(ਸਮਾਜ ਵੀਕਲੀ)
” ਇਮਾ ਊ ਤਵਾ ਪੁਰੂਵਸੋਭੀ ਪ੍ਰ ਨੋਨੂਵੂਗਿਰਾ।
ਗਾਵੋ ਵਤਸੰਮ ਨਾ ਧੇਨਵਾ ॥ “
– ਸਾਮਵੇਦ।
ਪ੍ਰਾਣੀ ਜਦੋਂ ਧਰਤੀ ‘ਤੇ ਜਨਮ ਲੈਂਦਾ ਹੈ ਤਾਂ ਦੁਨੀਆਂ ਵਿੱਚ ਉਸ ਦੀ ਆਪਣੀ ਕੋਈ ਪਹਿਚਾਣ , ਕੋਈ ਵਿਸ਼ੇਸ਼ਤਾ ਅਤੇ ਕੋਈ ਵੱਖਰੀ ਹੋਂਦ ਨਹੀਂ ਹੁੰਦੀ , ਪਰ ਸੋਝੀ ਸੰਭਾਲਣ ਤੋਂ ਬਾਅਦ ਉਸ ਦੇ ਵਿਚਾਰ , ਉਸ ਦੀ ਸੋਚ ਤੇ ਉਸ ਦੇ ਕਰਮ ਹੀ ਉਸ ਦੀ ਵਿਸ਼ੇਸ਼ ਹੋਂਦ ਦੀ ਗਵਾਹੀ ਭਰਦੇ ਹਨ। ਆਪਣੀ ਇੱਕ ਵੱਖਰੀ ਤੇ ਮਹਾਨ ਹੋਂਦ ਬਣਾਉਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਸਗੋਂ ਇਸ ਦੇ ਲਈ ਤਿਆਗ ਅਤੇ ਸਵੈ – ਇੱਛਾ ਜਿਹੇ ਅਦੁੱਤੀ ਤੇ ਮਹਾਨਤਾ ਸਮਾਹਿਤ ਕਰੀ ਬੈਠੇ ਗੁਣਾਂ ਦਾ ਅਸਤੀਤਵ ਬਹੁਤ ਜ਼ਰੂਰੀ ਹੈ।
ਅਜਿਹੇ ਗੁਣਾਂ ਦੀ ਮਾਲਕਣ ਤੇ ਬਹੁਪੱਖੀ ਸਖ਼ਸ਼ੀਅਤ ਦੀ ਧਾਰਨੀ ਹੈ : ਮੈਡਮ ਗੁਰਪ੍ਰੀਤ ਕੌਰ ਲਾਡਲ। ਮੈਡਮ ਗੁਰਪ੍ਰੀਤ ਕੌਰ ਲਾਡਲ ਜੀ ਆਪਣੇ ਸਕੂਲ , ਸਮਾਜ , ਵਿਦਿਆਰਥੀਆਂ ਤੇ ਮਾਨਵਤਾ ਪ੍ਰਤੀ ਹਰ ਪੱਖੋਂ ਸਮਰਪਿਤ ਸ਼ਖ਼ਸੀਅਤ ਹਨ , ਜੋ ਕਿ ਸਮੇਂ ਅਤੇ ਸਥਾਨ ਅਨੁਸਾਰ ਸਾਹਮਣੇ ਆਈ ਜ਼ਿੰਮੇਵਾਰੀ ਤੇ ਕਾਰਜਾਂ ਤੋਂ ਕਦੇ ਮੂੰਹ ਨਹੀਂ ਮੋੜਦੇ। ਉਨ੍ਹਾਂ ਦੇ ਅਨੁਸਾਰ ਉਨ੍ਹਾਂ ਦੇ ਹਰ ਕਾਰਜ ਵਿੱਚ ਉਨ੍ਹਾਂ ਦੇ ਪਤੀ ਸ੍ਰੀ ਗੁਰਿੰਦਰ ਸਿੰਘ ਲਾਡਲ ਜੀ ਅਤੇ ਪਿਆਰੇ ਪਰਿਵਾਰ ਦਾ ਭਰਪੂਰ ਸਾਥ ਤੇ ਸਹਿਯੋਗ ਰਹਿੰਦਾ ਹੈ। ਮੈਡਮ ਗੁਰਪ੍ਰੀਤ ਕੌਰ ਲਾਡਲ ਜੀ ਦੀ ਖਾਸ ਵਿਸ਼ੇਸ਼ਤਾ ਇਹ ਵੀ ਹੈ ਕਿ ਜਿੱਥੇ ਖ਼ੁਦ ਰੰਗਮੰਚ ਤੇ ਸੰਗੀਤ ਦਾ ਸ਼ੌਕ ਰੱਖਦੇ ਹਨ , ਉੱਥੇ ਹੀ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਇਸ ਪ੍ਰਤੀ ਗੁੜ੍ਹਤੀ ਦਿੰਦੇ ਰਹਿੰਦੇ ਹਨ।
ਮੈਡਮ ਲਾਡਲ ਜੀ ਆਪਣੇ ਸੁਭਾਵਿਕ ਗੁਣ ਸਦਕਾ ਬੱਚਿਆਂ ਦੇ ਅੰਦਰ ਛੁਪੇ ਹੋਏ ਵਿਸ਼ੇਸ਼ ਗੁਣਾਂ , ਉਨ੍ਹਾਂ ਦੀਆਂ ਸਵੈ – ਕੇਂਦਰਿਤ ਰੁਚੀਆਂ ਤੇ ਉਨ੍ਹਾਂ ਦੇ ਹੁਨਰਾਂ ਨੂੰ ਜਾਣਨ , ਲੱਭਣ ਤੇ ਤਰਾਸ਼ਣ ਦੀ ਭਰਪੂਰ ਕੋਸ਼ਿਸ਼ ਕਰਦੇ ਹਨ ਤਾਂ ਜੋ ਉਹਨਾਂ ਨੂੰ ਵਿਕਸਤ ਕਰਕੇ ਸਾਹਮਣੇ ਲਿਆਂਦਾ ਜਾ ਸਕੇ। ਮੈਡਮ ਗੁਰਪ੍ਰੀਤ ਕੌਰ ਲਾਡਲ ਜੀ ਦੀ ਯੋਗ ਅਗਵਾਈ ਸਦਕਾ ਲਗਭਗ ਵੀਹ ਬੱਚੇ ਰਾਜ – ਪੱਧਰੀ ਖੇਡਾਂ ਵਿੱਚ ਭਾਗੀਦਾਰੀ ਦਰਜ ਕਰਵਾ ਚੁੱਕੇ ਹਨ। ਆਨਲਾਈਨ ਪੜ੍ਹਾਈ ਤਹਿਤ ਉਨ੍ਹਾਂ ਵੱਲੋਂ ਦੋ ਸੌ ਪੰਜਾਹ ਦੇ ਕਰੀਬ ਵਿੱਦਿਅਕ – ਵੀਡਿਓ ਬਣਾ ਦਿੱਤੀਆਂ ਗਈਆਂ। ਰੋਜ਼ਾਨਾ ਸਵੇਰ ਦੀ ਸਭਾ ਦੀ ਵਿਸ਼ੇਸ਼ ਤੌਰ ‘ਤੇ ਪ੍ਰਭਾਵਸ਼ਾਲੀ ਤੇ ਸਿੱਖਿਆਦਾਇਕ ਪੇਸ਼ਕਾਰੀ ਕੀਤੀ ਗਈ।
ਜਲੰਧਰ ਦੂਰਦਰਸ਼ਨ ‘ਤੇ ਵਿੱਦਿਅਕ ਪ੍ਰੋਗਰਾਮਾਂ ਦੇ ਪ੍ਰਸਤੁਤੀਕਰਨ ਹਿੱਤ ਲਗਪਗ ਸਤਾਰਾਂ ਵਾਰ ਪ੍ਰਭਾਵਕਾਰੀ ਹਾਜ਼ਰੀ ਲਗਵਾਈ ਗਈ , ਜੋ ਕਿ ਆਪਣੇ – ਆਪ ਵਿੱਚ ਇੱਕ ਕੀਰਤੀਮਾਨ ਹੈ। ਉਨ੍ਹਾਂ ਵੱਲੋਂ ਡੀ.