ਬਰਨਾਲਾ (ਸਮਾਜ ਵੀਕਲੀ): ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਇਸ ਸ਼ਹਿਰ ਦੇ ਰੇਲਵੇ ਸਟੇਸ਼ਨ ‘ਤੇ ਡਟੇ ਮੋਰਚੇ ‘ਚ ਸ਼ਾਮਲ ਜਥੇਬੰਦੀਆਂ ਦੇ ਵਰਕਰ ਸੜਕਾਂ ‘ਤੇ ਅਕਾਸ਼ ਗੁੰਜਾਊ ਨਾਅਰੇਬਾਜ਼ੀ ਕਰਦਿਆਂ 25 ਏਕੜ ਸਕੀਮ ਦੇ ਖੁੱਲ੍ਹੇ ਸਥਾਨ ‘ਤੇ ਪੁੱਜੇ ਤੇ ਪ੍ਰਧਾਨ ਮੰਤਰੀ ਮੋਦੀ-ਅਮਿਤ ਸ਼ਾਹ ਜੋੜੀ ਤੇ ਅਡਾਨੀ, ਅੰਬਾਨੀ ਦਾ ਪੁਤਲਾ ਸਾੜਿਆ।
ਠਾਠਾਂ ਮਾਰਦੇ ਕਾਫਲੇ ਦੇ ਬੁਲਾਰਿਆਂ ‘ਚ ਸ਼ਾਮਲ ਬੀਕੇਯੂ ਡਕੌਂਦਾ ਦੇ ਦਰਸ਼ਨ ਉਗੋਕੇ, ਬਲਵੰਤ ਉਪਲੀ, ਭਾਕਿਯੂ ਸਿੱਧੂਪੁਰ ਦੇ ਨਛੱਤਰ ਸਹੌਰ, ਕਾਦੀਆਂ ਦੇ ਜਗਸੀਰ ਸਿੰਘ ਸੀਰਾ, ਰਾਜੇਵਾਲ ਦੇ ਗਿਆਨੀ ਨਿਰਭੈ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪਵਿੱਤਰ ਲਾਲੀ, ਕੁੱਲ ਹਿੰਦ ਕਿਸਾਨ ਸਭਾ (ਸਾਂਬਰ) ਦੇ ਉਜਾਗਰ ਬੀਹਲਾ, ਕੁੱਲ ਹਿੰਦ ਕਿਸਾਨ ਸਭਾ ਦੇ ਮਾ. ਨਿਰੰਜਣ ਸਿੰਘ, ਜੈ ਕਿਸਾਨ ਅੰਦੋਲਨ ਦੇ ਗੁਰਬਖ਼ਸ ਸਿੰਘ ਕੱਟੂ, ਪੰਜਾਬ ਕਿਸਾਨ ਯੂਨੀਅਨ ਦੇ ਜੱਗਾ ਬਦਰਾ ਤੋਂ ਇਲਾਵਾ ਗੁਰਦੇਵ ਸਿੰਘ ਮਾਂਗੇਵਾਲ, ਪ੍ਰੇਮ ਪਾਲ ਕੌਰ, ਗੁਰਮੀਤ ਸੁਖਪੁਰ, ਹਰਚਰਨ ਚੰਨਾ ਨੇ ਕਿਹਾ ਕਿ ਕਿਸਾਨ ਸੰਘਰਸ਼ ਨੂੰ ਲੀਹੋਂ ਲਾਹੁਣ ਦੀਆਂ ਕੋਝੀਆਂ ਚਾਲਾਂ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ।