ਬਰਤਾਨੀਆ ਦੀ ਮਰਦਮ ਸ਼ੁਮਾਰੀ ਅਤੇ ਪੰਜਾਬੀਆ ਦੀ ਆਪਣੀ ਮਾਂ ਬੋਲੀ ਪ੍ਰਤੀ ਜਿੰਮੇਵਾਰੀ

Photo credit: PaulSh

ਭਖਦਾ ਮਸਲਾ

(ਸਮਾਜ ਵੀਕਲੀ)- ਇਸ ਸੰਸਾਰ ਚ ਕੋਈ ਸੱਤ ਕੁ ਹਜ਼ਾਰ ਮਨੁੱਖੀ ਭਾਸ਼ਾਵਾਂ ਬੋਲੀਆ ਜਾਂਦੀਆਂ ਹਨ, ਜਿਹਨਾਂ ਦਾ ਆਪੋ ਆਪਣਾ ਰੰਗ, ਰਸ ਤੇ ਸਰਗਮ ਰਾਗ ਹੈ । ਪੰਛੀਆਂ ਤੇ ਜਾਨਵਰਾਂ ਦੀਆਂ ਦੀ ਵੀ ਉਹਨਾਂ ਦੀਆਂ ਨਸਲਾਂ ਤੇ ਕਬੀਲਿਆਂ ਮੁਤਾਬਿਕ ਅਨੇਕਾਂ ਬੋਲੀਆਂ ਹਨ, ਜੋ ਉਕਤ ਮਨੁੱਖੀ ਬੋਲੀਆੰ ਦੀ ਗਿਣਤੀ ਤੋਂ ਇਲਾਵਾ ਹਨ ।

ਦੁਨੀਆ ਦੀ ਹਰ ਬੋਲੀ ਸੰਚਾਰ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਧਨ ਹੁੰਦੀ ਹੈ ਜੋ ਸੰਬੰਧਿਤ ਜੀਵਾਂ ਦੀਆਂ ਅੰਦਰੂਨੀ ਭਾਵਨਾਵਾਂ ਦੇ ਅਦਾਨ ਪ੍ਰਦਾਨ ਦਾ ਜਰੀਆ ਬਣਕੇ ਸਮਾਜਕ ਸੰਪਰਕ ਦਾ ਦਾਇਰਾ ਵਿਸ਼ਾਲ ਤੇ ਮੋਕਲਾ ਕਰਦੀ ਹੈ । ਇੱਥੇ ਜ਼ਿਕਰ ਕਰਦੇ ਜਾਈਏ ਕਿ ਸੰਚਾਰ ਇਕ ਦੁਪੱਖੀ ਪ੍ਰਕਿਰਿਆ ਹੁੰਦੀ ਹੈ ਜਿਸ ਵਿੱਚ ਇੱਕੋ ਸਮੇਂ ਇਕ ਤੋ ਵੱਧ ਜੀਵਾਂ ਦਰਮਿਆਨ ਵਿਚਾਰ ਵਟਾਂਦਰਾ ਜ਼ਰੂਰੀ ਹੁੰਦਾ ਹੈ, ਤੇ ਉਹ ਵਿਚਾਰ ਵਟਾਂਦਰਾ ਕਿਸੇ ਬੋਲੀ ਦੁਆਰਾ ਹੀ ਸੰਭਵ ਹੁੰਦਾ ਹੈ, ਪਰ ਇੱਥੇ ਸਮਝਣ ਵਾਲੀ ਗੱਲ ਇਹ ਵੀ ਹੈ ਕਿ ਭਾਸ਼ਾ ਵਾਸਤੇ ਅਜਿਹੀ ਕੋਈ ਵੀ ਸ਼ਰਤ ਨਹੀਂ ਹੁੰਦੀ ਕਿਉਂਕਿ ਭਾਸ਼ਾ ਦੀ ਤਰੰਗ ਤਾਂ ਹਰ ਜੀਵ ਦੇ ਮਨ ਮਸਤਕ ਵਿੱਚ ਹਮੇਸ਼ਾ ਹੀ ਚਲਦੀ ਰਹਿੰਦੀ ਹੈ, ਜਿਸ ਕਾਰਨ ਇਕ ਜੀਵ ਆਪਣੇ ਆਪ ਨਾਲ ਇਕਹਿਰਾ ਸੰਵਾਦ ਅਕਸਰ ਹੀ ਰਚਾਉਂਦਾ ਰਹਿੰਦਾ ਹੈ ।

