ਬਹੁਪੱਖੀ ਕਲਾਕਾਰ- ਗੁਰਚੇਤ ਚਿੱਤਰਕਾਰ

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ)

ਕਮੇਡੀ ਕਲਾਕਾਰ ਬਹੁਤ ਹੋਏ ਖ਼ਰੈਤੀ ਭੈਂਗਾ ਜੋ ਅਪਣੀਆਂ ਭੈਂਗੀਆ ਅੱਖਾਂ ਮਟਕਾ ਕੇ ਲੋਕਾਂ ਨੂੰ ਹਸਾਉਂਦਾ ਰਿਹਾ ਮਿਹਰ ਮਿੱਤਲ ਪਰਦੇ ਤੇ ਆਉਂਦਾ ਸੀ,ਤਾਂ ਲੋਕਾਂ ਦਾ ਦੇਖ ਕੇ ਹੀ ਹਾਸਾ ਨਿਕਲ ਜਾਂਦਾ ਸੀ।ਇਕ ਵਿਲੱਖਣ ਕਮੇਡੀ ਕਲਾਕਾਰ ਹੋਇਆ,ਗੁਰਚੇਤ ਚਿੱਤਰਕਾਰ ਜੋ ਅਪਣੀ ਕਮੇਡੀ ਦੇ ਨਾਲ ਨਾਲ, ਵੱਡੇ ਵੱਡੇ ਸੁਨੇਹੇ ਦਿੰਦਾ ਆ ਰਿਹਾ,ਜੋ ਸਮਾਜ ਨੂੰ ਉਸਾਰੂ ਸੇਧ ਦੇ ਤੌਰ ‘ਤੇ ਦੇਖੇ ਜਾ ਸਕਦੇ ਹਨ। ਜਿਸ ਦੇ ਨਾਟਕ ਫਿਲਮਾਂ ਹਸਾਉਣ ਵਾਲੇ ਹੁੰਦੇ ਹਨ ਤੇ ਆਖਿਰ ਚ ਐਸੀ ਗਲ ਕਹਿ ਜਾਦੇ ਕੋਈ ਵੱਡਾ ਵਿਦਵਾਨ ਨਹੀ ਕਹਿ ਸਕਦਾ,ਅਜਿਹਾ ਸੁਨੇਹਾ ਦੇ ਜਾਂਦੇ ਜੋ ਸਾਡੇ ਸਮਾਜ ਅਤੇ ਲੋਕਾਂ ਦੇ ਸਿੱਧਾ ਦਿਲ ‘ਤੇ ਅਸਰ ਕਰਦੇ।

ਕੁਨੀਨ ਦੀ ਗੋਲੀ ਜੋ ਗੁੜ ਚ ਲਪੇਟ ਕੇ ਦਿੰਦੇ ਹੋ ਕਮੇਡੀ ਵਿਚ ਕ੍ਰਾਂਤੀਕਾਰੀ, ਬਾਗੀ, ਉਸਾਰੂ ਸੋਚ, ਸਮਾਜ ਸਰਕਾਰਾਂ ਪ੍ਰਤੀ ਕਰਾਰੀਆ ਚੋਟਾਂ ਮਾਰਦੇ ਹੋ ਗੁਰਚੇਤ ਨਿਡਰ ਕਲਾਕਾਰ ਹੈ, ਜੋ ਸੱਚ ਨੂੰ ਨਿੱਧੜਕ ਹੋ ਕੇ ਲੋਕਾਂ ਸਾਹਮਣੇ ਕਮੇਡੀ ਦੇ ਰੂਪ ਚ ਪੇਸ਼ ਕਰਦਾ ਹੈ। ਗੁਰਚੇਤ ਚਿੱਤਰਕਾਰ ਨੇ ਆਪਣਾ ਸਫ਼ਰ ਫੌਜੀ ਦੀ ਫੈਮਲੀ ਤੋ ਸ਼ੁਰੂ ਕੀਤਾ ਅਤੇ ਹੁਣ ਤੱਕ ਲਗਾਤਾਰ ਫੈਮਲੀ 420 ਤੋ 434 ਤੱਕ ਲੜੀ ਵਾਰ ਬਣਾਉਦਾ ਆ ਰਿਹਾ ਹੈ ।

ਪਰਿਵਾਰ ਦੇ ਵਿਚ ਸਾਰੇ ਘਰਦੇ ਜੀਅ ਬੈਠਕੇ ਇਹ ਲੜੀਵਾਰ ਫ਼ਿਲਮਾਂ ਦੇਖਦੇ ਹਨ ਤਾਂਹੀ ਗੁਰਚੇਤ ਨੂੰ ਫੈਮਲੀ ਕਲਾਕਾਰ ਵੀ ਕਿਹਾ ਜਾਂਦਾ ਹੈ। ਗੁਰਚੇਤ ਚਿੱਤਰਕਾਰ ਸਾਲ ਦੇ ਵਿੱਚ ਇਕ ਵਲਡ ਟੂਰ ਲਾਉਂਦੇ ਹਨ,ਹਰ ਸਾਲ ਨਵਾ ਨਾਟਕ ਪੇਸ਼ ਕਰਦੇ। ਤਿੰਨ ਪੀੜ੍ਹੀਆਂ ਇਹਨਾਂ ਦੇ ਨਾਟਕ ਨੂੰ ਵੇਖਣ ਆਉਂਦੀਆਂ ਹਨ ਦਾਦਾ ਪੁੱਤ ਪੋਤੇ ਪੋਤੀਆਂ, ਇਸੇ ਕਰਕੇ ਸਾਰੇ ਨਾਟਕ ਸੋਲਡ ਆਉਟ ਹੁੰਦੇ ਹਨ ,ਬਹੁਤ ਸਾਰੇ ਲੋਕਾਂ ਨੂੰ ਟਿਕਟਾਂ ਨੀ ਮਿਲਦਿਆਂ। ਮੈਂ ਲਗਾਤਾਰ ਕਈ ਮਹੀਨੇ ਤੋਂ ਗੁਰਚੇਤ ਚਿੱਤਰਕਾਰ ਉਪਰ ਰਿਸਰਚ ਕੀਤੀ, ਕਰੋਨਾ ਮਹਾਂਮਾਰੀ ਦੇ ਸਮੇਂ ਵਿੱਚ ਲੋਕਾਂ ਨੂੰ ਜਾਗਰੂਕ ਕਰਦਾ ਰਿਹਾ। ਕਿਸਾਨ ਸੰਘਰਸ਼ ਵਿੱਚ ਗੁਰਚੇਤ ਦਾ ਜੋ ਅਹਿਮ ਯੋਗਦਾਨ ਰਿਹਾ,ਇਤਿਹਾਸ ਉਸਨੂੰ ਹਮੇਸ਼ਾ ਯਾਦ ਰੱਖੂਗਾ ਕਿ ਗੁਰਚੇਤ ਕਿਸਾਨ ਅੰਦੋਲਨ ਪ੍ਰਤੀ ਨਾਟਕ, ਫਿਲਮਾ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਉਨ੍ਹਾਂ ‘ਚ ਜ਼ੋਸ ਭਰਦਾ ਰਿਹਾ। ਅੱਜ ਗੁਰਚੇਤ ਨਾਲ ਸਾਂਝੀਆਂ ਕੀਤੀਆ ਗੱਲਾਂ ਪੇਸ਼ ਨੇ …

ਪ੍ਰਸ਼ਨ – ਗੁਰਚੇਤ ਵੀਰਿਆ ਅੱਜ ਮੇਰੇ ਅੜਿੱਕੇ ਆ ਹੀ ਗਿਆ, ਬਹੁਤ ਮੁਸ਼ਕਿਲ ਨਾਲ ਸਮਾਂ ਕੱਢਿਆ ?
ਉੱਤਰ – ਬਾਈ ਸ਼ੂਟਿੰਗ ਕਰਕੇ ਸਮਾਂ ਘੱਟ ਮਿਲਦਾ, ਆਪ ਹੀ ਲਿਖਣਾ ਪੈਂਦਾ, ਸਵੇਰੇ ਤਿੰਨ ਵਜੇ ਉੱਠ ਕੇ, ਕਿਉਂਕਿ ਕਿਸਾਨੀ ਸੰਘਰਸ਼ ਵਾਸਤੇ ਕੁੱਝ ਨਾ ਕੁੱਝ ਕਰਦੇ ਰਹਿੰਦੇ ਆ ‘ਚਿੜੀ ਦੇ ਅੱਗ ਬੁਝਾਉਣ ਵਾਂਗ’ ਅਸੀਂ ਵੀ ਮਾੜਾ ਮੋਟਾ ਕਿਸਾਨੀ ਅੰਦੋਲਨ ‘ਚ ਹਿੱਸਾ ਪਾ ਰਹੇ ਹਾਂ ।

ਪ੍ਰਸ਼ਨ – ਮਾੜਾ ਮੋਟਾ ਨਹੀਂ,ਤੁਸੀਂ ਤਾਂ ਹਨੇਰੀਆਂ ਲਿਆ ਰੱਖੀਆਂ ਨੇ, ਲੋਕਾਂ ਵਿੱਚ ਜ਼ੋਸ਼ ਭਰਦੇ ਹੋ,ਦਾਹੜੀ ਲਾਕੇ ਹਰੀ ਪੱਗ ਬੰਨ ਕੇ ਮਾਂ ਦਿਆ ਪੁੱਤਾ ਜਵੀਂ ਕਿਰਸਾਨ ਲੱਗਦੈਂ, ਮੈਂ ਤੁਹਾਡੀਆਂ ਸਾਰੀਆਂ ਵੀਡੀਉ ਦੇਖਦਾ ਮੈਂ ਕਹਿਨਾ ਜਮਾਂ ਸੱਚ ਪੇਸ਼ ਕਰਦੇ ਹੋ। ਤੁਹਾਡਾ ਨਾਟਕ “ਮੋਦੀ ਕਿਸਾਨ ਵਿਰੋਧੀ” ਦੇਖਿਆ ਮੋਦੀ ਦੀ ਜਿੰਨੀ ਮਿੱਟੀ ਪਲੀਤ ਤੂੰ ਕਰਦੈਂ, ਨਹੀ ਕੋਈ ਕਰਦਾ ਹੋਣਾ ?
ਉੱਤਰ – ਦੇਖ ਬਾਈ ਦੁਨੀਆਂ ਦੇ ਪ੍ਰਧਾਨ ਮੰਤਰੀਆ ਦੀ ਕਿੰਨੀ ਇੱਜ਼ਤ ਐ,ਇਕ ਆਹ ਸਾਡੇ ਆਲਾ ਐ ਥਾਂ ਥਾਂ ਤੋਂ ਬੇ-ਇੱਜ਼ਤ ਹੋ ਰਿਹਾ। ਅੱਗੇ ਜਦੋਂ ਪ੍ਰਧਾਨ ਮੰਤਰੀ ਬੋਲਦਾ ਸੀ ਤਾ ਲੋਕ ਖੜ ਖੜ ਕੇ ਸੁਣਦੇ ਸੀ। ਇਹ ਪੱਟੂ ਜਦੋ ਟੀ ਵੀ ਤੇ ਆਉਂਦੈ ਲੋਕ ਟੀ ਵੀ ਬੰਦ ਕਰ ਦਿੱਦੇ ਨੇ ਸਭ ਨੂੰ ਪਤਾ ਬਈ ਇਹਨੇ ਚਵਲਾ ਈ ਮਾਰਨੀਆ ਨੇ ।