ਡੀ. ਪੰਜਾਬੀ ਦੇ ਟੈਲੀਵਿਜ਼ਨ ਪ੍ਰੋਗਰਾਮ ” ਨੰਨ੍ਹੇ ਉਸਤਾਦ ” ਦੇ ਸੰਡੇ ਸਪੈਸ਼ਲ ਪ੍ਰੋਗਰਾਮ ਵਿੱਚ ਵੀ ਕਹਾਣੀਆਂ ਦੀ ਪੇਸ਼ਕਾਰੀ ਬਹੁਤ ਰੁਚੀਕਰ ਢੰਗ ਤੇ ਵਿਉਂਤਬੱਧਤਾ ਨਾਲ ਕਰਕੇ ਆਪਣੀ ਵਿਸ਼ੇਸ਼ਤਾ ਦਾ ਲੋਹਾ ਮਨਵਾਇਆ ਗਿਆ । ਉਨ੍ਹਾਂ ਦੀ ਯੋਗ ਰਹਿਨੁਮਾਈ ਤਹਿਤ ਵਿਦਿਆਰਥੀਆਂ ਨੇ ਬਹੁਤ ਸਾਰੇ ਆੱਨਲਾਈਨ ਵਿੱਦਿਅਕ ਮੁਕਾਬਲਿਆਂ ਵਿੱਚ ਵੀ ਮੱਲਾਂ ਮਾਰੀਆਂ।
ਬੱਚਿਆਂ ਦੇ ਮੁਕਾਬਲਿਆਂ ਤੋਂ ਇਲਾਵਾ ਅਧਿਆਪਕ – ਮੁਕਾਬਲਿਆਂ ਵਿੱਚ ਵੀ ਮੈਡਮ ਗੁਰਪ੍ਰੀਤ ਕੌਰ ਲਾਡਲ ਸੁੰਦਰ ਲਿਖਾਈ , ਕਵਿਤਾ ਉਚਾਰਣ ਆਦਿ – ਆਦਿ ਮੁਕਾਬਲਿਆਂ ਵਿੱਚ ਜ਼ਿਲ੍ਹਾ ਪੱਧਰ ‘ਤੇ ਝੰਡੇ ਗੱਡ ਚੁੱਕੇ ਨੇ। ਮੈਡਮ ਗੁਰਪ੍ਰੀਤ ਕੌਰ ਲਾਡਲ ਜੀ ਦੀ ਮਿਹਨਤ , ਲਗਨ , ਸਵੈ – ਵਿਸ਼ਵਾਸ , ਸਮਰਪਣ ਤੇ ਸਕਾਰਾਤਮਕ ਸੋਚ ਦੇ ਫਲਸਰੂਪ ਸਮੇਂ – ਸਮੇਂ ‘ਤੇ ਗ੍ਰਾਮ ਪੰਚਾਇਤ , ਜ਼ਿਲ੍ਹਾ ਮੈਜਿਸਟ੍ਰੇਟ , ਕੈਬਨਿਟ ਮੰਤਰੀ , ਫੇਸਬੁੱਕ ਮੰਚ , ਰੋਟਰੀ ਕਲੱਬ ਰੂਪਨਗਰ ਅਤੇ ਬਹੁਤ ਹੀ ਸਤਿਕਾਰਯੋਗ ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ( I.A.S.) ਵੱਲੋਂ ਸਨਮਾਨਤ ਕੀਤਾ ਜਾ ਚੁੱਕਾ ਹੈ।
ਆਪਣੀ ਸਫਲਤਾ ਤੇ ਪ੍ਰਾਪਤੀਆਂ ਬਾਰੇ ਮੈਡਮ ਗੁਰਪ੍ਰੀਤ ਕੌਰ ਲਾਡਲ ਜੀ ਦਾ ਕਹਿਣਾ ਹੈ ,
” ਮੰਜ਼ਿਲ ਯੂੰ ਹੀ ਨਹੀਂ ਮਿਲਤੀ ਰਾਹੀ ਕੋ ,
ਥੋੜ੍ਹਾ ਸਾ ਜੁਨੂੰਨ ਜਗਾਨਾ ਹੋਤਾ ਹੈ ,
ਪੂਛਾ ਚਿਡ਼ੀਆ ਸੇ ਕਿ ਘੌੰਸਲਾ ਕੈਸੇ ਬਨਤਾ ਹੈ ?
ਬੋਲੀ ਤਿਨਕਾ – ਤਿਨਕਾ ਉਠਾਨਾ ਪੜ੍ਹਤਾ ਹੈ। “
ਸ੍ਰੀ ਅਨੰਦਪੁਰ ਸਾਹਿਬ .
9478561356.