ਬੇਸ਼ੱਕ ਕਿਸੇ ਬੱਚੇ ਦੇ ਜਨਮ ਤੋਂ ਬਾਅਦ ਉਸ ਨੂੰ ਕਿਸੇ ਅੱਛੇ ਸੁਭਾਅ ਨਾਲੇ ਸ਼ਖਸ਼ ਕੋਲੋਂ ਗੁੜਤੀ (ਪਤਾਸੇ, ਦੁੱਧ ਤੇ ਸ਼ਹਿਦ ਦਾ ਮਿਸ਼ਰਨ) ਇਸ ਮਕਸਦ ਨਾਲ ਦੁਆਈ ਜਾਂਦੀ ਹੈ ਕਿ ਵੱਡਾ ਹੋ ਕੇ ਬੱਚੇ ਦਾ ਸੁਭਾਅ ਤੇ ਬੋਲੀ ਉਸ ਸ਼ਖਸ਼ ਵਰਗਾ ਹੀ ਹੋਵੇ, ਜਿਸ ਨੇ ਗੁੜਤੀ ਦਿੱਤੀ ਹੋਵੇ, ਪਰ ਦਰਅਸਲ ਇਕ ਬੱਚੇ ਦੀ ਬੋਲੀ ਉਸ ਦੇ ਜਨਮ ਤੋ ਪਹਿਲਾਂ ਹੀ ਉਸ ਦੇ ਮਨ ਮਸਤਕ ਵਿੱਚ ਉਸ ਦੀ ਜਨਮਦਾਤੀ ਦੁਆਰਾ ਸਮਾਅ ਜਾਂਦੀ ਹੈ । ਜਦੋਂ ਬੱਚਾ ਅਜੇ ਆਪਣੀ ਮਾਂ ਦੇ ਪੇਟ ਚ ਹੁੰਦਾ ਹੈ, ਉਦੋਂ ਮਾਂ ਉਸ ਦੀ ਤੰਦਰੁਸਤੀ ਵਾਸਤੇ ਜੋ ਦੁਆਵਾਂ, ਅਰਦਾਸਾਂ ਤੇ ਜੋਦੜੀਆ ਕਰਦੀ ਹੈ, ਸੁੱਖਾਂ ਮੰਗਦੀ ਹੈ, ਉਸ ਦੇ ਸੰਸਾਰ ਆਗਮਨ ਵਾਸਤੇ ਸੁਪਨੇ ਦੇਖਦੀ ਹੈ, ਉਸ ਨੂੰ ਲੋਰੀਆਂ ਦੇਂਦੀ ਹੈ ਜਾਂ ਫਿਰ ਆਪਣੇ ਗਰਭ ਵਿਚਲੇ ਬੱਚੇ ਨਾਲ ਇਕਹਿਰਾ ਮਾਨਸਿਕ ਸੰਵਾਦ ਕਰਦੀ ਹੈ ਤਾਂ ਇਹ ਸਭ ਵਰਤਾਰਾ ਅਸਲ ਚ ਮਾਂ ਬੋਲੀ ਦੀ ਗੁੜਤੀ ਹੀ ਹੁੰਦਾ ਹੈ ।