ਪ੍ਰਸ਼ਨ – ਵੈਸੇ ਤਾਂ ਸਭ ਨੂੰ ਪਤਾ ਬਈ ਤੇਰਾ ਪਿੰਡ ਈਲਵਾਲ ਐ, ਕਈ ਤਾ ਬੋਲੀ ਤੋਂ ਗੈੱਸ ਲਗਾ ਲੈਂਦੇ ਨੇ ਫਿਰ ਮਾੜਾ ਜਿਹਾ ਆਪਣੇ ਪਿਛੋਕੜ ਬਾਰੇ ਦੱਸਣਾ?
ਉੱਤਰ – ਮੇਰਾ ਪਿੰਡ ਈਲਵਾਲ ਜਿਲ੍ਹਾ ਸੰਗਰੂਰ ਆ। ਪਿਤਾ ਜੀ ਅਨਪੜ੍ਹ ਸਨ,ਜੋ ਹਲ ਵਾਹ ਜਿਮੀਂਦਾਰ ਸੀ ।ਪਿੰਡ ਦੇ ਸਕੂਲ ‘ਚੋਂ ਪੰਜਵੀਂ ਤੇ ਦਸਵੀਂ ਈਲਵਾਲ ਗਗੜਪੁਰ ਸਾਂਝਾ ਸਰਕਾਰੀ ਹਾਈ ਸਕੂਲ ਹੈ,ਉੱਥੋਂ ਕੀਤੀ ,BA ਮਸਤੂਆਣਾ ਸਾਹਿਬ ਤੋਂ । ਮਾਤਾ ਬਲਵੀਰ ਕੋਰ ਜੀ ਨੇ,ਆਪਣੇ ਪੰਜ ਭੈਣ ਭਰਾਵਾਂ ‘ਚੋਂ ਮੈਂ ਸਭ ਤੋਂ ਵੱਡਾ ਹਾਂ, ਸਕੂਲ ਵਿੱਚ ਇੱਕ ਨੰਬਰ ਦਾ ਸ਼ਰਾਰਤੀ ਤੇ ਹੁਸ਼ਿਆਰ ਸੀ। ਹਰ ਸਾਲ ਫਸਟ ਆਉਂਦਾ ਸੀ । ਕਬੱਡੀ ਵੀ ਕੁੱਝ ਸਾਲ ਖੇਡਦਾ ਰਿਹਾ । ਘਰਦੇ ਕੰਮਾਂ,ਜਿਵੇਂ ਮੱਝਾਂ ਨੂੰ ਸਕੂਲ ਜਾਣ ਤੋਂ ਪਹਿਲਾਂ ਕੱਖ ਪਾਕੇ ਜਾਂਦਾ, ਨਲਕਾ ਗੇੜ ਕੇ 20-20 ਮੱਝਾਂ ਨੂੰ ਪਾਣੀ ਪਿਲਾਉਂਦਾ, ਸਕੂਲੋ ਆਕੇ ਚਾਰਦਾ ਫਿਰ ਆਥਣੇ ਪੱਠੇ ਪਾਉਂਦਾ । ਬਾਪੂ ਵਿਹਲਾ ਨਹੀ ਸੀ ਬਹਿਣ ਦਿੰਦਾ, ਨਾਲੇ ਕੰਮ ਕਰੀ ਜਾਂਦਾ ਨਾਲੇ ਰੇਡੀਉ ਸੁਣੀ ਜਾਦਾ ।

ਪ੍ਰਸ਼ਨ – ਬਚਪਨ ਕਿਵੇਂ ਗੁਜ਼ਰਿਆ ?
ਉੱਤਰ – ਜਿਵੇਂ ਪਿੰਡਾਂ ਵਾਲੇ ਜਵਾਕਾਂ ਦਾ ਗੁਜ਼ਰਦਾ ਏ , ਟੋਭਾ ਮੱਝ ਦੀ ਪੂੰਛ ਫੜਕੇ ਪਾਰ ਕਰਨਾ, ਮੀਂਹ ਪੈਂਦੇ ‘ਚ ਪਰਨਾਲੇ ਥੱਲੇ ਨਹਾਉਣਾ, ਮੈ ਹਰੇਕ ਦੀ ਸਾਂਗ ਲਾਉਂਦਾ ਸੀ, ਇਸੇ ਕਰਕੇ ਘਰ ਬੇਸ਼ੁਮਾਰ ਉਲਾਂਭੇ ਆਉਂਦੇ ਸੀ, ਕੁੱਟ ਵੀ ਪੈਦੀ ਸੀ ਪਰ ਮੈ ਢੀਠ ਬੜਾ ਸੀ ।
ਪ੍ਰਸ਼ਨ – ਪੜ੍ਹਨ ਵਿੱਚ ਵੀ ਹੁਸ਼ਿਆਰ, ਸ਼ਰਾਰਤਾਂ ਵਿੱਚ ਵੀ ਮੋਹਰੀ,ਅੱਛਾ ਇਹ ਦੱਸੋ ਨਾਮ ਦੇ ਪਿੱਛੇ ਚਿੱਤਰਕਾਰ ਕਿਵੇਂ ਲੱਗ ਗਿਆ ?
ਉੱਤਰ – ਮੈਂ ਬਚਪਨ ‘ਚ ਕੰਧਾਂ ਕੋਲਿਆਂ ‘ਤੇ ਲਕੀਰਾਂ ਬੜੀਆਂ ਮਾਰਦਾ ਸੀ,ਕਦੇ ਕੁੱਝ ਬਣਾ ਦਿੱਤਾ ਤੇ ਕਦੇ ਕੁੱਝ ਬਸ! ਇਹੀ ਮੇਰਾ ਕਰਮ ਬਣਿਆਂ, ਮੈਂ BA ਕਰਨ ਤੋਂ ਬਾਅਦ ‘ਸ਼ਾਰਟ ਹੈਂਡ’ ਦਾ ਕੋਰਸ ਕੀਤਾ ਤੇ ਸਟੈਨੋ ਦੀ ਨੌਕਰੀ ਮਿਲ ਗਈ। 4 ਕੁ ਮਹੀਨੇ ਬਾਅਦ ਮੇਰਾ ਮਨ ਲੱਗਣੋਂ ਹਟ ਗਿਆ, ਕਿਉਂਕਿ ਪੇਂਟਿੰਗ ਅਤੇ ਐਕਟਿੰਗ ਮੇਰੀ ਰੂਹ ਨੂੰ ਸਕੂਨ ਦਿੰਦੀਆ ਸੀ । ਮੈਂ ਨੌਕਰੀ ਛੱਡ ਤੀ ਘਰੇ ਬਹੁਤ ਕਲੇਸ਼ ਹੋਇਆ ।ਫਿਰ ਪੁਲਿਸ ਦੀ ਭਾਰਤੀ ਆ ਗਈ ਮੈਂ ਸਲੈਕਟ ਹੋ ਗਿਆਂ । ਜਹਾਨ ਖੇਲਾਂ ਟਰੇਨਿੰਗ ਕਰਨ ਚਲਾ ਗਿਆ ਉਸਤਾਦਾਂ ਦਾ ਵਰਤਾਵ ਦੇਖ ਕੇ ਮਨ ਫਿਰ ਉੱਖੜ ਗਿਆ ਤੇ ਮੈਂ ਫਿਰ ਨੌਕਰੀ ਛੱਡਤੀ । ਬਾਪੂ ਨੇ ਡਾਂਗ ਚੱਕਲੀ ਕਹਿੰਦਾ ਤੂੰ ਸਾਲਿਆ ਕਿਸੇ ਪਾਸੇ ਪੂਰੀ ਨੀ ਪਾਉਂਦਾ, ਮਨ ਉਦਾਸ ਹੋਇਆ ਫਿਰ ਮੈਂ ਸੰਗਰੂਰ ਦੇ ਇੱਕ ਪੇਂਟਰ ਸਤੀਸ਼ ਕੁਮਾਰ ਕੋਲ ਪੇਂਟਿੰਗ ਸਿੱਖਣ ਲੱਗ ਗਿਆ । ਸਵੇਰੇ 6 ਵਜੇ ਦੁਕਾਨ ਖੋਲ ਲੈਣੀ ਸਤੀਸ਼ ਜੀ ਦੇਖਦੇ ਸੀ ਕਿੰਨਾ ਜਨੂੰਨੀ ਮੁੰਡਾ, ਕੱਲਰਾਂ ਅੰਦਰ ਰੁਬਾਸੀਲ ਮਾਰੀ, ਸਕੂਟਰਾਂ ਦੀਆਂ ਨੰਬਰ ਪਲੇਟਾਂ ਲਿਖੀਆਂ,ਅਤੇ ਕੰਪੀਟਸ਼ਨ ਵੀ ਨਾਲ – ਨਾਲ ਲੜਦਾ ਰਿਹਾ ।

