ਕਾਂਗਰਸ ਦੀ ਹਾਈਕਮਾਂਡ ਵੱਲੋਂ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੂੰ ਟਿਕਟ ਮਿਲਦਿਆਂ ਹੀ ਚੰਡੀਗੜ੍ਹ ਕਾਂਗਰਸ ਨੇ ਹੋਰ ਪਾਰਟੀਆਂ ਦੇ ਆਗੂਆਂ ਨੂੰ ਦਲਬਦਲੀ ਕਰਵਾ ਕੇ ਆਪਣੀ ਪਾਰਟੀ ’ਚ ਸ਼ਾਮਲ ਕਰਵਾਉਣ ਦੀ ਪ੍ਰਕਿਰਿਆ ਵਿੱਢ ਦਿੱਤੀ ਹੈ।
ਅੱਜ ਇਥੇ ਸੈਕਟਰ-35 ਸਥਿਤ ਕਾਂਗਰਸ ਭਵਨ ’ਚ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਤੇ ਸਾਬਕਾ ਕੇਂਦਰੀ ਮੰਤਰੀ ਬਾਂਸਲ ਦੀ ਹਾਜ਼ਰੀ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕਈ ਆਗੂਆਂ ਨੇ ਦਲਬਦਲੀਆਂ ਕਰਕੇ ਕਾਂਗਰਸ ਦਾ ਪੰਜਾ ਫੜ ਲਿਆ। ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ’ਚ ਬਸਪਾ ਦੇ ਸਟੇਟ ਕੁਆਰਡੀਨੇਟਰ ਦਿਲਾਵਰ ਸਿੰਘ, ਬਸਪਾ ਦੀ ਟਿਕਟ ਤੋਂ ਕੌਂਸਲਰ ਦੀ ਚੋਣ ਲੜ ਕੇ 2274 ਵੋਟਾਂ ਹਾਸਲ ਕਰਨ ਵਾਲੀ ਨਿਰਮਲਾ ਦੇਵੀ, ਬਸਪਾ ਦੇ ਵਾਰਡ ਨੰ. 7 ਦੇ ਪ੍ਰਧਾਨ ਬਲਵੰਤ ਸਿੰਘ, ਮੀਤ ਪ੍ਰਧਾਨ ਸਭਾਪਤੀ ਗੌਤਮ, ਸਤਨਾਮ ਸਿੰਘ ਤੇ ਸਤੀਸ਼ ਕੁਮਾਰ ਦੀਪੂ ਤੇ ਭਾਜਪਾ ਦੇ ਆਗੂ ਨੌਸ਼ਾਦ ਕਲਾਮ ਆਦਿ ਹਨ। ਇਨ੍ਹਾਂ ਬਸਪਾ ਤੇ ਭਾਜਪਾ ਆਗੂਆਂ ਨੂੰ ਕਾਂਗਰਸ ’ਚ ਸ਼ਾਮਲ ਕਰਨ ਲਈ ਹਿਮਾਚਲ ਦੇ ਕਾਂਗਰਸੀ ਵਿਧਾਇਕ ਰਜਿੰਦਰ ਰਾਣਾ ਤੇ ਕਾਂਗਰਸ ਦੇ ਸਾਬਕਾ ਮੇਅਰ ਹਰਫੂਲ ਚੰਦਰ ਕਲਿਆਣ ਨੇ ਅਹਿਮ ਭੂਮਿਕਾ ਨਿਭਾਈ। ਇਹ ਬਹੁਤੇ ਅਗੂ ਮਲੋਆ ਨਾਲ ਸਬੰਧਤ ਹਨ। ਇਸ ਮੌਕੇ ਪ੍ਰਦੀਪ ਛਾਬੜਾ ਨੇ ਕਿਹਾ ਕਿ ਇਹ ਤਾਂ ਹਾਲੇ ਸੁਰੂਆਤ ਹੈ ਤੇ ਜਲਦੀ ਹੀ ਕਈ ਹੋਰ ਪਾਰਟੀਆਂ ਦੇ ਨੇਤਾ ਕਾਂਗਰਸ ’ਚ ਸ਼ਾਮਲ ਹੋ ਰਹੇ ਹਨ ਕਿਉਂਕਿ ਲੋਕਾਂ ਦਾ ਮੋਦੀ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਸਾਲ ਝੂਠ ਬੋਲ ਕੇ ਦੇਸ਼ ਵਾਸੀਆਂ ਨੂੰ ਗੁੰਮਰਾਹ ਕੀਤਾ ਹੈ ਜਦੋਂਕਿ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਕਾਂਗਰਸ ਦਾ ਮੈਨੀਫੈਸਟੋ ਜਾਰੀ ਕਰਕੇ ਦੇਸ਼ ਅੱਗੇ ਸੱਚ ਰੱਖ ਦਿੱਤਾ ਹੈ। ਇਸ ਮੌਕੇ ਕਾਂਗਰਸ ’ਚ ਸ਼ਾਮਲ ਹੋਏ ਦਿਲਾਵਰ ਸਿੰਘ ਨੇ ਕਿਹਾ ਕਿ ਫਿਲਹਾਲ ਤਾਂ ਬਸਪਾ ਦੀ ਲੀਡਰਸ਼ਿਪ ਦੀ ਪਹਿਲੀ ਕਿਸ਼ਤ ਕਾਂਗਰਸ ’ਚ ਸ਼ਾਮਲ ਹੋਈ ਹੈ ਤੇ ਜਲਦ ਹੀ ਵੱਡੇ ਪੱਧਰ ’ਤੇ ਇਸ ਪਾਰਟੀ ਦੇ ਆਗੂ ਕਾਂਗਰਸ ’ਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਉਹ 3 ਦਹਾਕੇ ਬਸਪਾ ’ਚ ਰਹੇ ਹਨ ਪਰ ਹੁਣ ਉਨ੍ਹਾਂ ਮਹਿਸੂਸ ਕੀਤਾ ਹੈ ਕਿ ਕਾਂਗਰਸ ਹੀ ਦੇਸ਼ ਦਾ ਭਵਿੱਖ ਹੈ। ਇਸ ਮੌਕੇ ਹਿਮਾਚਲ ਦੇ ਵਿਧਾਹਿਕ ਰਜਿੰਦਰ ਰਾਣਾ ਨੇ ਕਿਹਾ ਕਿ ਚੰਡੀਗੜ੍ਹ ’ਚ ਵੱਡੀ ਗਿਣਤੀ ’ਚ ਹਿਮਾਚਲੀ ਰਹਿੰਦੇ ਹਨ ਤੇ ਉਹ ਇਸ ਵਾਰ ਭਾਜਪਾ ਨੂੰ ਮਾਤ ਦੇ ਕੇ ਸ੍ਰੀ ਬਾਂਸਲ ਦੇ ਹੱਕ ’ਚ ਭੁਗਤਣਗੇ। ਇਸ ਮੌਕੇ ਪਵਨ ਬਾਂਸਲ ਨੇ ਕਿਹਾ ਕਿ ਨਰਿੰਦਰ ਮੋਦੀ ਪੰਜ ਸਾਲ ਆਪਣੇ ਮਨ ਕੀ ਬਾਤ ਹੀ ਕਰਦੇ ਰਹੇ ਹਨ ਜਦੋਂਕਿ ਰਾਹੁਲ ਗਾਂਧੀ ਨੇ ਲੋਕਾਂ ਦੇ ਮਨ ਦੀ ਗੱਲ ਕਾਂਗਰਸ ਦੇ ਚੋਣ ਮਨੋਰਥ ਪੱਤਰ ’ਚ ਬੰਦ ਕਰ ਦਿੱਤੀ ਹੈ।
INDIA ਬਸਪਾ ਤੇ ਭਾਜਪਾ ਦੇ ਕਈ ਲੀਡਰਾਂ ਨੇ ਕਾਂਗਰਸ ਦਾ ਹੱਥ ਫੜਿਆ