(ਸਮਾਜ ਵੀਕਲੀ)
ਮਾਂ ਬੋਲੀ ਬਿਨ ਦੁਨੀਆ ਉੱਤੇ ਕੌਮਾਂ ਦੀ ਪਹਿਚਾਣ ਨਹੀਂ ਰਹਿੰਦੀ ।
ਬਰਤਾਨੀਆ ਵਿੱਚ ਦਸ ਸਾਲ ਬਾਅਦ ਇਕ ਵਾਰ ਫੇਰ ਮਰਦਮ ਸ਼ੁਮਾਰ (Census) ਹੋ ਰਹੀ ਹੈ, ਜਿਸ ਤੋਂ ਬਾਅਦ ਬਰਤਾਨੀਆ ਦੇ ਸ਼ਹਿਰੀਆਂ ਦਾ ਮਾਂ ਬੋਲੀ ਸਮੇਤ ਹੋਰ ਕਈ ਤਰਾਂ ਦਾ ਡੈਟਾ National statics ‘ਤੇ ਅਪਡੇਟ ਕੀਤਾ ਜਾਵੇਗਾ ਤੇ ਉਸ ਨੂੰ ਜਾਰੀ ਕੀਤਾ ਜਾਵੇਗਾ । ਪਿਛਲੀ ਵਾਰ ਇਹ ਮਰਦਮ ਸ਼ੁਮਾਰੀ/ ਜਨਗਣਨਾ 2011 ਵਿੱਚ ਹੋਈ ਸੀ ਜਿਸ ਵਿੱਚ ਪੰਜਾਬੀ ਬੋਲੀ ਪ੍ਰਤੀ ਪੰਜਾਬੀਆਂ ਦੀ ਬੇਰੁਖ਼ੀ ਕਾਰਨ ਤੇ ਪੋਲੈਂਡ ਮੂਲ ਦੇ ਬਰਤਾਨੀਆ ਚ ਵਸ ਰਹੇ ਲੋਕਾਂ ਦੇ ਆਪਣੀ ਮਾਂ ਬੋਲੀ “ਪੌਲਿਸ਼” ਪ੍ਰਤੀ ਅਥਾਹ ਪਿਆਰ ‘ਤੇ ਸਤਿਕਾਰ ਦੇ ਸਿੱਟੇ ਵਜੋਂ ਪੰਜਾਬੀ ਬੋਲੀ ਦਾ ਇਸ ਮੁਲਕ ਵਿੱਚਲਾ ਦੂਜਾ ਸਥਾਨ “ਪੌਲਿਸ਼” ਨੇ ਲੈ ਲਿਆ ਸੀ ਤੇ ਪੰਜਾਬੀ ਦੂਜੇ ਦੀ ਬਜਾਏ ਤੀਜੇ ਪਾਏਦਾਨ ‘ਤੇ ਸਰਕ ਗਈ ਸੀ ।
ਮਾਂ ਬੋਲੀ ਦੀ ਮਹੱਤਤਾ ਬਾਰੇ ਮੈਂ ਇੱਥੇ 1993 ਚ ਵਾਪਰੀ ਇਕ ਘਟਨਾ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ । ਟੋਨੀ ਮੌਰੀਸਨ ਅਮਰੀਕਾ ਦਾ ਇਕ ਬਹੁਤ ਹੀ ਨਾਮਵਰ ਵਿਦਵਾਨ ਹੋਇਆ । 1993 ਚ ਉਸ ਨੂੰ ਨੋਬਲ ਪ੍ਰਾਈਜ਼ ਨਾਲ ਜਦ ਸਨਮਾਨਤ ਕੀਤਾ ਗਿਆ ਤਾਂ ਉਸ ਨੇ ਆਪਣਾ ਭਾਸ਼ਨ ਮਾਂ ਬੋਲੀ ਦੀ ਮਹੱਤਤਾ ਦਰਸਾਉਂਦੀ ਇਕ ਕਥਾ ਨਾਲ ਸ਼ੁਰੂ ਕੀਤਾ, ਜਿਸ ਦਾ ਤੱਤਸਾਰ ਹੇਠ ਲਿਖੀ ਪ੍ਰਕਾਰ ਸੀ ।
ਉਹ ਆਪਣੇ ਭਾਸ਼ਨ ਦੇ ਸ਼ੁਰੂ ਵਿੱਚ ਕਹਿੰਦਾ ਕਿ ਇਕ ਵਾਰ ਇਕ ਅੰਨ੍ਹੀ ਔਰਤ ਨੂੰ ਦੋ ਖਰੂਦੀ ਨੌਜਵਾਨਾਂ ਨੇ ਘੇਰ ਲਿਆ ਤੇ ਮਜ਼ਾਕ ਉਡਾਉਂਦੇ ਹੋਏ ਨੌਜਵਾਨ ਉਸ ਬੁੱਢੀ ਮਾਤਾ ਨੂੰ ਕਹਿਣ ਲੱਗੇ ਕਿ ਉਹਨਾਂ ਦੇ ਹੱਥਾਂ ਚ ਇਕ ਚਿੜੀ ਹੈ ਤੇ ਮਾਤਾ ਇਹ ਦੱਸੇ ਕਿ ਉਹ ਚਿੜੀ ਜਿਊਂਦੀ ਹੈ ਜਾਂ ਮਰੀ ਹੋਈ ਹੈ ?