ਪ੍ਰਸ਼ਨ – ਸਕੂਲ ‘ਚ ਨੀ ਕਦੇ ਚਿੱਤਰਕਾਰੀ ਦਾ ਕੰਪੀਟੀਸ਼ਨ ਲੜਿਆ ?
ਉੱਤਰ – ਬਹੁਤ ਸਾਰੇ ਡਰਾਇੰਗ ਟੀਚਰ ਮੈਨੂੰ ਕੁਨੈਕਸ਼ਨਾਂ ‘ਤੇ ਲੈਕੇ ਜਾਂਦੇ ਸੀ, ਮੇਰੀ ਜਿੰਦਗੀ ਦੀ ਇੱਕ ਸੱਚਾਈ ਐ ਕਿ ਮੈਂ ਅੱਜ ਤੱਕ ਕਦੇ ਵੀ ਸੈਕਿੰਡ ਨਹੀ ਸੀ ਆਇਆ,ਸਗੋਂ ਹਮੇਸ਼ਾ ਫਸਟ ਹੀ ਆਉਂਦਾ ਸੀ । ਮੇਰੇ ਦਸਵੀਂ ‘ਚੋਂ ਡਰਾਇੰਗ ਕਰਕੇ 89% ਨੰਬਰ ਆਏ ਸੀ,
ਮੈਂ ਜਿਥੇ ਵੀ ਕੰਪੀਟੀਸ਼ਨ ਲੜਦਾ ,ਮੈ ਅੱਵਲ ਹੀ ਆਉਂਦਾਜ਼ਾ ਉਸ ਤੋਂ ਬਾਅਦ ਮੇਰੇ ਨਾਮ ਦੇ ਪਿੱਛੇ ਚਿੱਤਰਕਾਰ ਲੱਗ ਗਿਆ । ਮੇਰਾ ਪੇਂਟਿੰਗ ‘ਚ ਹੱਥ ਸਾਫ ਹੋਣ ਕਰਕੇ ਸੰਗਰੂਰ ਦਾ ਹੀ ਇੱਕ ਪੇਂਟਰ ਮੈਨੂੰ ਪੈਸਿਆਂ ਦਾ ਲਾਲਚ ਦੇ ਕੇ ਸਤੀਸ਼ ਕੋਲੋ ਪੱਟ ਕੇ ਲੈ ਗਿਆ ਤੇ ਕੁੱਝ ਮਹੀਨੇ ਮੈਂ ਉਹਦੇ ਕੋਲ ਕੰਮ ਕਰਦਾ ਰਿਹਾਂ, ਪੰਜਾਬ ਦੇ ਕੰਪੀਟੀਸ਼ਨ ਚ ਫਸਟ ਆਇਆ ,ਇਸੇ ਖੁੰਦਕ ਕਰਕੇ ਉਸ ਨੇ ਮੈਨੂੰ ਜੂਸ ਵਿਚ ਪਾਰਾ ਦੇ ਦਿੱਤਾ ਮੈਂ 6 ਮਹੀਨੇ DMC ਵਿਚ ਜਿੰਦਗੀ ਤੇ ਮੌਤ ਨਾਲ ਲੜਦਾ ਰਿਹਾ। ਮੈਂ ਜਿਉਣ ਲਈ ਅੜ ਗਿਆ ਤੇ ਜਿਹੜਾ ਬੰਦਾ ਜਿਉਂਣ ਲਈ ਅੜ ਜਾਵੇ ਮੌਤ ਉਸ ਨੂੰ ਕਦੇ ਨਹੀਂ ਮਾਰ ਸਕਦੀ । ਬਾਪੂ ਨੇ ਪੈਸਾ ਪਾਣੀ ਵਾਂਗ ਵਹਾ ਦਿੱਤਾ ਤੇ ਮੈਨੂੰ ਮਾਂ ਬਾਪ ਤੇ ਲੋਕਾਂ ਦੀਆਂ ਦੁਆਵਾਂ ਨੇ ਬਚਾ ਲਿਆ। ਜੋ ਹੁੰਦਾ ਚੰਗੇ ਨੂੰ ਹੁੰਦਾ, ਮੈਂ ਇੱਕ ਸਾਲ ਫੌੜੀਆਂ ‘ਤੇ ਤੁਰਿਆ, ਘਰਦੇ ਮੈਨੂੰ ਕੈਨਵਸ ਤਿਆਰ ਕਰਕੇ ਦੇ ਦਿੰਦੇ ਸੀ, ਮੈਂ ਬੈਠਾ ਤਸਵੀਰਾਂ ਬਣਾਈ ਜਾਦਾ ਸੀ ।ਫਿਰ ਮੈਂ ਸੰਗਰੂਰ ਬਰਨਾਲਾ ਚੌਂਕ ‘ਚ ਆਪਣੀ ਆਰਟ ਗੈਲਰੀ ਖੋਲ੍ਹ ਲਈ, 5 ਹਜ਼ਾਰ ਤੋਂ ਉੱਪਰ ਤਸਵੀਰਾਂ ਬਣਾਈਆ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਅਜਾਇਬ ਘਰ ਵੀ ਬਣਾਏ ।

