ਸਪਾ ਵੱਲੋਂ ਬਹੁਜਨ ਸਮਾਜ ਆਗੂ ਦੀ ਨਿਖੇਧੀ;
ਕਾਂਗਰਸ ਵੱਲੋਂ ਵਚਨਬੱਧਤਾ ਦੀ ਅਹਿਮੀਅਤ ’ਤੇ ਜ਼ੋਰ
ਬਸਪਾ ਸੁਪਰੀਮੋ ਮਾਇਆਵਤੀ ਨੇ ਅੱਜ ਕਿਹਾ ਕਿ ਪਾਰਟੀ ਭਵਿੱਖ ਵਿਚ ਸਾਰੀਆਂ ‘ਛੋਟੀਆਂ-ਵੱਡੀਆਂ’ ਚੋਣਾਂ ਇਕੱਲਿਆਂ ਹੀ ਲੜੇਗੀ। ਮਾਇਆਵਤੀ ਦਾ ਇਹ ਐਲਾਨ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਖਿੱਚ ਦਾ ਕੇਂਦਰ ਬਣਿਆ ਰਿਹਾ ਬਹੁਜਨ ਸਮਾਜ ਪਾਰਟੀ-ਸਮਾਜਵਾਦੀ ਪਾਰਟੀ ਗੱਠਜੋੜ ਲਗਭਗ ਟੁੱਟ ਗਿਆ ਹੈ। ਮਾਇਆਵਤੀ ਵੱਲੋਂ ਲੜੀਵਾਰ ਕੀਤੇ ਟਵੀਟਜ਼ ਮਗਰੋਂ ਸਪਾ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਬਸਪਾ ਮੁਖੀ ਸਮਾਜਿਕ ਸੁਰੱਖਿਆ ਲਈ ਵਿੱਢੇ ਸੰਘਰਸ਼ ਨੂੰ ‘ਕਮਜ਼ੋਰ’ ਕਰ ਰਹੀ ਹੈ। ਮਾਇਆਵਤੀ ਦਾ ਇਹ ਐਲਾਨ ਇੱਥੇ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ ਤੋਂ ਬਾਅਦ ਸਾਹਮਣੇ ਆਇਆ ਹੈ। ਇਹ ਮੀਟਿੰਗ ਲੋਕ ਸਭਾ ਚੋਣਾਂ ਵਿਚ ਬਸਪਾ ਦੀ ਕਾਰਗੁਜ਼ਾਰੀ ਦੀ ਸਮੀਖ਼ਿਆ ਲਈ ਰੱਖੀ ਗਈ ਸੀ। ਮਾਇਆਵਤੀ ਨੇ ਹਿੰਦੀ ਵਿਚ ਕੀਤੇ ਟਵੀਟ ਰਾਹੀਂ ਕਿਹਾ ਕਿ ਸਮਾਜਵਾਦੀ ਪਾਰਟੀ ਵੱਲੋਂ ਆਪਣੇ ਕਾਰਜਕਾਲ ਦੌਰਾਨ (2012-17) ਦਲਿਤ ਵਿਰੋਧੀ ਤੇ ਬਸਪਾ ਵਿਰੋਧੀ ਲਏ ਫ਼ੈਸਲਿਆਂ ਬਾਰੇ ਤਾਂ ਸਾਰੇ ਜਾਣਦੇ ਹੀ ਸਨ ਪਰ ਬਸਪਾ ਨੇ ਦੇਸ਼ ਹਿੱਤ ਵਿਚ ਸਮਾਜਵਾਦੀ ਪਾਰਟੀ ਨਾਲ ‘ਗੱਠਜੋੜ ਧਰਮ’ ਨਿਭਾਇਆ। ਉਨ੍ਹਾਂ ਕਿਹਾ ਕਿ ‘ਚੋਣਾਂ ਤੋਂ ਬਾਅਦ ਸਪਾ ਦੇ ਬਦਲੇ ਰਵੱਈਏ ਨੇ ਬਸਪਾ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਕੀ ਇਸ ਤਰ੍ਹਾਂ ਭਵਿੱਖ ਵਿਚ ਭਾਜਪਾ ਨੂੰ ਹਰਾਉਣਾ ਸੰਭਵ ਹੋਵੇਗਾ? ਅਜਿਹੀ ਕੋਈ ਸੰਭਾਵਨਾ ਨਜ਼ਰ ਨਹੀਂ ਆਈ।’ ਇਸ ਲਈ ਪਾਰਟੀ ਤੇ ਸੰਘਰਸ਼ ਦੇ ਹਿੱਤ ਵਿਚ ਬਸਪਾ ਨੇ ਸਾਰੀਆਂ ਚੋਣਾਂ ਇਕੱਲੇ ਹੀ ਲੜਨ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਸਪਾ ਦੇ ਬਦਲੇ ਰਵੱਈਏ ਬਾਰੇ ਉਨ੍ਹਾਂ ਕੁਝ ਵਿਸਤਾਰ ਵਿਚ ਨਹੀਂ ਦੱਸਿਆ। ਸਪਾ ਦੇ ਆਗੂ ਰਾਮਸ਼ੰਕਰ ਵਿਦਿਆਰਥੀ ਨੇ ਦੋਸ਼ ਲਾਇਆ ਕਿ ਮਾਇਆਵਤੀ ਜਲਦਬਾਜ਼ੀ ਵਿਚ ਹੁਣ ਇਸ ਲਈ ਅਜਿਹਾ ਕਹਿ ਰਹੀ ਹੈ ਕਿਉਂਕਿ ਅਖ਼ਿਲੇਸ਼ ਯਾਦਵ ਤੇ ਸਪਾ ਨੂੰ ਦਲਿਤ ਸਮਰਥਨ ਮਿਲ ਰਿਹਾ ਹੈ। ਕਾਂਗਰਸ ਤਰਜਮਾਨ ਦਵਿਜੇਂਦਰ ਤ੍ਰਿਪਾਠੀ ਨੇ ਕਿਹਾ ਕਿ ਸਿਆਸਤ ਵਿਚ ਵਚਨਬੱਧ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਲੋਕਾਂ ਦਾ ਭਰੋਸਾ ਕਾਇਮ ਰੱਖਣ ਲਈ ਵੀ ਇਹ ਅਹਿਮ ਪੱਖ ਹੈ।