ਨੌਜਵਾਨਾਂ ਦੇ ਇਸ ਸਵਾਲ ‘ਤੇ ਮਾਤਾ ਚੁੱਪ ਰਹੀ ਤਾਂ ਦੋਵੇਂ ਨੌਜਵਾਨਾਂ ਨੇ ਆਪਣਾ ਸਵਾਲ ਫਿਰ ਦੁਹਰਾਇਆ ਤੇ ਨਾਲ ਹੀ ਮਖੌਲ ਕੀਤਾ ਕਿ ਮਾਤਾ ਤੂੰ ਤਾਂ ਅੰਨ੍ਹੀ ਹੈਂ, ਤੈਨੂੰ ਕੀ ਪਤਾ ਕਿ ਸਾਡੇ ਹੱਥਾਂ ਚਿੜੀ ਹੈ ਵੀ ਕਿ ਨਹੀਂ ?
ਨੌਜਵਾਨਾਂ ਦਾ ਇਹ ਮਖੌਲ ਸੁਣਕੇ ਮਾਤਾ ਨੇ ਚੁੱਪ ਤੋੜੀ ਤੇ ਕਿਹਾ, “ਬੱਚਿਓ ! ਬੇਸ਼ੱਕ ਮੇਰੀ ਨਿਗ੍ਹਾ ਇਸ ਵੇਲੇ ਮੇਰਾ ਸਾਥ ਨਹੀਂ ਦੇ ਰਹੀ, ਪਰ ਮੇਰੇ ਕੋਲ ਜੀਵਨ ਤਜਰਬਾ ਹੈ, ਜਿਸ ਨਾਲ ਜੋ ਇਸ ਵੇਲੇ ਤੁਹਾਡੇ ਮਨ ਚ ਚੱਲ ਰਿਹਾ ਹੈ, ਉਹ ਮੇਰੇ ਨੰਹੁਆਂ ‘ਤੇ ਹੈ । …… ਮੈਂ ਨਹੀਂ ਜਾਣਦੀ ਕਿ ਤੁਹਾਡੇ ਹੱਥਾਂ ਚਿੜੀ ਹੈ ਜਾਂ ਨਹੀਂ, ਮੈਨੂੰ ਇਹ ਵੀ ਨਹੀ ਪਤਾ ਕਿ ਉਹ ਜਿਊਂਦੀ ਜਾਂ ਮਰੀ ਹੋਈ ਹੈ, ਮੈਂ ਸਿਰਫ ਇਹ ਕਹਿ ਸਕਦੀ ਹਾਂ ਕਿ ਜੇਕਰ ਤੁਸੀਂ ਸੱਚ ਬੋਲਦੇ ਹੋ ਕਿ ਚਿੜੀ ਤੁਹਾਡੇ ਹੱਥਾਂ ਚ ਹੈ ਤਾਂ ਇਸ ਨੂੰ ਮਾਰਨਾ ਜਾਂ ਜਿਊਂਦਾ ਰੱਖਣਾ ਵੀ ਤੁਹਾਡੇ ਹੱਥਾਂ ਚ ਹੀ ਹੈ ।”
ਨੌਜਵਾਨ ਦੇ ਸਵਾਲਾਂ ਦਾ ਉਕਤ ਜਵਾਬ ਦੇ ਕੇ ਬੁੱਢੀ ਮਾਤਾ ਨੇ ਉਹਨਾ ਨੌਜਵਾਨਾਂ ਦੇ ਮਨ ਵਿੱਚ ਕਈ ਹੋਰ ਸਵਾਲ ਪੈਦਾ ਕਰ ਦਿੱਤੇ, ਜਿਸ ਕਾਰਨ ਜੋ ਨੌਜਵਾਨ, ਮਾਤਾ ਦਾ ਮਖੌਲ ਉਡਾ ਰਹੇ ਸਨ, ਉਹ ਬਹੁਤ ਗੰਭੀਰ ਸੋਚ ਵਿਚਾਰ ਚ ਉਲਝ ਗਏ ।