ਪ੍ਰਸ਼ਨ – ਨਾਟਕਾਂ ਅਤੇ ਫਿਲਮਾਂ ਦੀ ਲਾਇਨ ‘ਚ ਕਿੱਦਾਂ ਆਏ ?
ਉੱਤਰ – ਪੇਂਟਿੰਗ ਦੇ ਨਾਲ ਨਾਲ ਮੈਂ ਪਿੰਡ ਟੀਮ ਬਣਾ ਕੇ ਪਿੰਡ ਪਿੰਡ ਨਾਟਕ ਕਰਦਾ ਸੀ, ਅਜਮੇਰ ਔਲਖ, ਨਰੰਜਣ ਸਿੰਘ ਪਰੇਮੀ ਵਰਗੇ ਮਹਾਨ ਨਿਰਦੇਸ਼ਕਾਂ ਨਾਲ ਕੰਮ ਕੀਤਾ ਤੇ ਫਿਰ ਮੈਂ ਅਪਣੀ ਕਲਾ ਨੂੰ ਹੋਰ ਨਿਖਾਰਨ ਲਈ ਭਾਈ ਗੁਰਸ਼ਰਨ ਸਿੰਘ ਨਾਲ ਪੰਜ ਸਾਲ ਕੰਮ ਕੀਤਾ ਅਤੇ ਇਹ ਜਨੂੰਨ ਮੈਨੂੰ ਚੰਡੀਗੜ੍ਹ ਲੈ ਆਇਆ, ਫਿਰ ਨਾਟਕਾਂ ਰਾਹੀਂ ਅਸੀ ਪਿੰਡ ਪਿੰਡ ਹੋਕਾ ਦਿੰਦੇ । ਨਸ਼ਿਆਂ ਦੇ ਖਿਲਾਫ਼, ਦਾਜ਼ ਦੇ ਖਿਲਾਫ਼, ਲੋਕ ਸਾਡੇ ਨਾਟਕ ਟਰਾਲੀਆਂ ਭਰ ਭਰ ਕੇ ਦੇਖਣ ਆਉਂਦੇ । ਸਾਡਾ ਨਾਟਕ ਜੋ ਫੌਜੀ ਦੀ ਫੈਮਲੀ ਬਹੁਤ ਮਸ਼ਹੂਰ ਸੀ ,ਬਾਅਦ ਵਿੱਚ ਅਸੀਂ ਇਸ ਨੂੰ ਫਿਲਮ ਬਣਾ ਦਿੱਤਾ ਸੀ,ਅਤੇ ਲੋਕਾਂ ਵਿੱਚ ਪੇਸ਼ ਕੀਤਾ ।

ਪ੍ਰਸ਼ਨ – ਅਸਲ ਮਿਹਨਤ ਤਾਂ ਤੁਸੀਂ ਕੀਤੀ ,ਕੀ ਘਰਦਿਆਂ ਦਾ ਉਸ ਟਾਇਮ ਤੁਹਾਨੂੰ ਸਹਿਯੋਗ ਸੀ ?
ਉੱਤਰ – ਰੱਬ ਰੱਬ ! ਮੇਰੇ ਬਾਪੂ ਨੂੰ ਤਾਂ ਇਹ ਸਭ ਬਿਲਕੁਲ ਵੀ ਪਸੰਦ ਨਹੀਂ ਸੀ, ਹਾਂ ਮਾਂ ਥੋੜ੍ਹਾ ਬਹੁਤ ਸਹਿਯੋਗ ਦੇ ਦਿੰਦੀ ਸੀ । ਇੱਕ ਵਾਰ ਸਾਡਾ ਨਾਟਕ ਜਖੇਪਲ ਪਿੰਡ ਸੀ, ਬਾਪੂ ਕਹਿੰਦਾ ਜੇ ਗਿਆ ਸਾਲੇ ਦੀਆਂ ਟੰਗਾ ਤੋੜੂ, ਸਾਰੀ ਟੀਮ ,ਸਾਊਂਡ ਪਹੁੰਚ ਗਿਆਂ ਸੀ, ਮੈਨੂੰ ਕੁੰਡਾ ਲਾਤਾ ਕਮਰੇ ‘ਚ ,ਮੈਂ ਬੋਚ ਕੇ ਕੁੰਡਾ ਖੋਲ੍ਹ ਕੇ ਸੀਰੀ ਦਾ ਸਾਇਕਲ ਲੈ ਕੇ ਜਖੇਪਲ ਪਹੁੰਚ ਗਿਆ ,ਨਾਟਕ ਬਹੁਤ ਕਾਮਯਾਬ ਰਿਹਾ ਪਰ! ਤੜਕੇ ਨੂੰ ਘਰੇ ਪਤਾ ਲੱਗ ਗਿਆ ,ਬਾਪੂ ਤੋਂ ਬਹੁਤ ਕੁੱਟ ਪਈ।

ਪ੍ਰਸ਼ਨ -ਅੱਛਾ ਗੁਰਚੇਤ ਫਿਲਮਾਂ ਵੱਲ੍ਹ ਕਿਵੇਂ ਰੁਝਾਨ ਹੋਇਆ ?
ਉੱਤਰ – ਆਰਟ ਗੈਲਰੀ ਤੇ ਬਹੁਤ ਮੁੰਡੇ ਰੱਖੇ ਹੋਏ ਸੀ ਜੋ ਮੇਰੇ ਨਾਲ ਨਾਟਕ ਵੀ ਕਰਦੇ ਸੀ । ਅਸੀਂ ਪੇਂਟਿੰਗ ਵੀ ਬਣਾਉਂਦੇ ਤੇ ਨਾਟਕ ਵੀ ਕਰਦੇ ਸੀ । ਸੀ ਡੀ ਦਾ ਯੁੱਗ ਆਇਆ ਸੀ । ਸਾਡਾ ਨਾਟਕ “ਫੌਜੀ ਦੀ ਫੈਮਲੀ ” ਬਹੁਤ ਮਸ਼ਹੂਰ ਸੀ ,ਸਾਡੀ ਟੀਮ ਨੇ ਰਲ ਕੇ ਫਿਲਮ ਬਣਾਉਣ ਵਾਰੇ ਸੋਚਿਆ । ਸਾਨੂੰ ਕੈਮਰੇ ਐਡੀਟਿੰਗ ਬਾਰੇ ਬਹੁਤੀ ਨੌਲਜ਼ ਨਹੀਂ ਸੀ। ਉਸ ਟਾਇਮ ਫੌਜੀ ਦੀ ਫੈਮਲੀ 70 ਹਜਾਰ ਵਿੱਚ ਬਣਾਈ, ਸੋ ਸਾਨੂੰ ਵੇਚਣ ਦਾ ਵੀ ਪਤਾ ਨੀ ਸੀ , ਕਿਸੇ ਨੇ ਸਾਥੋਂ ਫਰੀ ‘ਚ ਲੈ ਕੇ ਰਲੀਜ਼ ਕਰ ਦਿੱਤੀ ਫਿਲਮ ਨੇ ਰਿਕਾਰਡ ਤੋੜ ਸਫਲਤਾ ਪ੍ਰਾਪਤ ਕੀਤੀ, ਕੰਪਨੀ ਵਾਲਿਆਂ ਨੇ ਕਰੋੜਾਂ ਕਮਾਏ ਪਰ! ਸਾਡਾ ਨਾਲ ਬਣ ਗਿਆ। ਫਿਰ ਅਸੀਂ ਪਿੱਛੇ ਮੁੜਕੇ ਨੀ ਦੇਖਿਆ।

ਪ੍ਰਸ਼ਨ – ਗੁਰਚੇਤ ਕਿੰਨੀਆ ਕੁ ਫਿਲਮਾਂ ਬਣਾ ਤੀਆਂ?
ਉੱਤਰ – ਕੋਈ ਗਿਣਤੀ ਨੀ ਬਹੁਤ ਸਾਰੇ ਕਲਾਕਾਰਾਂ ਨੂੰ ਰੋਜੀ ਰੋਟੀ ਪਾਇਆਜ਼ਾ ਸਾਡੀਆਂ ਫੈਮਲੀਆਂ ‘ਚ ਕੰਮ ਕਰਨ ਵਾਲੇ ਕਲਾਕਾਰ ਫਿਲਮਾਂ ‘ਚ ਬਹੁਤ ਕੰਮ ਕਰ ਰਹੇ ਨੇ ਪਰ! ਜੋ ਨਾਮ ਸਾਡੀਆ ਫਿਲਮਾਂ ਵਿੱਚ ਸੀ ਉਸੇ ਨਾਮ ਨਾਲ ਜਾਣੇ ਜਾਂਦੇ ਨੇਂ।

ਪ੍ਰਸ਼ਨ – ਅੱਛਾ ਸਾਰੀਆਂ ਫਿਲਮਾਂ ਤੁਸੀਂ ਖੁਦ ਲਿਖਦੇ ਹੋ ,ਐਸੇ ਆਈਡੀਏ ਬੰਦਾ ਸੋਚ ਵੀ ਨੀ ਸਕਦਾ?
ਉੱਤਰ – ਹਾਂ ਜੀ ਮੈ ਸਾਰੀਆਂ ਫਿਲਮਾਂ ਆਪ ਹੀ ਲਿਖਦਾਂ, 30 ਨਾਟਕ ਲਿਖ ਚੁੱਕਾ, ਬਾਹਰ ਜਦੋ ਵੀ ਜਾਂਦਾ ਨਵਾਂ ਨਾਟਕ ਲਿਖਦਾ, ਮੇਰੇ ਨਾਟਕ ‘ਚ ਬਹੁਤ ਸਾਥ ਦਿੰਦੇ ਹਨ। ਟੈਗੋਰ ਥੀਏਟਰ ਚੰਡੀਗੜ੍ਹ ‘ਚ ਹਰ ਸਾਲ ਨਵਾਂ ਨਾਟਕ ਕਰਦਾਂ,ਟੈਗੋਰ ਵਾਲੇ ਖੁਦ ਦੱਸਦੇ ਹਨ ਕਿ ਜਦੋਂ ਤੁਹਾਡਾ ਨਾਟਕ ਹੁੰਦਾਜ਼ਾ ਐਨਾ ਇਕੱਠ ਕਦੇ ਨੀ ਹੋਇਆ, ਲੋਕ ਪੌੜੀਆਂ ‘ਚ ਬੈਠ ਕੇ ਨਾਟਕ ਦੇਖਦੇ ਹਨ। ਵਰਲਡ ਟੂਰ ਮੈਂ ਨਵਾਂ ਨਾਟਕ ਕਰਨ ਜਾਂਦਾਜ਼ਾ ਫੈਮਲੀਆਂ ਵੇਖਣ ਆਉਦੀਆ ਹਨ। ਇਸੇ ਕਰਕੇ ਸਾਰੇ ਨਾਟਕ ਸੋਲਡ ਆਉਦੇ ਹੁੰਦਾ ਹਨ ।

ਪ੍ਰਸ਼ਨ – ਫੈਮਲੀਆ ਬਹੁਤ ਬਣਾਉਂਦੇ ਹੋ,ਕੀ ਫੈਮਲੀ ਦਾ ਸਾਥ ਮਿਲਦਾ ?
ਉੱਤਰ – ਬਹੁਤ ਜੀ ਮੇਰੇ ਘਰ ਚ ਸੈਂਸਰ ਬੋਰਡ ਹਾਜ਼ ਜਦੋ ਵੀ ਕੋਈ ਫਿਲਮ ਬਣਾਉਦਾ ਹਾਂ, ਮੈਂ ਤੇ ਮੇਰੀ ਪੂਰੀ ਫੈਮਲੀ ਬੈਠ ਕੇ ਦੇਖਦੇ ਹਾਂ,ਜੇ ਕੋਈ ਅਜਿਹਾ ਸੀਨ ਹੁੰਦੇ ਤਾਂ ਉਸ ਨੂੰ ਕਟਵਾ ਦਿੰਦੇ ਹਨ। ਮੇਰੀ ਧਰਮ ਪਤਨੀ ਅਮਨਦੀਪ ਕੌਰ ਕਲਾਕਾਰਾਂ ਦਾ ਲੰਗਰ ਤਿਆਰ ਕਰਦੀ ਐ । ਬੇਟਾ ਬੇਸ਼ੱਕ ਉਹ ਸਿੰਗਰ ਬਣ ਗਿਆ ਪਰ ਸਾਡਾ ਪੂਰਾ ਸਾਥ ਦਿੰਦਾ, ਸਕ੍ਰਿਪਟ ‘ਚ ਵੀ ਸਾਡਾ ਪੂਰਾ ਸਾਥ ਦਿੰਦੈ । ਕਈ ਫਿਲਮਾਂ ਨੇ ਜਿਨ੍ਹਾਂ ‘ਚ ਸਾਡੀ ਸਾਰੀ ਫੈਮਲੀ ਨੇ ਕੰਮ ਕੀਤਾ,ਭੂਆ ਫਿਲਮ ‘ਚ ਮੇਰੀ ਮਾਤਾ, ਮੇਰੀ ਬੇਟੀ ਬੇਟਾ ਸਭ ਨੇ ਕੰਮ ਕੀਤਾ ਬੇਟੀਆ ਬਹੁਤ ਵਧੀਆ ਆਰਟਿਸਟ ਨੇ ਪਰ ਉਹ ਮੇਰੀਆਂ ਹੀ ਫਿਲਮਾਂ ਚ ਹੀ ਕੰਮ ਕਰਦਿਆਂ ਨੇ

