ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਅੱਜ ਕਿਹਾ ਕਿ ਕੁਝ ਲੱਛਣ ਮਹਿਸੂਸ ਹੋਣ ਤੋਂ ਬਾਅਦ ਕਰਵਾਏ ਗਏ ਟੈਸਟ ਵਿੱਚ ਉਹ ਕਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਦੇ ਸਿਹਤ ਸਕੱਤਰ ਮੈੱਟ ਹਾਨਕੌਕ ਵੀ ਕਰੋਨਾਵਾਇਰਸ ਤੋਂ ਪੀੜਤ ਹੋ ਗਿਆ ਹੈ।
ਹੁਣ ਮਾਹਿਰਾਂ ਦੀ ਸਲਾਹ ਨਾਲ ਉਹ 10 ਡਾਊਨਿੰਗ ਸਟ੍ਰੀਟ ਵਿੱਚ ਏਕਾਂਤਵਾਸ ਵਿੱਚ ਰਹਿ ਰਹੇ ਹਨ। ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਗਏ ਇਕ ਵੀਡੀਓ ਸੁਨੇਹੇ ਵਿੱਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਸ੍ਰੀ ਜੌਹਨਸਨ ਨੇ ਕਿਹਾ ਕਿ ਉਹ ਜਾਨਲੇਵਾ ਕਰੋਨਾਵਾਇਰਸ ਖ਼ਿਲਾਫ਼ ਬਰਤਾਨਵੀ ਸਰਕਾਰ ਦੀ ਨੁਮਾਇੰਦਗੀ ਕਰਦੇ ਰਹਿਣਗੇ। ਇਸ ਵਾਇਰਸ ਨਾਲ ਹੁਣ ਤੱਕ ਬਰਤਾਨੀਆ ਵਿੱਚ 578 ਮੌਤਾਂ ਹੋ ਚੁੱਕੀਆਂ ਹਨ। ਜੌਹਨਸਨ ਨੇ ਟਵਿੱਟਰ ’ਤੇ ਕਿਹਾ, ‘‘ਪਿਛਲੇ 24 ਘੰਟਿਆਂ ਵਿੱਚ ਮੈਂ ਕੁਝ ਲੱਛਣ ਮਹਿਸੂਸ ਕਰ ਰਿਹਾ ਸੀ ਅਤੇ ਟੈਸਟ ਕਰਵਾਉਣ ’ਤੇ ਰਿਪੋਰਟ ਕਰੋਨਾ ਪਾਜ਼ੇਟਿਵ ਆਈ।’’ ਡਾਊਨਿੰਗ ਸਟ੍ਰੀਟ ਦੇ ਇਕ ਬੁਲਾਰੇ ਨੇ ਕਿਹਾ ਕਿ ਵੀਰਵਾਰ ਨੂੰ ਕੁਝ ਲੱਛਣ ਮਹਿਸੂਸ ਹੋਣ ਤੋਂ ਬਾਅਦ ਇੰਗਲੈਂਡ ਦੇ ਮੁੱਖ ਸਿਹਤ ਅਫ਼ਸਰ ਪ੍ਰੋਫੈਸਰ ਕ੍ਰਿਸ ਵ੍ਹਿੱਟੀ ਦੀ ਸਲਾਹ ’ਤੇ ਪ੍ਰਧਾਨ ਮੰਤਰੀ ਦਾ ਟੈਸਟ ਕਰਵਾਇਆ ਗਿਆ ਤਾਂ ਉਹ ਕਰੋਨਾਵਾਇਰਸ ਪਾਜ਼ੇਟਿਵ ਪਾਏ ਗਏ। ਇਹ ਟੈਸਟ ਕੌਮੀ ਸਿਹਤ ਸੇਵਾ ਦੇ ਸਟਾਫ਼ ਵੱਲੋਂ 10 ਡਾਊਨਿੰਗ ਸਟ੍ਰੀਟ ਵਿੱਚ ਹੀ ਕੀਤਾ ਗਿਆ। ਉਨ੍ਹਾਂ ਕਿਹਾ, ‘‘ਮਾਹਿਰਾਂ ਦੇ ਮਸ਼ਵਰੇ ਅਨੁਸਾਰ ਪ੍ਰਧਾਨ ਮੰਤਰੀ ਡਾਊਨਿੰਗ ਸਟ੍ਰੀਟ ’ਚ ਹੀ ਏਕਾਂਤਵਾਸ ਵਿੱਚ ਰਹਿ ਰਹੇ ਹਨ। ਉਹ ਸਰਕਾਰ ਦੀ ਕਰੋਨਾਵਾਇਰਸ ਖ਼ਿਲਾਫ਼ ਲੜਾਈ ਦੀ ਅਗਵਾਈ ਕਰਦੇ ਰਹਿਣਗੇ।’’
HOME ਬਰਤਾਨੀਆ ਦੇ ਪ੍ਰਧਾਨ ਮੰਤਰੀ ਕਰੋਨਾ ਪਾਜ਼ੇਟਿਵ