* ਯੂਰੋਪ ਨੇ ਇੰਗਲੈਂਡ ਨਾਲੋਂ ਸੰਪਰਕ ਤੋੜਿਆ
* ਨਾਲ ਲੱਗਦੇ ਮੁਲਕਾਂ ਵੱਲੋਂ ਸਰਹੱਦਾਂ ਸੀਲ
* ਲਾਗ ਦਾ ਨਵਾਂ ਰੂਪ ਵਧੇਰੇ ਘਾਤਕ ਹੋਣ ਦਾ ਖ਼ਦਸ਼ਾ
ਲੰਡਨ (ਸਮਾਜ ਵੀਕਲੀ) : ਕਰੋਨਾਵਾਇਰਸ ਦੇ ਨਵੇਂ ਰੂਪ ਦੇ ਫੈਲਾਅ ਨਾਲ ਇੰਗਲੈਂਡ ਲਈ ਸੰਕਟ ਖੜ੍ਹਾ ਹੋ ਗਿਆ ਹੈ ਅਤੇ ਯੂਰੋਪੀ ਮੁਲਕਾਂ ਨੇ ਉਸ ਨਾਲ ਸੰਪਰਕ ਤੋੜ ਲਿਆ ਹੈ। ਯੂਰੋਪੀ ਮੁਲਕਾਂ ਨੇ ਕਰੋਨਾਵਾਇਰਸ ਦੇ ਨਵੇਂ ਰੂਪ ਤੋਂ ਡਰਦਿਆਂ ਇੰਗਲੈਂਡ ਨਾਲ ਆਵਾਜਾਈ ਬੰਦ ਕਰ ਦਿੱਤੀ ਹੈ। ਕ੍ਰਿਸਮਸ ਨੇੜੇ ਹੋਣ ਕਰਕੇ ਕਈ ਪਰਿਵਾਰਾਂ, ਟਰੱਕ ਵਾਲਿਆਂ ਅਤੇ ਸੁਪਰ ਮਾਰਕਿਟਾਂ ’ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਹੈ।
ਫਰਾਂਸ ਨਾਲ ਲੱਗਦੀ ਸਰਹੱਦ ’ਤੇ ਵਾਹਨਾਂ ਦੀ ਕਤਾਰ ਲੱਗ ਗਈ ਹੈ। ਟਰੱਕ ਅਤੇ ਹੋਰ ਢੋਆ-ਢੁਆਈ ਵਾਲੇ ਵਾਹਨਾਂ ਦੇ ਦਾਖ਼ਲੇ ਨੂੰ ਵੀ ਰੋਕ ਦਿੱਤਾ ਗਿਆ ਹੈ। ਉਧਰ ਇੰਗਲੈਂਡ ’ਚ ਕਰੋਨਾ ਦੇ ਨਵੇਂ ਸਰੂਪ ਦਾ ਤੇਜ਼ੀ ਨਾਲ ਪਸਾਰ ਹੋਣ ਦਰਮਿਆਨ 326 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 67,401 ਹੋ ਗਈ ਹੈ।
ਫਰਾਂਸ, ਜਰਮਨੀ, ਇਟਲੀ, ਨੀਦਰਲੈਂਡਜ਼, ਆਸਟਰੀਆ, ਸਵਿਟਜ਼ਰਲੈਂਡ, ਆਇਰਲੈਂਡ, ਬੈਲਜੀਅਮ, ਇਜ਼ਰਾਈਲ, ਹਾਂਗਕਾਂਗ, ਇਰਾਨ, ਕ੍ਰੋਏਸ਼ੀਆ, ਅਰਜਨਟੀਨਾ, ਚਿਲੀ, ਮੋਰੱਕੋ, ਕੁਵੈਤ ਅਤੇ ਕੈਨੇਡਾ ਨੇ ਇੰਗਲੈਂਡ ਦੇ ਸਫ਼ਰ ਅਤੇ ਉਥੋਂ ਆਉਣ ਵਾਲੀਆਂ ਉਡਾਣਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਸਾਊਦੀ ਅਰਬ ਨੇ ਸਾਰੀਆਂ ਕੌਮਾਂਤਰੀ ਉਡਾਣਾਂ ’ਤੇ ਇਕ ਹਫ਼ਤੇ ਲਈ ਰੋਕ ਲਗਾ ਦਿੱਤੀ ਹੈ। ਇੰਗਲੈਂਡ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਕਿਹਾ ਕਿ ਲੋਕਾਂ ਖਾਸ ਕਰਕੇ ਟੀਅਰ 4 ਇਲਾਕਿਆਂ ਦੇ ਵਸਨੀਕਾਂ ਨੂੰ ਵਾਇਰਸ ਹੋਣ ’ਤੇ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੇ ਨਵੇਂ ਰੂਪ ਨਾਲ ਅਜੇ ਘਰਾਂ ਅੰਦਰ ਰਹਿ ਕੇ ਹੀ ਨਜਿੱਠਿਆ ਜਾ ਸਕਦਾ ਹੈ।
