(ਸਮਾਜਵੀਕਲੀ)
ਪੂਰੀ ਦੁਨੀਆ ਵਿੱਚ ਤਰਾਹੀ ਮਚੀ ਹੋਈ ਹੈ । ਲੋਕੀਂ ਘਰਾਂ ਚ ਬੰਦ ਹਨ, ਕੋਰੋਨਾ ਦੇ ਮਰੀਜ਼ਾਂ ਤੇ ਇਸ ਬੀਮਾਰੀ ਕਾਰਨ ਹੋ ਰਹੀਆਂ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਪਰ ਪੂਰੀ ਦੁਨੀਆ ਵਿੱਚ ਬਰਤਾਨੀਆ ਦਾ ਇਕ ਨੇਤਾ ਅਜਿਹਾ ਵੀ ਹੈ ਜੋ ਇਕ ਵਾਰ ਕੋਰੋਨਾ ਦੀ ਬੀਮਾਰੀ ਤੋਂ ਬੁਰੀ ਤਰਾਂ ਪੀੜਿਤ ਹੋਣ ਦੇ ਬਾਵਜੂਦ ਵੀ ਟਿਕ ਕੇ ਨਹੀਂ ਬੈਠ ਰਿਹਾ । ਉਸ ਨੂੰ ਆਪਣੀ ਜਾਨ ਦੀ ਬਜਾਏ ਪਲ ਪਲ ਲੋਕਾਂ ਦੀ ਫਿਕਰ ਹੈ । ਅਸੀਂ ਗੱਲ ਕਰ ਰਹੇ ਹਾਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਦੀ । ਕੌਰੋਨਾ ਦੀ ਬੀਮਾਰੀ ਨਾਲ ਪੀੜਤ ਹੋਣ ਤੋਂ ਬਾਅਦ ਕਈ ਹਫ਼ਤੇ ਹਸਪਤਾਲ ਦੇ ਇਨਟੈਂਸਿਵ ਕੇਅਰ ਯੂਨਿਟ ਵਿੱਚ ਵੈਂਟੀਲੇਟਰ ਉੱਤੇ ਕੱਟਣ ਤੋਂ ਬਾਅਦ ਠੀਕ ਹੋ ਕੇ ਦੁਬਾਰਾ ਜਨਤਾ ਦੀ ਸੇਵਾ ਵਿੱਚ ਰੁੱਝ ਜਾਣ ਵਾਲਾ ਬਿਰਟੇਨ ਦਾ ਇਹ ਪਰਧਾਨ ਮੰਤਰੀ ਅੱਜ ਕੋਰੋਨਾ ਦੇ ਲੰਮੇ ਲੌਕ ਡਾਊਨ ਦੇ ਖੁੱਲ੍ਹਣ ਤੋਂ ਬਾਅਦ ਇਕ ਵਾਰ ਫੇਰ ਲੰਡਨ ਦੇ ਖੁੱਲੇ ਹਜ਼ਾਰਾਂ ਵਿੱਚ ਅਚਨਚੇਤੀ ਹੀ ਘੁੰਮਦਾ ਦੇਖਿਆ ਗਿਆ ।
ਬੋਰਿਸ ਜੋਹਨਸਨ ਪਹਿਲਾ ਇਕ ਕੌਫੀ ਸ਼ੌਪ ‘ਤੇ ਗਿਆ ਜਿੱਥੇ ਉਸ ਨੇ ਕੌਫੀ ਦਾ ਕੱਪ ਖ਼ਰੀਦਿਆ ਤੇ ਪੈਸਿਆ ਦਾ ਭੁਗਤਾਣ ਕਰਨ ਦੇ ਨਾਲ ਹੀ ਕੌਫੀ ਸ਼ੌਪ ਦੇ ਮਾਲਿਕ ਨਾਲ ਗੱਪ ਸ਼ੱਪ ਕਰਦਿਆਂ ਨਾਲ ਹੀ ਕੋਰੋਨਾ ਦੀ ਰੋਕਥਾਮ ਸੰਬੰਧੀ ਸ਼ੌਪ ਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੀ ਜਾਣਕਾਰੀ ਵੀ ਪ੍ਰਾਪਤ ਕੀਤੀ । ਇਸ ਤੋਂ ਬਾਅਦ ਬੋਰਿਸ ਜੋਹਨਸਨ ਇਕ ਵੱਡੇ ਮਾਲ ਵਿੱਚ ਪਹੁੰਚ ਗਿਆ ਜਿੱਥੇ ਉਸ ਨੇ ਕਾਫ਼ੀ ਸਮਾਂ ਘੁੰਮ ਫ਼ਿਰਕੇ ਕੇ ਦੁਕਾਨਦਾਰਾਂ ਵੱਲੋਂ ਕੋਰੋਨਾ ਦੀ ਰੋਕਥਾਮ ਸਬੰਧੀ ਕੀਤੇ ਗਏ ਪਰਬੰਧਾ ਦਾ ਜਾਇਜ਼ਾ ਲਿਆ, ਕਈ ਦੁਕਾਨਦਾਰਾਂ ਦਾ ਹਾਲ-ਚਾਲ ਵੀ ਪੁਛਿਆ ਤੇ ਇਸ ਦੇ ਨਾਲ ਹੀ ਸਭਨਾ ਨੂੰ ਇਹਤਿਹਾਤ ਵਰਤਣ ਦੀ ਹਿਦਾਇਤ ਵੀ ਕੀਤੀ । ਬੋਰਿਸ ਦੇ ਇਸ ਅਚਨਚੇਤੀ ਦੌਰੇ ਤੋਂ ਬਰਤਾਨੀਆ ਦੇ ਲੋਕ ਬਹੁਤ ਪਰਭਾਵਤ ਹਨ । ਬਹੁਤਿਆਂ ਦਾ ਕਹਿਣਾ ਹੈ ਕਿ ਮੁਲਕ ਦਾ ਨੇਤਾ ਹੋਵੇ ਤਾਂ ਇਸ ਤਰਾਂ ਦਾ ਹੋਵੇ ਜੋ ਔਖੀ ਘੜੀ ਚ ਨਾਲ ਖੜੇ ਤੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਕੇ ਸਭਨਾ ਦੇ ਨਾਲ ਵਿਚਰਦਾ ਹੋਇਆ ਉਹਨਾਂ ਮਨੋਬਲ ਉੱਚਾ ਕਰੇ । ਸ਼ੋਸ਼ਲ ਮੀਜੀਏ ਉੱਤੇ ਬੋਰਿਸ ਜੋਹਨਸਨ ਦੇ ਇਸ ਉੱਦਮ ਦੀ ਭਾਰੀ ਚਰਚਾ ਵੀ ਹੋ ਰਹੀ ਤੇ ਤਾਰੀਫ਼ ਵੀ ਰੱਜਕੇ ਕੀਤੀ ਜਾ ਰਹੀ ਹੈ । ਇੱਥੇ ਜਿਕਰਯੋਗ ਹੈ ਕਿ ਬਰਤਾਨੀਆ ਚ ਕਰੋਨਾ ਦੇ ਮਰੀਜ਼ਾਂ ਦੀ ਸੰਖਿਆ ਦਾ ਅੰਕੜਾ ਇਸ ਵੇਲੇ ਤਿੰਨ ਲੱਖ ਤੋਂ ਉੱਤੇ ਹੈ ਤੇ ਇਸ ਬੀਮਾਰੀ ਨਾਲ ਮਰਨ ਵਾਲ਼ਿਆਂ ਸੰਖਿਆ ਵੀ 42000 ਤੱਕ ਪਹੁੰਚ ਚੁੱਕੀ ਹੈ।
ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
15/06/2020