ਨੇਪਾਲ ਵਿੱਚ ਹਰ ਪੰਜ ਸਾਲ ਬਾਅਦ ਮਨਾਏ ਜਾਣ ਵਾਲੇ ਦੇਵੀ ਗਧੀਮਾਈ ਤਿਉਹਾਰ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਸਮਾਜ ਸੇਵੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਸ ਹੈ ਇਸ ਵਾਰ ਇੱਥੇ ਘੱਟ ਪਸ਼ੂਆਂ ਦੀ ਬਲੀ ਦਿੱਤੀ ਜਾਵੇਗੀ। ਪੰਜ ਸਾਲ ਪਹਿਲਾਂ ਇੱਥੇ 2 ਲੱਖ ਦੇ ਕਰੀਬ ਪਸ਼ੂਆਂ ਦੀ ਬਲੀ ਦਿੱਤੀ ਗਈ ਸੀ।
ਦੋ ਦਿਨ ਚੱਲਣ ਵਾਲਾ ਇਹ ਸਮਾਗਮ ਹਿੰਦੂ ਦੇਵੀ ਗਧੀਮਾਈ ਨੂੰ ਸਮਰਪਿਤ ਹੈ ਤੇ ਇੱਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਲੋਕਾਂ ਵੱਲੋਂ ਇੱਕ ਬੱਕਰੀ, ਚੂਹੇ, ਮੁਰਗੇ, ਸੂਰ ਤੇ ਇੱਕ ਕਬੂਤਰ ਦੀ ਬਲੀ ਦਿੱਤੀ ਜਾਂਦੀ ਹੈ। ਸਥਾਨਕ ਤਾਂਤਰਿਕ ਆਪਣੇ ਸਰੀਰ ਦੀਆਂ ਪੰਜ ਥਾਵਾਂ ਤੋਂ ਖੂਨ ਕੱਢ ਕੇ ਦੇਵੀ ਨੂੰ ਚੜ੍ਹਾਉਂਦਾ। ਇਸ ਮਗਰੋਂ 200 ਦੇ ਕਰੀਬ ਬੁੱਚੜ ਤੇਜ਼ਧਾਰ ਤਲਵਾਰਾਂ ਤੇ ਚਾਕੂਆਂ ਨਾਲ ਫੁੱਟਬਾਲ ਦੇ ਗਰਾਊਂਡ ਜਿੱਡੇ ਮੈਦਾਨ ’ਚ ਆਉਂਦੇ ਹਨ ਜਿੱਥੇ ਹਜ਼ਾਰਾਂ ਦੀ ਗਿਣਤੀ ’ਚ ਪਸ਼ੂ ਬੰਨ੍ਹੇ ਹੁੰਦੇ ਹਨ। ਤਿਉਹਾਰ ਦੇ ਪ੍ਰਬੰਧਕ ਬੀਰੇਂਦਰ ਪ੍ਰਸਾਦ ਯਾਦਵ ਨੇ ਕਿਹਾ, ‘ਅਸੀਂ ਇਸ ਰਵਾਇਤ ਨੂੰ ਹਮਾਇਤ ਨਾ ਦੇਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਦਾ ਇਸ ’ਚ ਵਿਸ਼ਵਾਸ ਹੈ ਤੇ ਉਹ ਆਪਣੇ ਚੜ੍ਹਾਵੇ ਨਾਲ ਇੱਥੇ ਆਏ ਹਨ।’ ਬਲੀ ਚੜ੍ਹਾਏ ਗਏ ਪਸ਼ੂਆਂ ਦਾ ਮਾਸ ਸ਼ਰਧਾਲੂ ਆਪਣੇ ਨਾਲ ਪਕਾਉਣ ਲਈ ਘਰ ਲਿਜਾ ਸਕਦੇ ਹਨ ਜਾਂ ਪ੍ਰਬੰਧਕਾਂ ਵੱਲੋਂ ਸਾੜੇ ਜਾਣ ਲਈ ਛੱਡ ਜਾਂਦੇ ਹਨ। ਨੇਪਾਲ ਤੇ ਭਾਰਤ ਤੋਂ ਵੱਡੀ ਗਿਣਤੀ ’ਚ ਸ਼ਰਧਾਲੂ ਬਰੀਆਰਪੁਰ ਪਿੰਡ ’ਚ ਹੋਣ ਵਾਲੇ ਤਿਉਹਾਰ ’ਚ ਸ਼ਾਮਲ ਹੋਣ ਲਈ ਪਹੁੰਚਦੇ ਹਨ। ਰਾਜੇਸ਼ ਕੁਮਾਰ ਦਾਸ (30) ਨਾਂ ਦੇ ਸ਼ਰਧਾਲੂ ਨੇ ਕਿਹਾ, ‘ਮੇਰਾ ਦੇਵੀ ਮਾਂ ’ਚ ਯਕੀਨ ਹੈ। ਮੇਰੀ ਮਾਂ ਨੇ ਦੇਵੀ ਕੋਲ ਮੇਰੇ ਪੁੱਤ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕੀਤੀ ਹੈ।’ ਇੱਕ ਮਾਨਤਾ ਅਨੁਸਾਰ ਸਭ ਤੋਂ ਪਹਿਲਾਂ ਦੇਵੀ ਗਧੀਮਾਈ ਨੇ ਜੇਲ੍ਹ ’ਚ ਬੰਦ ਇੱਕ ਵਿਅਕਤੀ ਨੂੰ ਸੁਫ਼ਨੇ ’ਚ ਦਰਸ਼ਨ ਦੇ ਕੇ ਬਲੀ ਮੰਗੀ ਸੀ। ਇਸ ਮਗਰੋਂ ਦੇਵੀ ਗਧੀਮਾਈ ਦਾ ਮੰਦਰ ਬਣਾਇਆ ਗਿਆ ਜਿੱਥੇ ਹੁਣ ਇਹ ਤਿਉਹਾਰ ਮਨਾਇਆ ਜਾਂਦਾ ਹੈ।
INDIA ਬਰੀਆਰਪੁਰ ਦੇ ਦੇਵੀ ਗਧੀਮਾਈ ਦੇ ਤਿਉਹਾਰ ਦੀਆਂ ਤਿਆਰੀਆਂ ਮੁਕੰਮਲ