ਪ੍ਰਸ਼ਨ – ਬੱਚਿਆਂ ਵਾਰੇ ਦੱਸੋ ?
ਉੱਤਰ – ਦੋ ਬੇਟੀਆ ਮਨਦੀਪ ਤੇ ਦਿਲਪ੍ਰੀਤ ਤੇ ਬੇਟਾ ਰੋਡੂ ( ਦਮਨ ਸੰਧੂ) ਬਹੁਤ ਵਧੀਆ ਜਿੰਦਗੀ ਗੁਜਰ ਰਹੀ ਹੈ

ਪ੍ਰਸ਼ਨ – ਤੁਸੀਂ ਸਮਾਜ ਸੇਵੀ ਹੋ ਪਰ ਸ਼ੋਸਲ ਮੀਡੀਆ ‘ਤੇ ਨਹੀ ਪਤਾ
ਉੱਤਰ – ਮੈਂ ਕਿਸੇ ਦੀਆਂ ਅੱਖਾਂ ਦਾ ਅਪ੍ਰੇਸ਼ਨ ਕਰਵਾ ਦਿੰਨਾ, ਜਿਨ੍ਹਾਂ ਬਜ਼ੁਰਗਾਂ ਨੂੰ ਕੋਈ ਸੰਭਾਲਦਾ ਨੀ ਮੈਂ ਆਪਣੇ ਘਰ ਲੈ ਜਾਨਾ ਮੇਰੀ ਧਰਮ ਪਤਨੀ ਬਹੁਤ ਸੇਵਾ ਕਰਦੀ ਐ, ਕਦੇ ਕਦੇ ਤਾਂ ਘਰ ਚ ਚਾਰ ਚਾਰ ਮਾਵਾਂ ਹੋ ਜਾਂਦੀਆ ਨੇ ਉਹਨਾਂ ਦੇ ਅਸ਼ੀਰਵਾਦ ਸਦਕੇ ਜਿਉਨਾ ਹਾਂ, ਗਰੀਬ ਘਰਾਂ ਦੇ ਕਈ ਬੱਚਿਆਂ ਨੂੰ ਪੜਾ ਰਿਹਾ ਗਰੀਬ ਲੜਕੀਆ ਦੀ ਸ਼ਾਦੀ ਚ ਜਿੰਨੀ ਮਦਦ ਹੁੰਦੀ ਐ, ਕਰ ਛੱਡਦਾ ਹਾਂ।

ਪ੍ਰਸ਼ਨ – ਅੱਛਾ ਇਹ ਦਸ ਵੀਰ ਸਰਕਾਰ ਦੇ ਖਿਲਾਫ਼ ਤੁਸੀਂ ਖੁੱਲ ਕੇ ਬੋਲਦੇ ਹੋ, ਡਰ ਨੀ ਲਗਦਾ?
ਉੱਤਰ – ਸੱਚ ਬੋਲਣ ਵਾਲਾ ਡਰਦਾ ਨੀ ਹੁੰਦਾ, ਕਲਾਕਾਰ ਸਮਾਜ ਦਾ ਆਇਨਾ ਹੁੰਦੇ ਹਨ,ਸਮਾਜ਼ ‘ਚ ਜੋ ਹੋ ਰਿਹਾ, ਉਸਨੂੰ ਸਭ ਸਾਹਮਣੇ ਪੇਸ਼ ਕਰਨਾ ਕਲਾਕਰਾਂ ਦਾ ਫ਼ਰਜ਼ ਹੁੰਦੈ।

ਪ੍ਰਸ਼ਨ – ਲੋਕ ਤੁਹਾਨੂੰ ਬਹੁਤ ਪਿਆਰ ਕਰਦੇ ਨੇ, ਤਕਰੀਬਨ 20 ਸਾਲਾ ਤੋਂ ਤੁਸੀਂ ਆਪਣਾ ਇਕੋ ਮੁਕਾਮ ਬਣਾਕੇ ਰੱਖਿਆ ਹੋਇਆ ਸਾਫ ਸੁਥਰਾ?
ਉੱਤਰ – ਵੀਰ ਜੀ ਮੇਰੇ ਪਿਉ ਦਾਦਾ ਕੋਈ ਕਲਾਕਾਰ ਨਹੀ ਸੀ ਮੈਂ ਲੋਕਾਂ ਦਾ ਬਣਾਇਆ ਹੋਇਆਂ ਕਲਾਕਾਰ ਹਾਂ, ਲੋਕਾਂ ਦੀ ਗੱਲ ਕਰਦਾਂ,ਆਪਣੀ ਮਿੱਟੀ ਦੀ ਗੱਲ ਕਰਦਾਂ, ਆਪਣੇ ਸੱਭਿਆਚਾਰ ਦੀ ਗੱਲ ਕਰਦਾਂ, ਆਪਣੀ ਮਾਂ ਬੋਲੀ ਦੀ ਗੱਲ ਕਰਦਾਂ । ਰਿਸ਼ਤਿਆਂ ਦੀ ਗੱਲ ਕਰਦਾਂ, ਜਦੋਂ ਕਿਤੇ ਵੀ ਸ਼ੂਟਿੰਗ ਹੁੰਦੀ ਐਜ਼ਾ ਲੋਕਾਂ ਦੇ ਘਰੋਂ ਇੱਕ ਦਮ ਚਾਅ ਬਣਕੇ ਆ ਜਾਂਦੀ ਐ, ਇਹ ਪਿਆਰ ਹੀ ਐ ਨਹੀਂ ਲੋਕ ਰਿਸ਼ਤੇਦਾਰਾ ਤੋਂ ਪਾਸਾ ਵੱਟ ਲੈਂਦੇ ਨੇ ਕਿਸੇ ਵੀ ਪਿੰਡ ਸ਼ੂਟਿੰਗ ਹੋਵੇ, ਬੀਬੀਆਂ ਭੈਣਾ ਰੋਟੀ ਪਰੋਸ ਦਿੰਦੀਆ ਇਸ ਤਰ੍ਹਾਂ ਜਦੋਂ ਬਾਹਰ ਜਾਨੇ ਤਾ ਲੋਕ ਆਪਣੇ ਘਰਾਂ ਦਾਅਵਤਾਂ ਰੱਖਦੇ ਨੇ, ਹੋਟਲ ਚ ਰੋਟੀ ਬਹੁਤ ਘੱਟ ਖਾਨੇ ਆਂ।

ਪ੍ਰਸ਼ਨ- ਤੁਸੀਂ ਬੜੇ ਫਿੱਟ ਪਏ ਹੋ, ਤੁਹਾਨੂੰ ਐਦਾ ਦਾ ਹੀ ਵੇਖਦੇ ਹਾਂ, ਕੀ ਰਾਜ ਐ ?
ਉੱਤਰ- ਨਾਂਹਪੱਖੀ ਨਹੀ ਆ ਜੋ ਵੀ ਸੋਚਦਾ ਹਾਂ ਪੱਖੀ ਹੀ ਸੋਚਦਾ ਨਸ਼ਿਆਂ ਤੋਂ ਦੂਰ ਹਾਂ ਚਾਹੇ ਕੋਈ ਬੁਰਾ ਵੀ ਕਰ ਜਾਵੇ ਮੈਂ ਕਦੇ ਮਾੜਾ ਨੀ ਕਹਿੰਦਾ । ਸ਼ਾਮ ਨੂੰ ਜਲਦੀ ਸੌਨਾ ਹਾਂ, ਤੇ ਸਵੇਰੇ ਤਿੰਨ ਵਜੇ ਉੱਠ ਕੇ, ਸ਼ੈਰ ਕਰਨੀ ਲਿਖਣਾ, ਪੜਨਾ ਮੇਰੇ ਸ਼ੌਂਕ ਹੈ ਅੱਜ ਤੱਕ ਕਦੇ ਮੈਨੂੰ ਸੂਰਜ ਨੇ ਨਹੀਂ ਉਠਾਇਆ। ਮੈ ਸੂਰਜ ਨੂੰ ਉਠਾਉਦਾ ਹਾਂ, ਖੁਸ਼ ਰਹਿੰਣਾ ਤੇ ਰੱਖਣ ਵਾਲਿਆ ਦੀਆਂ ਆਦਤਾਂ ਸਾਦੀਆਂ ਹੁੰਦੀਆਂ ਹਨ । ਹਲਕਾ ਭੋਜਨ ਕਰਦਾ । ਖਾਣ ਵਾਸਤੇ ਨਹੀ ਜਿਉਂਦਾਜ਼ ਜਿਉਣ ਵਾਸਤੇ ਖਾਂਦਾ ਹਾਂਜ਼ਾ ਮੈਂ ਜੇ ਸਭ ਨੂੰ ਖੁਸ਼ ਰੱਖਦਾ ਤੇ ਖੁਸ਼ ਰਹਿਨਾ ਵੀ ਹਾਂ।

ਪ੍ਰਸ਼ਨ – ਕੁੱਝ ਨਵਾਂ ਆ ਰਿਹਾ ?
ਉੱਤਰ – ਬਹੁਤ ਕੁੱਝ ਜ਼ਾ ਹਰ ਰੋਜ਼ ਸੂਟਿੰਗ, ਹਰ ਰੋਜ਼ ਨਵਾਂ ਹੀ ਸਿਰਜਦਾ ਹਾਂ, ਬਹੁਤ ਸਾਰੀਆਂ ਫਿਲਮਾਂ ਆ ਰਹੀਆਂ ਨੇ, ਫੀਚਰ ਫਿਲਮਾਂ ‘ਚ ਨਾਲ ਨਾਲ ਕੰਮ ਕਰ ਰਿਹਾ । ਸ਼ਿਮਾਰੂ ਗੋਇਲ ਮਿਉਜ਼ਿਕ, ਸਾਰਿਆਂ ਫਿਲਮਾਂ ਆਪਣੇ ਯੂ ਟਿਊਬ ਚੈਨਲ ਲਈ ਕੁਝ ਵੱਖਰਾ ਕਰਦਾ ਰਹਿੰਦਾ, ਹਫਤੇ ‘ਚ ਦੋਂ ਫਿਲਮਾਂ ਰਿਲੀਜ਼ ਹੁੰਦੀਆਂ ਨੇ । ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਹਾਂ, ਸੱਚ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਹਾਂ, ਬਹੁਤ ਸਾਰੀਆਂ ਸਾਡੀਆ ਵੀਡੀਓ ਵਟਸਐਪ ਤੇ ਸ਼ੋਸਲ ਮੀਡੀਆ ‘ਤੇ ਵਾਇਰਲ ਅਕਸਰ ਹੀ ਹੁੰਦੀਆਂ ਰਹਿੰਦੀਆਂ ਨੇ ।

ਪ੍ਸ਼ਨ – ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ?
ਉੱਤਰ – ਮਾਂ ਬਾਪ ਦੀ ਸੇਵਾ ਕਰੋ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜੋ, ਰਿਸ਼ਤਿਆਂ ਦੀ ਕਦਰ ਕਰੋ ।
ਆਪਣੀ ਮਾਂ ਬੋਲੀ ਨੂੰ ਕਦੇ ਨਾ ਭੁੱਲੋ ਛੋਟੇ ਵੀਰ ਗੁਰਚੇਤ ਚਿੱਤਰਕਾਰ ਤੁਹਾਡੀ ਮਨੋਰੰਜਨ ਦੇ ਨਾਲ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਬਣੀ ਰਹੇ।ਤੁਹਾਡੀ ਪੂਰੀ ਟੀਮ ਪੰਜਾਬ ਪੰਜਾਬ ਤੇ ਪੰਜਾਬੀਅਤ ਦੀ ਪਹਿਰੇਦਾਰ ਹੈ।ਤੁਹਾਡੀ ਸਾਫ਼ ਸੁਥਰੀ ਕਲਾਕਾਰੀ ਤੇ ਪੰਜਾਬੀ ਮਾਂ ਬੋਲੀ ਤੇ ਵਿਰਸੇ ਦੀ ਸੇਵਾ ਬੇਹੱਦ ਸਲਾਹੁਣਯੋਗ ਹੈ।ਇਹ ਲੜੀ ਇਸੇ ਤਰ੍ਹਾਂ ਜਾਰੀ ਰਹੇ-ਆਮੀਨ

ਰਮੇਸ਼ਵਰ ਸਿੰਘ

ਸੰਪਰਕ ਨੰਬਰ -9914880392

Previous articleTrinamool MPs meet EC, demand probe into Nandigram attack
Next articleWe weren’t aware how to bat on this pitch: Kohli