸਦੇ ਹਨ ਕਿ ਅਸੀਂ ਤੁਹਾਨੂੰ ਏਨੀਆਂ ਸੀਟਾਂ ਦੇ ਰਹੇ ਹਾਂ ਕਿ ਤੁਸੀਂ ਸਰਕਾਰ ਬਣਾ ਲਵੋ ਪਰ ਕ੍ਰਿਪਾ ਕਰਕੇ ਇਹ ਯਾਦ ਰੱਖਿਓ ਕਿ ਤੁਹਾਡੇ ਕੋਲ ਸਾਡੀਆਂ ਸਾਰੀਆਂ ਵੋਟਾਂ ਨਹੀਂ ਹਨ। ਇਸ ਦਾ ਅਰਥ ਇਹ ਹੋਇਆ ਕਿ ਤੁਹਾਨੂੰ ਉਨ੍ਹਾਂ ਨੂੰ ਵੀ ਨਾਲ ਲੈ ਕੇ ਚੱਲਣਾ ਪਵੇਗਾ, ਜਿਨ੍ਹਾਂ ਨੇ ਤੁਹਾਨੂੰ ਵੋਟ ਨਹੀਂ ਪਾਈ ਹੈ ਕਿਉਂਕਿ ਉਹ ਵੀ ਇਸ ਲੋਕਤੰਤਰ ਦਾ ਹਿੱਸਾ ਹਨ।’’ ਸਾਬਕਾ ਰਾਸ਼ਟਰਪਤੀ ਦਾ ਇਹ ਸੰਬੋਧਨ ਭਾਜਪਾ ਦੀ ਲੋਕ ਸਭਾ ਚੋਣਾਂ ਵਿੱਚ ਹੋਈ ਜਿੱਤ ਤੋਂ ਦੋ ਮਹੀਨੇ ਬਾਅਦ ਆਇਆ ਹੈ। ਇਨ੍ਹਾਂ ਚੋਣਾਂ ਵਿੱਚ ਭਾਜਪਾ ਨੇ ਭਾਵੇਂ 303 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਪਰ ਪਾਰਟੀ ਦਾ ਵੋਟ ਸ਼ੇਅਰ 40 ਫੀਸਦੀ ਸੀ।
INDIA ਬਹੁਮੱਤ ਮਿਲਣ ਵਾਲੀਆਂ ਪਾਰਟੀਆਂ ਵੋਟ ਨਾ ਪਾਉਣ ਵਾਲਿਆਂ ਨੂੰ ਵੀ ਨਾਲ ਲੈ...