ਇਕ ਜਵਾਨ ਦੀ ਲਾਸ਼ ਮਿਲੀ; ਬਚਾਅ ਅਤੇ ਤਲਾਸ਼ ਮੁਹਿੰਮ ਜਾਰੀ
ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਵਿਚ ਪੈਂਦੀ ਚੀਨ-ਭਾਰਤ ਸਰਹੱਦ ’ਤੇ ਤਾਇਨਾਤ ਫ਼ੌਜ ਦੀ ਜੇਕੇ ਰਾਈਫਲਜ਼ ਯੂਨਿਟ ਦੇ ਛੇ ਜਵਾਨਾਂ ਦੇ ਬਰਫ਼ਾਨੀ ਤੋਦੇ ਦੀ ਲਪੇਟ ਵਿਚ ਆਉਣ ਕਰਕੇ ਮਾਰੇ ਜਾਣ ਦਾ ਖ਼ਦਸ਼ਾ ਹੈ। ਕਿਨੌਰ ਦੇ ਡਿਪਟੀ ਕਮਿਸ਼ਨਰ ਗੋਪਾਲ ਚੰਦ ਨੇ ਦੱਸਿਆ ਕਿ ਇਕ ਜਵਾਨ ਦੀ ਲਾਸ਼ ਮਿਲ ਗਈ ਹੈ ਜਦਕਿ ਪੰਜ ਜਵਾਨਾਂ ਬਾਰੇ ਅਜੇ ਤਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਮਿ੍ਤਕ ਜਵਾਨ ਦੀ ਪਛਾਣ ਰਾਕੇਸ਼ ਕੁਮਾਰ (41) ਵਾਸੀ ਘੁਮਾਰਪੁਰ. ਜ਼ਿਲਾ ਬਿਲਾਸਪੁਰ (ਹਿਮਾਚਲ) ਵਜੋਂ ਹੋਈ ਹੈ। ਬਰਫ਼ਾਨੀ ਤੋਦਾ ਡਿੱਗਣ ਦੀ ਇਹ ਘਟਨਾ ਅੱਜ ਦਿਨੇ 11 ਵਜੇ ਚੀਨ-ਭਾਰਤ ਸਰਹੱਦ ’ਤੇ ਸ਼ਿਪਕੀ ਲਾ ਨੇੜੇ ਵਾਪਰੀ। ਉਨ੍ਹਾਂ ਦੱਸਿਆ ਕਿ ਇੰਡੋ-ਤਿਬਤੀਅਨ ਬਾਰਡਰ ਪੁਲੀਸ ਦੇ ਕਈ ਜਵਾਨ ਵੀ ਬਰਫ਼ਾਨੀ ਤੋਦੇ ਕਾਰਨ ਫਸ ਗਏ ਸਨ ਜਿਨ੍ਹਾਂ ਨੂੰ ਬਾਅਦ ਵਿਚ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਫ਼ੌਜ ਦੇ ਅਧਿਕਾਰੀਆਂ ਮੁਤਾਬਕ ਚੀਨ-ਭਾਰਤ ਸਰਹੱਦ ਲਾਗੇ 16 ਜਵਾਨ ਗਸ਼ਤ ਕਰ ਰਹੇ ਸਨ ਜਦੋਂ ਉਹ ਬਰਫ਼ਾਨੀ ਤੋਦੇ ਦੀ ਚਪੇਟ ’ਚ ਆ ਗਏ ਅਤੇ ਉਸ ਹੇਠਾਂ ਦੱਬ ਗਏ। ਇਨ੍ਹਾਂ ’ਚੋਂ ਇਕ ਨੂੰ ਬਚਾਅ ਲਿਆ ਗਿਆ ਸੀ ਪਰ ਬਾਅਦ ’ਚ ਉਸ ਨੇ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਦਮ ਤੋੜ ਦਿੱਤਾ।