ਮਾਂ ਉਹ ਜਰੀਆ, ਜੋ ਬੱਚੇ ਵਾਸਤੇ ਸੰਸਾਰ ਆਗਮਨ ਦਾ ਸਾਧਨ ਬਣਦੀ ਹੈ । ਇਹ ਬੱਚੇ ਦੇ ਮੂੰਹੋਂ ਤੋਤਲੀ ਜੁਬਾਨੇ ਉਚਰਿਆ ਪਹਿਲਾ ਸ਼ਬਦ ਵੀ ਹੁੰਦਾ ਹੈ । ਮਾਂ ਜਨਮ ਦਾਤੀ ਹੀ ਨਹੀਂ, ਪਾਲਕ ਵੀ ਹੈ ਤੇ ਮਮਤਾ ਦੀ ਮੂਰਤ ਵੀ । ਮਾਂ ਦਾ ਬੱਚੇ ਨਾਲ ਬੇਲਾਗ ਤੇ ਬੇਗਰਜ ਪਿਆਰ ਆਪਣੀ ਮਿਸਾਲ ਆਪ ਹੁੰਦਾ ਹੈ । ਮਾਂ ਦਾ ਕਰਜ਼ ਕੋਈ ਵੀ ਨਹੀਂ ਉਤਾਰ ਸਕਦਾ, ਪਰ ਜਿਹਨਾਂ ਆਪਣੀ ਮਾਂ ਦੇ ਦੁੱਧ ਦੀ ਲਾਜ ਰੱਖਣੀ ਹੁੰਦੀ ਹੈ ਤੇ ਮਾਂ ਦੇ ਕਰਜ ਦਾ ਕੁੱਜ ਕੁ ਭਾਰ ਹਲਕਾ ਕਰਨਾ ਹੁੰਦਾ ਹੈ, ਮਾਂ ਦੇ ਉਹ ਸਪੂਤ ਆਪਣੀ ਮਾਂ ਬੋਲੀ ਦਾ ਲੜ ਘੁੱਟਕੇ ਫੜਦੇ ਹਨ ।

ਜੋ ਬੋਲੀ ਭਾਵ ਸੰਚਾਰਨ ਦੇ ਸਮਰੱਥ ਹੁੰਦੀ ਹੈ, ਉਹ ਕਦੇ ਵੀ ਅਵਿਕਸਤ ਜਾਂ ਪੱਛੜੀ ਹੋਈ ਨਹੀਂ ਹੁੰਦੀ ਬਲਕਿ ਉਹਨਾਂ ਲੋਕਾਂ ਦੀ ਮਾਨਸਿਕਤਾ ਪੱਛੜੀ ਹੋਈ ਹੁੰਦੀ ਹੈ, ਜੋ ਇਸ ਤਰਾਂ ਦਾ ਸੋਚਦੇ ਹਨ । ਮਾਂ ਬੋਲੀ ਕੌਮਾਂ ਦੀ ਪਹਿਚਾਣ ਹੁੰਦੀ ਹੈ, ਸੱਭਿਆਚਾਰ ਤੇ ਵਿਰਸੇ ਦਾ ਪੰਘੂੜਾ ਹੁੰਦੀ ਹੈ । ਦੁਨੀਆ ਦੀਆਂ ਬੇਸ਼ੱਕ ਕੋਈ ਲੱਖ ਭਾਸ਼ਾਵਾਂ ਸਿੱਖੇ, ਪਰ ਇਹ ਮਾਂ ਬੋਲੀ ਹੀ ਹੁੰਦੀ ਹੈ ਜਿਸ ਵਿਚ ਕੋਈ ਹੱਸ ਜਾਂ ਰੋ ਕੇ ਆਪਣੇ ਅਰਮਾਨਾਂ ਦਾ ਪ੍ਰਗਟਾਵਾ ਵਧੀਆ, ਢੁਕਵੇਂ ਤੇ ਕਾਰਗਾਰ ਤਰੀਕੇ ਨਾਲ ਕਰ ਸਕਦਾ ਹੈ ।

