ਗੁਰਦਾਸਪੁਰ – (ਹਰਜਿੰਦਰ ਛਾਬੜਾ) -ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ, ਵਿਆਹ ਦੇ ਦਿਨ ਅਚਾਨਕ ਗਾਇਬ ਹੋਣ ਅਤੇ 5 ਲੱਖ ਰੁਪਏ ਦੀ ਮੰਗ ਕਰਨ ਵਾਲੇ ਮੁੰਡੇ ਸਮੇਤ ਉਸ ਦੀ ਮਾਂ, ਭੈਣ ਅਤੇ ਇਕ ਰਿਸ਼ਤੇਦਾਰ ਵਿਰੁੱਧ ਸਿਟੀ ਪੁਲਸ ਗੁਰਦਾਸਪੁਰ ਨੇ ਦਾਜ ਐਕਟ ਅਧੀਨ ਕੇਸ ਦਰਜ ਕੀਤਾ ਹੈ। ਉਥੇ ਹੀ ਅੱਜ ਲਾੜੇ ਨੇ ਚੁੱਪ-ਚਾਪ ਇਕੱਲੇ ਹੀ ਗੀਤਾ ਭਵਨ ਮੰਦਰ ‘ਚ ਆ ਕੇ ਪ੍ਰੇਮਿਕਾ ਨਾਲ ਵਿਆਹ ਕਰਵਾ ਲਿਆ। ਲੜਕੀ ਦੀ ਭੈਣ ਦਾ ਕਹਿਣਾ ਕਿ ਸਾਡਾ ਪਰਿਵਾਰ ਭੈਣ ਦੀ ਵਿਦਾਈ ਤਾਂ ਹੀ ਕਰਨਗੇ, ਜਦ ਲਾੜੇ ਦਾ ਸਾਰਾ ਪਰਿਵਾਰ ਸਾਡੇ ਘਰ ਭੈਣ ਨੂੰ ਵਿਦਾ ਕਰਨ ਦੀ ਗੱਲ ਕਰੇਗਾ। ਵਰਣਨਯੋਗ ਹੈ ਕਿ ਗੁਰਦਾਸਪੁਰ ਦੀ ਰਹਿਣ ਵਾਲੀ ਕੁੜੀ ਬੀਤੇ ਦਿਨ ਆਪਣੀ ਬਰਾਤ ਦਾ ਇੰਤਜ਼ਾਰ ਕਰਦੀ ਰਹੀ ਪਰ ਲਾੜਾ ਆਪਣੇ ਪਰਿਵਾਰ ਸਮੇਤ ਗਾਇਬ ਹੋ ਗਿਆ। ਜਦਕਿ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਸਨ।
ਕੁੜੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਦੋਸ਼ ਲਾਇਆ ਕਿ ਉਸ ਦੇ ਲਗਭਗ 7-8 ਸਾਲ ਤੋਂ ਰਮਨ ਕੁਮਾਰ ਪੁੱਤਰ ਪ੍ਰਭਾਤ ਚੰਦ ਵਾਸੀ ਗੁਰਦਾਸਪੁਰ ਨਾਲ ਪ੍ਰੇਮ ਸਬੰਧ ਸੀ। ਉਕਤ ਨੌਜਵਾਨ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਵੀ ਬਣਾ ਲਏ। ਇਸ ਸਬੰਧੀ ਉਸ ਦੀ ਮਾਂ ਦਰਸ਼ਨਾ ਦੇਵੀ ਅਤੇ ਭੈਣ ਪ੍ਰਿਆ ਦੇਵੀ ਨੂੰ ਸਾਰੀ ਜਾਣਕਾਰੀ ਸੀ। ਉਸ ਤੋਂ ਬਾਅਦ ਮੁਲਜ਼ਮ ਮਲੇਸ਼ੀਆ ਚਲਾ ਗਿਆ ਅਤੇ ਹੁਣ ਜਦੋਂ ਵਾਪਸ ਆਇਆ ਤਾਂ ਵਿਆਹ ਦੀ ਮਿਤੀ 29 ਸਤੰਬਰ ਨਿਰਧਾਰਤ ਹੋਈ। ਸ਼ਗਨ ਦੀ ਰਸਮ ਰਮਨ ਨੇ ਇਕੱਲੇ ਹੀ ਪੂਰੀ ਕੀਤੀ ਅਤੇ ਕਿਹਾ ਕਿ ਵਿਆਹ ‘ਤੇ ਪੂਰਾ ਪਰਿਵਾਰ ਆਵੇਗਾ। ਜਦੋਂ 29 ਸਤੰਬਰ ਨੂੰ ਗੀਤਾ ਭਵਨ ਮੰਦਰ ਵਿਚ ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਲਈ ਪਰਿਵਾਰ ਸਮੇਤ ਨਹੀਂ ਪਹੁੰਚਿਆ ਤਾਂ ਮੋਬਾਇਲ ‘ਤੇ ਰਮਨ ਨਾਲ ਗੱਲ ਕੀਤੀ ਤਾਂ ਉਸ ਨੇ ਦਾਜ ‘ਚ 5 ਲੱਖ ਰੁਪਏ ਦੀ ਮੰਗ ਕੀਤੀ। ਪਰ ਅੱਜ ਅਚਾਨਕ ਗੀਤਾ ਭਵਨ ਮੰਦਰ ‘ਚ ਉਕਤ ਕੁੜੀ ਆਪਣੇ ਪਰਿਵਾਰ ਸਮੇਤ ਪਹੁੰਚ ਗਈ। ਪਤਾ ਲੱਗਾ ਕਿ ਪਹਿਲਾ ਸਵੇਰੇ 11 ਵਜੇ ਲਾੜੇ ਰਮਨ ਨੇ ਪਹੁੰਚਣਾ ਸੀ ਪਰ ਉਹ ਕਾਫੀ ਲੇਟ ਇਕੱਲਾ ਹੀ ਆਇਆ। ਦੋਵਾਂ ਦਾ ਹਿੰਦੂ ਰੀਤੀ ਰਿਵਾਜ ਨਾਲ ਵਿਆਹ ਹੋ ਗਿਆ ਪਰ ਲਾੜੀ ਦੀ ਭੈਣ ਸਪਨਾ ਨੇ ਦੱਸਿਆ ਕਿ ਜਦ ਤੱਕ ਰਮਨ ਦਾ ਸਾਰਾ ਪਰਿਵਾਰ ਸਾਡੇ ਘਰ ਆ ਕੇ ਭੈਣ ਨੂੰ ਵਿਦਾ ਕਰਨ ਦੀ ਗੱਲ ਨਹੀਂ ਕਰਦਾ, ਉਦੋਂ ਤੱਕ ਵਿਦਾਈ ਨਹੀਂ ਹੋਵੇਗੀ।