ਕਰੋਨਾਵਾਇਰਸ ਦੀ ਨਵੀਂ ਕਿਸਮ 70 ਫ਼ੀਸਦੀ ਵਧੇਰੇ ਲਾਗ ਫੈਲਾਉਣ ਵਾਲੀ ਮੰਨੀ ਜਾ ਰਹੀ ਹੈ। ਉਂਜ ਸਿਹਤ ਮਾਹਿਰਾਂ ਨੇ ਕਿਹਾ ਹੈ ਕਿ ਇਸ ਦਾ ਅਜੇ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਨਵਾਂ ਰੂਪ ਵਧੇਰੇ ਘਾਤਕ ਹੈ ਜਾਂ ਇਹ ਵੈਕਸੀਨ ’ਤੇ ਵੱਖਰੇ ਢੰਗ ਨਾਲ ਅਸਰ ਪਾਏਗਾ। ਲੰਡਨ ਦੇ ਇੰਪੀਰੀਅਲ ਕਾਲਜ ਦੇ ਡਾਕਟਰ ਐਰਿਕ ਵੋਲਜ਼ ਨੇ ਕਿਹਾ ਕਿ ਕੋਵਿਡ-19 ਨਾਲੋਂ ਲਾਗ ਦਾ ਨਵਾਂ ਰੂਪ ਕਿਤੇ ਵੱਧ ਤੇਜ਼ੀ ਨਾਲ ਫੈਲ ਰਿਹਾ ਹੈ। ‘ਅਜੇ ਫੌਰੀ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹੈ ਪਰ ਉਸ ’ਤੇ ਨਜ਼ਰ ਰੱਖਣਾ ਅਹਿਮ ਹੋਵੇਗਾ।’
ਅਜੇ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਯੂਕੇ ’ਚ ਕਿਸੇ ਮਰੀਜ਼ ਤੋਂ ਕਰੋਨਾ ਦਾ ਨਵਾਂ ਰੂਪ ਫੈਲਿਆ ਹੈ ਜਾਂ ਕਿਸੇ ਦੂਜੇ ਮੁਲਕ ਤੋਂ ਆਏ ਮਰੀਜ਼ ਨੇ ਇਥੇ ਹਾਲਾਤ ਗੰਭੀਰ ਬਣਾ ਦਿੱਤੇ ਹਨ। ਨੌਰਦਰਨ ਆਇਰਲੈਂਡ ਨੂੰ ਛੱਡ ਕੇ ਨਵੀਂ ਲਾਗ ਦਾ ਅਸਰ ਲੰਡਨ, ਦੱਖਣ-ਪੂਰਬ ਅਤੇ ਪੂਰਬੀ ਇੰਗਲੈਂਡ ’ਚ ਵਧੇਰੇ ਦੇਖਣ ਨੂੰ ਮਿਲ ਰਿਹਾ ਹੈ। ਮੁਲਕ ਦੇ ਹੋਰ ਹਿੱਸਿਆਂ ’ਚ ਇੰਨੀ ਤੇਜ਼ੀ ਨਾਲ ਕਰੋਨਾ ਦੇ ਨਵੇਂ ਰੂਪ ਦੇ ਕੇਸ ਸਾਹਮਣੇ ਨਹੀਂ ਆਏ ਹਨ। ਲੋਕਾਂ ਨੂੰ ਪਾਬੰਦੀਆਂ ਦਾ ਪਾਲਣ ਕਰਨ ਲਈ ਆਖਦਿਆਂ ਸਰਕਾਰ ਨੇ ਕਿਹਾ ਹੈ ਕਿ ਉਹ ਘਰਾਂ ਅੰਦਰ ਹੀ ਰਹਿਣ। ਇਸ ਦੇ ਨਾਲ ਗ਼ੈਰ-ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਅਤੇ ਕਾਰੋਬਾਰ ਬੰਦ ਰਹਿਣਗੇ। ਵਿਰੋਧੀ ਧਿਰ ਲੇਬਰ ਪਾਰਟੀ ਦੇ ਆਗੂ ਸਰ ਕੀਰ ਸਟਾਰਮਰ ਨੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ’ਤੇ ‘ਵੱਡੀ ਅਣਗਹਿਲੀ’ ਦਾ ਦੋਸ਼ ਲਾਇਆ ਹੈ ਅਤੇ ਉਨ੍ਹਾਂ ਮੰਗ ਕੀਤੀ ਹੈ ਕਿ ਉਹ ਲੋਕਾਂ ਤੋਂ ਮੁਆਫ਼ੀ ਮੰਗਣ।
ਵਾਸ਼ਿੰਗਟਨ ’ਚ ਭਾਰਤੀ-ਅਮਰੀਕੀ ਡਾਕਟਰ ਵਿਵੇਕ ਮੂਰਤੀ ਨੇ ਕਿਹਾ ਹੈ ਕਿ ਯੂਕੇ ’ਚ ਕਰੋਨਾਵਾਇਰਸ ਦੇ ਨਵੇਂ ਰੂਪ ਦੇ ਵਧੇਰੇ ਘਾਤਕ ਹੋਣ ਦੇ ਅਜੇ ਸਬੂਤ ਨਹੀਂ ਮਿਲੇ ਹਨ। ਉਨ੍ਹਾਂ ਕਿਹਾ ਕਿ ਇਹ ਆਖਣਾ ਸਹੀ ਨਹੀਂ ਹੋਵੇਗਾ ਕਿ ਵਿਕਸਤ ਕੀਤੀਆਂ ਗਈਆਂ ਕਰੋਨਾਵਾਇਰਸ ਵੈਕਸੀਨਾਂ ਲਾਗ ਦੇ ਨਵੇਂ ਮਾਮਲਿਆਂ ’ਤੇ ਅਸਰਦਾਰ ਨਹੀਂ ਹੋਣਗੀਆਂ।