ਜੀਵ ਜੰਤੂ, ਪਸ਼ੂ ਤੇ ਪੰਛੀ ਕਦੇ ਵੀ ਆਪਣੀ ਮਾਤ ਭਾਸ਼ਾ ਨਹੀਂ ਬਦਲਦੇ । ਸ਼ੇਰ ਦੀ ਬੱਚਾ ਵੱਡਾ ਹੋ ਕੇ ਕਦੇ ਵੀ ਬੱਕਰੇ ਦੀ ਅਵਾਜ ਨਹੀਂ ਕੱਢਦਾ, ਇਸੇ ਤਰਾਂ ਤੋਤਾ ਜਾਂ ਕੋਇਲ ਮੋਰ ਦੀ ਅਵਾਜ ਕਦੇ ਨਹੀਂ ਕੱਢਦੇ, ਪਰ ਬੜੀ ਹੈਰਾਨੀ ਹੁੰਦੀ ਹੈ ਜਦ ਕੋਈ ਮਨੁੱਖ ਆਪਣੀ ਮਾਂ ਬੋਲੀ ਪਰ੍ਹਾਂ ਸੁਟਕੇ ਲਾਹਨਤੀ ਬਣਕੇ ਕਿਸੇ ਦੂਸਰੀ ਬੋਲੀ ਚ ਬੋਲਣ ਨੂੰ ਅਕਲ, ਸੂਝ ਤੇ ਸੱਭਿਅਕ ਹੋਣ ਦਾ ਪੈਮਾਨਾ ਮੰਨਣ ਦਾ ਭਰਮ ਪਾਲ ਲੈਂਦਾ ਹੈ ।

ਬੋਲੀ ਹਰ ਨਸਲ ਦੀ ਹੋਂਦ ਵੀ ਹੁੰਦੀ ਹੈ ਤੇ ਪਹਿਚਾਣ ਵੀ ਹੁੰਦੀ ਹੈ । ਇਹ ਜਿੰਦਾ ਕੌਮਾਂ ਦੀ ਨਿਸ਼ਾਨੀ ਵੀ ਹੁੰਦੀ ਹੈ ਤੇ ਪਹਿਚਾਣ ਵੀ ਹੁੰਦੀ ਹੈ । ਨਵੀਆਂ ਨਸਲਾਂ ਵਾਸਤੇ ਵਿਰਸੇ ਨਾਲ ਜੁੜਨ ਤੇ ਉਸ ਨੂੰ ਸਮਝਣ ਦਾ ਸਭ ਤੋਂ ਵੱਡਾ ਵਸੀਲਾ ਮਾਂ ਬੋਲੀ ਹੀ ਹੁੰਦੀ ਹੈ । ਇਹ ਇਕ ਮਨੋਵਿਗਿਆਨਕ ਸੱਚ ਹੈ ਕਿ ਜੋ ਬੱਚੇ ਮਾਂ ਬੋਲੀ ਚ ਪੜ੍ਹਦੇ ਹਨ, ਉਹ ਵਧੇਰੇ ਤੀਖਣ ਸੂਝ ਦੇ ਮਾਲਿਕ ਹੁੰਦੇ ਹਨ ।

ਬਰਤਾਨੀਆ ਚ ਇਸ ਵੇਲੇ ਪੰਜਾਬੀਆਂ ਦੀ ਵੱਡੀ ਅਬਾਦੀ ਵਸ ਰਹੀ ਹੈ । ਕੁੱਜ ਸਮਾਂ ਪਹਿਲਾਂ ਪੰਜਾਬੀ ਇਥੇ ਦੂਜੀ ਵੱਡੀ ਬੋਲੀ ਰਹੀ ਹੈ , ਪਰ ਹੁਣ ਦਰਜਾ ਪੌਲਿਸ਼ ਬੋਲੀ ਲੈ ਚੁੱਕੀ ਹੈ । 2021 ਦੀ ਜਨਗਣਨਾ ਹੋ ਰਹੀ ਹੈ । ਇਸ ਸਮੇਂ ਪੰਜਾਬੀਆ ਨੂੰ, ਆਪਣੇ ਪੰਜਾਬੀ ਹੋਣ ‘ਤੇ ਮਾਣ ਤੇ ਗਰਵ ਕਰਨ ਦਾ ਵੇਲਾ ਹੈ । ਆਪਣੇ ਸੱਭਿਆਚਾਰ ਤੇ ਵਿਰਸੇ ਨਾਲ ਅਸਲੀ ਮੋਹ ਜਿਤਾਉਣ ਦਾ ਸਮਾਂ ਹੈ ਤੇ ਇਸ ਦੇ ਨਾਲ ਹੀ ਅਗਲੀਆਂ ਪੀੜ੍ਹੀਆ ਨੂੰ ਆਪਣੇ ਮੂਲ ਨਾਲ ਜੋੜੀ ਰੱਖਣ ਦਾ ਵੀ ਏਹੀ ਵੇਲਾ ਹੈ । ਇਹ ਉਹ ਸਮਾਂ ਹੈ ਜਦੋਂ ਪੰਜਾਬ ਸਰਕਾਰ ਤੇ ਪੰਜਾਬ ਦੇ ਉਹਨਾਂ ਲੋਕਾਂ ਸਿਰ ਲੱਖ ਲਾਹਨਤ ਪਾਈ ਜਾ ਸਕਦੀ ਹੈ ਜੋ ਪੰਜਾਬੀ ਮਾਂ ਬੋਲੀ ਤੋਂ ਬੇਮੁੱਖ ਹੋ ਕੇ ਉਸ ਦੇ ਕਪੁੱਤ ਬਣ ਚੁੱਕੇ ।

