ਬਠਿੰਡਾ, (ਸਮਾਜ ਵੀਕਲੀ ਬਿਊਰੋ) – ਸੂਬੇ ਭਰ ਤੋਂ ਅੱਜ ਬਹੁਜਨ ਫਰੰਟ ਅਤੇ ਸੰਤ ਸਮਾਜ ਤੋਂ ਵੱਡੀ ਗਿਣਤੀ ਵਿਚ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਦਿੱਲੀ ਅੰਦਰ ਤੋੜੇ ਗਏ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਿਰ ਦੇ ਰੋਸ ਵਜੋਂ ਪਿੰਡ ਬਾਦਲ, ਲੰਬੀ (ਬਠਿੰਡਾ) ਵਿਖੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਕੋਠੀ ਦਾ ਘੇਰਾਓ ਕਰਨ ਲਈ ਪੁੱਜੀਆਂ। ਇਸ ਮੌਕੇ ਹਜ਼ਾਰਾ ਪ੍ਰਦਰਸ਼ਨਕਾਰੀ ਪਿੰਡ ਕਾਲਝਰਾਣੀ ਵਿਖੇ ਇਕੱਠੇ ਹੋਏ ਅਤੇ ਸੰਤ ਸਮਾਜ ਦੇ ਮਹਾਂਪੁਰਖਾਂ ਤੋਂ ਆਸ਼ੀਰਵਾਦ ਲੈ ਕੇ ਪਿੰਡ ਬਾਦਲ ਵੱਲ ਬੀਬੀ ਹਰਸਿਮਰਤ ਕੌਰ ਬਾਦਲ ਦੀ ਕੋਠੀ ਦੇ ਘਿਰਾਓ ਲਈ ਰੋਸ ਪ੍ਰਦਰਸ਼ਨ ਕਰਦੇ ਹੋਏ ਪੈਦਲ ਰਵਾਨਾ ਹੋਏ। ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਸੰਗਤਾਂ ਵਲੋਂ ਕੇਂਦਰ ਸਰਕਾਰ ਅਤੇ ਅਕਾਲੀ ਦਲ ਬਾਦਲ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕਰਦਿਆ ਦਿੱਲੀ ਦੇ ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰ ਦੀ ਜਲਦ ਉਸਾਰੀ ਕਰਨ ਦੀ ਮੰਗ ਕੀਤੀ। ਇਸ ਮੌਕੇ ਸੰਤ ਮਹਿੰਦਰਪਾਲ ਪੰਡਵਾ ਨੇ ਕਿਹਾ ਕਿ ਕੇਂਦਰ ਸਰਕਾਰ ਤੁਰੰਤ ਮੰਦਿਰ ਦੇ ਨਿਰਮਾਣ ਕਾਰਜਾਂ ਨੂੰ ਆਰੰਭ ਕਰਵਾਏ ਤਾ ਜੋ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਦਾ ਗੁੱਸਾ ਸ਼ਾਂਤ ਹੋ ਸਕੇ। ਇਸ ਮੌਕੇ ਬਹੁਜਨ ਫਰੰਟ ਪੰਜਾਬ ਦੇ ਆਗੂਆਂ ਸੁਖਵਿੰਦਰ ਸਿੰਘ ਕੋਟਲੀ, ਅੰਮਿ੍ਰਤਪਾਲ ਭੌਸਲੇ ਅਤੇ ਕੁਲਦੀਪ ਸਰਦੂਲਗੜ੍ਹ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਤੋੜੇ ਜਾਣ ਪਿੱਛੇ ਕੇਂਦਰ ਸਰਕਾਰ ਸਿੱਧੇ ਤੋਰ ਤੇ ਜਿੰਮੇਵਾਰ ਹੈ ਅਤੇ ਉਸ ਦੀ ਭਾਈਵਾਲ ਅਕਾਲੀ ਦਲ ਬਾਦਲ ਵੀ ਇਸ ਲਈ ਬਰਾਬਰ ਦੀ ਦੋਸ਼ੀ ਹੈ ਜਿਸ ਨੂੰ ਬਹੁਜਨ ਸਮਾਜ ਕਦੇ ਵੀ ਬਰਦਾਸ਼ਤ ਨਹੀ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਜਿੰਨੀ ਦੇਰ ਤੱਕ ਦਿਲੀ ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਿਰ ਦੀ ਮੁੜ ਉਸਾਰੀ ਆਰੰਭ ਨਹੀਂ ਹੋ ਜਾਂਦੀ ਸੰਤ ਸਮਾਜ ਦੇ ਆਸ਼ੀਰਵਾਦ ਨਾਲ ਬਹੁਜਨ ਫਰੰਟ ਵਲੋਂ ਸੰਤ ਸਮਾਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਅੱਗੇ ਦੱਸਿਆ ਕਿ 2 ਸਤੰਬਰ ਤੋਂ 7 ਸਤੰਬਰ ਤੱਕ ਪੰਜਾਬ ਭਰ ਅੰਦਰ ਜਿਲ੍ਹਾ ਪੱਧਰ ਤੇ ਭੁੱਖ ਹੜਤਾਲ ਆਰੰਭ ਕੀਤੀ ਜਾ ਰਹੀ ਹੈ। ਇਸ ਮੌਕੇ ਕੁਲਵੰਤ ਟਿੱਬਾ, ਹਰਭਜਨ ਸੁੰਮਨ, ਸੁਰਿੰਦਰ ਢੰਡਾ, ਰਮੇਸ਼ ਚੋਹਕਾ, ਰਜਿੰਦਰ ਰੀਹਲ, ਮਨਦੀਪ ਜੱਸਲ, ਰਾਮ ਸਰੂਪ ਸਰੋਏ, ਰਾਏਬਰਿੰਦਰ ਕੌਂਸਲਰ, ਰਜਿੰਦਰ ਕਜਲੇ, ਗੁਰਮੇਲ ਚੁੰਬਰ, ਸਰਬਜੀਤ ਸਾਬੀ ਸਰਪੰਚ, ਦਿਲਬਾਗ ਸੱਲਣ, ਜਗਦੀਸ ਦੀਸਾ, ਅਸੌਕ ਸੰਧੂ, ਰਾਮ ਸਰੂਪ ਚੰਬਾ, ਰਚਨਾ ਦੇਵੀ, ਵਿਜੇ ਮਜਾਰੀ, ਜਗਦੀਸ ਸ਼ੇਰਪੁਰੀ, ਦੇਸ਼ ਰਾਜ ਮੱਲ, ਬੀ.ਕੇ ਰੱਤੂ, ਕੁਲਦੀਪ ਭੱਟੀ, ਰਮੇਸ਼ ਕੋਲ, ਪਰਦੀਪ ਮੱਲ ਅਤੇ ਵੱਡੀ ਗਿਣਤੀ ਵਿਚ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਹਾਜ਼ਰ ਸਨ।
INDIA ਬਹੁਜਨ ਫਰੰਟ ਵਲੋਂ ਕੀਤਾ ਗਿਆ ਬਠਿੰਡਾ ’ਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ...