ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ਕਰਨ ਵਾਲੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਵਲੋਂ ਬਹਿਬਲ ਕਲਾਂ ਕਾਂਡ ਦੇ ਗਵਾਹ ਸੁਰਜੀਤ ਸਿੰਘ ਦੀ ਮੌਤ ਦੇ ਮੁੱਦੇ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਪੱਤਰ ਨਾਲ ਸਿਆਸੀ ਹਲਕਿਆਂ ਵਿਚ ਹਲਚਲ ਮਚ ਗਈ ਹੈ। ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਨੇ ਪੱਤਰ ਵਿਚ ਬੇਅਦਬੀ ਕਾਂਡ ਦੇ ਕਈ ਵਰਕੇ ਫਰੋਲਦਿਆਂ ਦਾਅਵਾ ਕੀਤਾ ਹੈ ਕਿ ਸੁਰਜੀਤ ਸਿੰਘ ਦੀ ਸੁਰੱਖਿਆ ਦਾ ਮੁੱਦਾ ਸੂਬੇ ਦੇ ਡੀਜੀਪੀ ਅਤੇ ਹੋਰਨਾਂ ਅਧਿਕਾਰੀਆਂ ਕੋਲ ਉਠਾਇਆ ਗਿਆ ਸੀ ਪਰ ਅਫਸੋਸ ਕਿਸੇ ਵੀ ਅਧਿਕਾਰੀ ਨੇ ਇਸ ਸੰਵੇਦਨਸ਼ੀਲ ਮਾਮਲੇ ’ਤੇ ਧਿਆਨ ਨਹੀਂ ਦਿੱਤਾ। ਕਮਿਸ਼ਨ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਐੱਸਐੱਸਪੀ ਫ਼ਰੀਦਕੋਟ ਨੂੰ ਤਾਂ ਨਿੱਜੀ ਤੌਰ ’ਤੇ ਗਵਾਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਤਾਕੀਦ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਬੇਅਦਬੀ ਨਾਲ ਜੁੜੇ ਗੋਲੀ ਕਾਂਡ ਦਾ ਅਹਿਮ ਗਵਾਹ ਸੀ ਅਤੇ ਗਵਾਹਾਂ ਨੂੰ ਸੁਰੱਖਿਆ ਦੇਣੀ ਰਾਜ ਪ੍ਰਬੰਧ ਦੀ ਜ਼ਿੰਮੇਵਾਰੀ ਬਣਦੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇਸ ਸੇਵਾ ਮੁਕਤ ਜੱਜ ਨੇ ਮੁੱਖ ਮੰਤਰੀ ਨੂੰ ਲਿਖੇ ਚਾਰ ਸਫ਼ਿਆਂ ਦੇ ਪੱਤਰ ਰਾਹੀਂ ਇੱਥੋਂ ਤੱਕ ਆਖ ਦਿੱਤਾ ਕਿ ਉਹ ਮ੍ਰਿਤਕ ਨੂੰ ਇਨਸਾਫ਼ ਦੇਣ ’ਚ ਫੇਲ੍ਹ ਹੋਏ ਹਨ। ਉਨ੍ਹਾਂ ਕਿਹਾ, ‘‘ਇਸ ਲਈ ਕਿਹਾ ਜਾ ਸਕਦਾ ਹੈ ਕਿ ਸੁਰਜੀਤ ਸਿੰਘ ਨੂੰ ਇਨਸਾਫ਼ ਨਾ ਮਿਲਣ ਅਤੇ ਉਸ ਦੀ ਮੌਤ ਲਈ ਅਸੀਂ ਸਾਰੇ ਹੀ ਜ਼ਿੰਮੇਵਾਰ ਹਾਂ।’’ ਉਨ੍ਹਾਂ ਇਸ ਪੱਤਰ ਰਾਹੀਂ ਇਹ ਵੀ ਕਿਹਾ ਹੈ ਕਿ ਸੁਰਜੀਤ ਸਿੰਘ ਨੇ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਹਾਲਾਤ ਤੋਂ ਜਾਣੂ ਕਰਾਇਆ ਸੀ, ਜਿਸ ’ਤੇ ਉਨ੍ਹਾਂ ਨੇ ਫ਼ਰੀਦਕੋਟ ਦੇ ਐੱਸਐੱਸਪੀ ਨੂੰ ਅਹਿਮ ਗਵਾਹ ਦੇ ਗਿਲੇ-ਸ਼ਿਕਵੇ ਸੁਣਨ ਅਤੇ ਉਨ੍ਹਾਂ ਦਾ ਹੱਲ ਕਰਨ ਲਈ ਕਿਹਾ ਸੀ। ਉਨ੍ਹਾਂ ਮੁੱਖ ਮੰਤਰੀ ਨੂੰ ਦੱਸਿਆ ਕਿ ਪੁਲੀਸ ਪ੍ਰਸ਼ਾਸਨ ਵੱਲੋਂ ਕੋਈ ਦਲੀਲ-ਅਪੀਲ ਨਾ ਸੁਣੇ ਜਾਣ ਕਾਰਨ ਉਹ (ਸੁਰਜੀਤ ਸਿੰਘ) ਇੱਕ ਤੋਂ ਵੱਧ ਵਾਰ ਉਨ੍ਹਾਂ ਨੂੰ ਮਿਲਣ ਆਇਆ। ਇੱਥੋਂ ਤੱਕ ਕਿ ਸਰਕਾਰੀ ਅਧਿਕਾਰੀਆਂ ਵੱਲੋਂ ਸ਼ਿਕਾਇਤ ਨਾ ਸੁਣੇ ਜਾਣ ਕਰਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਦਾ ਮਸ਼ਵਰਾ ਵੀ ਦਿੱਤਾ ਗਿਆ ਸੀ। ਕਾਨੂੰਨੀ ਸਹਾਇਤਾ ਵੀ ਪ੍ਰਦਾਨ ਕਰਵਾਈ ਗਈ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਤਨੀ ਨੇ ਮੁਲਾਕਾਤ ਕਰਕੇ ਖ਼ੁਲਾਸਾ ਕੀਤਾ ਹੈ ਕਿ ਸੁਰਜੀਤ ਸਿੰਘ ਦੀ ਮੌਤ ਕੁਦਰਤੀ ਨਹੀਂ ਬਲਕਿ ਪ੍ਰਭਾਵਸ਼ਾਲੀ ਵਿਅਕਤੀਆਂ ਅਤੇ ਖਾਸ ਕਰ ਕੇ ਪੁਲੀਸ ਵੱਲੋਂ ਲਗਾਤਾਰ ਪਾਏ ਜਾਂਦੇ ਦਬਾਅ ਕਾਰਨ ਹੋਈ ਹੈ।
ਦੱਸਣਯੋਗ ਹੈ ਕਿ ਕੈਪਟਨ ਸਰਕਾਰ ਵੱਲੋਂ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਨੂੰ ਬਰਗਾੜੀ ਬੇਅਦਬੀ ਕਾਂਡ ਅਤੇ ਇਸ ਕਾਂਡ ਨਾਲ ਜੁੜੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਲਈ ਬਣਾਏ ਕਮਿਸ਼ਨ ਦਾ ਮੁਖੀ ਥਾਪਿਆ ਗਿਆ ਸੀ। ਇਸ ਕਮਿਸ਼ਨ ਵੱਲੋਂ ਸਾਰੇ ਮਾਮਲਿਆਂ ਦੀ ਜਾਂਚ ਰਿਪੋਰਟ ਵਿਧਾਨ ਸਭਾ ਵਿੱਚ ਵਿਚਾਰਨ ਤੋਂ ਬਾਅਦ ਪੁਲੀਸ ਅਧਿਕਾਰੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਕਈ ਆਗੂਆਂ ਖ਼ਿਲਾਫ਼ ਕਾਰਵਾਈ ਵੀ ਕੀਤੀ ਗਈ। ਸੁਰਜੀਤ ਸਿੰਘ ਦੀ ਮੌਤ ਨੂੰ ਅਕਾਲੀ ਦਲ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਵੱਲੋਂ ਵੱਡਾ ਮੁੱਦਾ ਬਣਾਇਆ ਗਿਆ ਹੈ। ਅਕਾਲੀ ਦਲ ਵੱਲੋਂ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਵੱਲ ਨਿਸ਼ਾਨਾ ਸੇਧਿਆ ਹੋਇਆ ਹੈ। ਅਕਾਲੀ ਦਲ ਨੇ ਦੋਹਾਂ ਕਾਂਗਰਸੀ ਆਗੂਆਂ ’ਤੇ ਸੁਰਜੀਤ ਸਿੰਘ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ਲਾਉਂਦਿਆਂ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਹੁਣ ਇਸ ਸਬੰਧ ਵਿੱਚ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਵੱਲੋਂ ਲਿਖੇ ਪੱਤਰ ਨਾਲ ਇਹ ਮਾਮਲਾ ਫਿਰ ਚਰਚਾ ਵਿੱਚ ਆ ਗਿਆ ਹੈ।
INDIA ‘ਬਹਿਬਲ ਕਾਂਡ ਦੇ ਗਵਾਹ ਸੁਰਜੀਤ ਸਿੰਘ ਦੀ ਮੌਤ ਲਈ ਅਸੀਂ ਸਾਰੇ ਜ਼ਿੰਮੇਵਾਰ’