ਇਸ ਕਰਕੇ ਬਰਤਾਨੀਆ ਵਸਦੇ ਸਮੂਹ ਪੰਜਾਬੀਆਂ ਨੂੰ ਆਵੇਸਲਾਪਨ ਤਿਆਗ ਕੇ ਇਸ ਵਾਰ ਵੱਧ ਤੋਂ ਵੱਧ ਗਿਣਤੀ ਚ ਜਨਗਣਨਾ ਫਾਰਮ ਦੇ ਸਵਾਲ ਨੰਬਰ 18 ਚ ਆਪਣੀ ਮਾਂ ਬੇਲੀ “ਪੰਜਾਬੀ” ਤੇ ਸਿਰਫ ਪੰਜਾਬੀ ਲਿਖਣੀ ਚਾਹੀਦੀ ਹੈਂ ਤਾਂ ਕਿ ਭਵਿੱਖ ਚ ਪੰਜਾਬੀ ਬੋਲੀ ਨੂੰ ਮੁੜ ਤੋਂ ਬਰਤਾਨੀਆ ਦੀ ਦੂਜੀ ਵੱਡੀ ਬੋਲੀ ਦੇ ਪਾਏਦਾਨ ‘ਤੇ ਲਿਆਂਦਾ ਜਾ ਸਕੇ । ਇਸ ਤਰਾਂ ਹੋ ਜਾਣ ਨਾਲ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਤੇ ਰੁਤਬਾ ਵੀ ਬਹਾਲ ਹੋਵੇਗਾ, ਦੁਨੀਆ ਚ ਪਰਸਾਰ ਤੇ ਪਰਚਾਰ ਵੀ ਹੋਵੇਗਾ, ਇਥੋਂ ਦੇ ਸਕੂਲਾਂ, ਕਾਲੇਜਾਂ ਤੇ ਯੂਨੀਵਰਸਿਟੀਆਂ ਚ ਪੰਜਾਬੀ ਦੀ ਤਾਲੀਮ ਵਾਸਤੇ ਸਰਕਾਰ ਵਲੋਂ ਵਧੀਆ ਪਰਬੰਧ ਵੀ ਕੀਤੇ ਜਾ ਸਕਣਗੇ ਤੇ ਇਸ ਦੇ ਨਾਲ ਹੀ ਪਾਕਿਸਤਾਨ, ਭਾਰਤ ਤੇ ਦੋਵੇਂ ਪਾਸੇ ਦੇ ਪੰਜਾਬਾਂ ਦੀਆ ਸਰਕਾਰਾਂ ਉੱਤੇ ਮਾਂ ਬੋਲੀ ਪੰਜਾਬੀ ਦੀ ਬੇਹਤਰੀ ਤੇ ਰੱਖਿਆ ਕਰਨ ਵਾਸਤੇ ਅਸਰਦਾਰ ਦਬਾਅ ਵੀ ਬਣਾਇਆ ਜਾ ਸਕੇਗਾ ।