ਦੂਜੇ ਪਾਸੇ ਇਸ ਸਬੰਧੀ ਜਦ ਲਾੜੇ ਰਮਨ ਕੁਮਾਰ ਤੋਂ ਪੁੱਛਿਆ ਗਿਆ ਕਿ ਉਹ ਬੀਤੇ ਦਿਨ ਵਿਆਹ ਕਰਵਾਉਣ ਲਈ ਕਿਉਂ ਨਹੀਂ ਆਇਆ ਤਾਂ ਉਸ ਨੇ ਕਿਹਾ ਕਿ ਮੈਨੂੰ ਬੀਤੇ ਦਿਨ ਕੋਈ ਜ਼ਰੂਰੀ ਕੰਮ ਪੈ ਗਿਆ ਸੀ, ਜਿਸ ਕਾਰਣ ਮੈਂ ਵਿਆਹ ਮੌਕੇ ਨਹੀਂ ਪਹੁੰਚ ਸਕਿਆ। ਜਦ ਉਸ ਤੋਂ ਪੁੱਛਿਆ ਗਿਆ ਕਿ ਤੁਹਾਡਾ ਪਰਿਵਾਰ ਅੱਜ ਕਿਉਂ ਨਹੀਂ ਆਇਆ ਤਾਂ ਉਸ ਨੇ ਕਿਹਾ ਕਿ ਉਹ ਠੀਕ ਨਹੀਂ ਹਨ। ਉਸ ਨੇ ਜ਼ਿਆਦਾ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਵਿਆਹ ਕਰਵਾਉਣ ਤੋਂ ਬਾਅਦ ਕੁਝ ਦੇਰ ਬਾਅਦ ਹੀ ਰਮਨ ਉਥੋਂ ਚਲਾ ਗਿਆ, ਜਦਕਿ ਲੜਕੀ ਆਪਣੇ ਮਾਂ ਬਾਪ ਨਾਲ ਚਲੀ ਗਈ।
ਇਸ ਹਾਈਪ੍ਰੋਫਾਈਲ ਡਰਾਮੇ ਸਬੰਧੀ ਜਦ ਸਿਟੀ ਪੁਲਸ ਸਟੇਸ਼ਨ ਇੰਚਾਰਜ ਕੁਲਵੰਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਇਹ ਜਾਣਕਾਰੀ ਨਹੀਂ ਹੈ ਕਿ ਅੱਜ ਸ਼ਿਕਾਇਤਕਰਤਾ ਅਤੇ ਰਮਨ ਕੁਮਾਰ ਨੇ ਵਿਆਹ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਬੀਤੇ ਦਿਨ ਕੁੜੀ ਨੂੰ ਸਮਝਾਇਆ ਸੀ ਕਿ ਇਕ ਦਿਨ ਰੁਕ ਜਾਓ, ਸ਼ਾਇਦ ਰਮਨ ਵਾਪਸ ਆ ਜਾਵੇ ਪਰ ਉਸ ਨੇ ਕਿਹਾ ਕਿ ਜੇਕਰ ਰਮਨ ਅਤੇ ਉਸ ਦੇ ਪਰਿਵਾਰ ਵਿਰੁੱਧ ਕੇਸ ਦਰਜ ਨਾ ਹੋਇਆ ਤਾਂ ਉਹ ਆਤਮ-ਹੱਤਿਆ ਕਰ ਲਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਵਿਆਹ ਕਿਵੇਂ ਹੋਇਆ ਹੈ ਜਾਂ ਕਿੰਨੀਆ ਸ਼ਰਤਾਂ ‘ਤੇ ਹੋਇਆ ਹੈ। ਪੁਲਸ ਨੇ ਜੋ ਕੇਸ ਦਰਜ ਕੀਤਾ ਹੈ ਉਸ ਅਨੁਸਾਰ ਸਾਰੇ ਮੁਲਜ਼ਮਾਂ ਵਿਰੁੱਧ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਕੁੜੀ ਦੇ ਬਿਆਨਾਂ ਦੇ ਆਧਾਰ ‘ਤੇ ਉਕਤ ਲੜਕੇ, ਉਸ ਦੀ ਮਾਂ ਦਰਸ਼ਨਾ ਦੇਵੀ, ਭੈਣ ਪ੍ਰਿਆ ਦੇਵੀ ਅਤੇ ਰਿਸ਼ਤੇਦਾਰ ਮੂਰਤੀ ਰਾਮ ਵਾਸੀ ਗੁਰਦਾਸਪੁਰ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਪੁਲਸ ਅਧਿਕਾਰੀ ਅਨੁਸਾਰ ਸਾਰੇ ਮੁਲਜ਼ਮ ਫਰਾਰ ਹਨ ਅਤੇ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।