ਸੋ ਆਓ ਪੰਜਾਬੀਓ ! ਇਸ ਵੇਲੇ ਰਲਕੇ ਹੰਭਲਾ ਮਾਰੀਏ, ਬਰਤਾਨੀਆ ਚ ਆਪਣੀ ਮਾਂ ਬੋਲੀ ਦਾ ਨਕਸ਼ ਸਵਾਰੀਏ, ਵਿਦੇਸ਼ ਦੀ ਧਰਤੀ ‘ਤੇ ਬੈਠ ਕੇ ਇਸ ਦੇ ਸਿਰ ‘ਤੇ ਤਾਜ ਸਜਾਈਏ ਤੇ ਮਾਂ ਬੋਲੀ ਦੇ ਸੱਚੇ ਸਪੂਤ ਬਣਕੇ, ਮਾਂ ਬੋਲੀ ਦਾ ਕੁੱਜ ਨ ਕੁੱਜ ਕਰਜ ਜਰੂਰ ਲਾਹੀਏ । ਇਸ ਤਰਾਂ ਦਾ ਵੇਲਾ ਬੜੀ ਦੇਰ ਬਾਅਦ ਆਉਂਦਾ ਹੈ ਤੇ ਜੇਕਰ ਹੁਣ ਮੌਕਾ ਮਿਲਿਆ ਹੈ ਤਾਂ ਫਿਰ ਇਸ ਦਾ ਪੂਰਾ ਫਾਇਦਾ ਲੈ ਲਿਆ ਜਾਵੇ ।

ਯਾਦ ਰੱਖੋ ਕਿ 21 ਮਾਰਚ 2021 ਤੱਕ ਬਰਤਾਨੀਆ ਵਸਦੇ ਸਭ ਪੰਜਾਬੀ ਬਰਤਾਨੀਆ ਦੀ ਜਨਗਣਨਾ ਜਾਂ ਮਰਦਮ ਸ਼ੁਮਾਰੀ ਵਾਲੇ ਫਾਰਮ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਵਜੋਂ ਭਰਕੇ ਆਪਣੀ ਮਾਂ ਬੋਲੀ ਦਾ ਸਤਿਕਾਰ ਕਰਦੇ ਹੋਏ ਉਸ ਦੇ ਸੱਚੇ ਸਪੂਤ ਹੋਣ ਦਾ ਸਬੂਤ ਦੇ ਸਕਦੇ ਹਨ । ਆਸ ਹੈ ਕਿ ਇਹ ਗਾਉਂਦੇ ਹੋਏ, ਬਰਤਾਨੀਆ ਚ ਵਸਦੇ ਸਭ ਪੰਜਾਬੀ ਕਿ,
“ਜੱਗ ਦੇ ਵਿਚ ਮੈਂ ਢੋਲ ਵਜਾਵਾਂਗਾ ਪੰਜਾਬੀ ਦਾ,
ਉੱਚਾ ਕਰਕੇ ਨਾਮ, ਮੈ ਜਾਵਾਂਗਾ ਪੰਜਾਬੀ ਦਾ”
ਮੇਰੀ ਇਸ ਬੇਨਤੀ ‘ਤੇ ਸੰਜੀਦਗੀ ਨਾਲ ਗੌਰ ਕਰਦੇ ਹੋਏ ਇਸ ਬੇਨਤੀ ਨੂੰ ਪਰਵਾਨ ਕਰਨਗੇ ਤੇ ਇਸ ਵਾਰ ਪੰਜਾਬੀ ਮਾਂ ਬੋਲੀ ਦਾ ਪਰਚਮ ਬਰਤਾਨੀਆ ਦੀ ਧਰਤੀ ‘ਤੇ ਬਹੁਤ ਉੱਚਾ ਕਰਕੇ ਲਹਿਰਾਉਣਗੇ।

ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)
13/03/2021

Previous article2021 – ਸਾਹਿਬ ਕਾਂਸ਼ੀ ਰਾਮ ਦੀ ਬਹੁਜਨ ਲਹਿਰ ਲਈ ਇੱਕ ਅਹਿਮ ਸਾਲ
Next articleUzbek troops learn handling of Sig Sauer rifles from Indian soldiers