ਦਰਅਸਲ ਟੌਨੀ ਮੌਰੀਸਨ ਨੇ ਉਕਤ ਕਥਾ ਰਾਹੀਂ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਮਾਤ ਭਾਸ਼ਾ ਇਕ ਚਿੜੀ ਵਾਂਗ ਭੋਲੀ ਹੁੰਦੀ ਹੈ ਤੇ ਨੌਜਵਾਨ ਉਸਦੇ ਵਕਤੇ ਹੁੰਦੇ ਹਨ । ਮਾਂ ਬੋਲੀ ਦੀ ਹੋਂਦ/ ਜਾਨ ਵਕਤਿਆਂ ਦੇ ਹੱਥਾਂ ਚ ਹੁੰਦੀ ਹੈ । ਹੁਣ ਇਹ ਵਕਤਿਆਂ ‘ਤੇ ਨਿਰਭਰ ਕਰਦਾ ਹੈ ਕਿ ਉਹ ਆਪਣੀ ਮਾਂ ਬੋਲੀ ਨੂੰ ਹੱਥਾਂ ਚ ਫੜੀ ਹੋਈ ਚਿੜੀ ਵਾਂਗ, ਮਾਰਦੇ ਹਨ ਜਾਂ ਜਿਉਂਦਾ ਰੱਖਦੇ ਹਨ । ਅਸੀਂ ਜਾਣਦੇ ਹਾਂ ਖਰੂਦੀਆਂ ਦੇ ਵਸ ਪਈ ਚਿੜੀ ਦਾ ਕੀ ਹਾਲ ਹੋਵੇਗਾ ਤੇ ਮਾਂ ਦੇ ਦੁੱਧ ਨੂੰ ਲਾਜ ਲਾਉਣ ਲਾਹਨਤੀ ਮਾਂ ਬੋਲੀ ਦਾ ਕੀ ਹਸ਼ਰ ਕਰਨਗੇ ! ਇੱਥੇ ਇਹ ਵੀ ਸੋਚਣਾ ਪਵੇਗਾ ਕਿ ਅਸੀਂ ਮਾਂ ਦੇ ਸਪੁੱਤਰ ਬਣਨਾ ਹੈ ਜਾਂ ਕਪੁੱਤਰ ?
ਸੋ ਇਸ ਵਾਰ ਇਕ ਵਾਰ ਫੇਰ ਮੌਕਾ ਮਿਲਿਆ ਹੈ ਜਿਸ ਦਾ ਬਰਤਾਨੀਆਂ ਵਸਦੇ ਪੰਜਾਬੀਆ ਨੂੰ ਪੂਰਾ ਲਾਹਾ ਲੈਂਦਿਆਂ, ਆਪਣੀ ਮਾਂ ਬੋਲੀ ਪੰਜਾਬੀ ਦਾ ਰੁਤਬਾ ਬਹਾਲ ਕਰਨ ਵਾਸਤੇ ਭਰਪੂਰ ਫ਼ਾਇਦਾ ਜ਼ਰੂਰ ਉਠਾਉਣਾ ਚਾਹੀਦਾ ਹੈ । ਇਸ ਕਰਕੇ ਆਪਣੀ ਮੁਢਲੀ ਜ਼ੁੰਮੇਵਾਰੀ ਸਮਝਦੇ ਹੋਏ ਬਰਤਾਨੀਆ ਵਸਦੇ ਸਮੂਹ ਪੰਜਾਬੀ ਆਪਣੀ ਪਹਿਲੀ ਬੋਲੀ ਵਜੋਂ “ਪੰਜਾਬੀ” ਲਿਖੋ ਤੇ ਮਾਂ ਬੋਲੀ ਦੇ ਸਤਿਕਾਰ ਦੇ ਪਾਤਰ ਬਣੋ ।
ਹਮੇਸ਼ਾ ਯਾਦ ਰੱਖੋ ਮਾਂ ਬੋਲੀ ਸਾਡੀ ਹੋਂਦ ਹੈ, ਪਹਿਚਾਣ ਹੈ ਤੇ ਸਾਡੀ ਸ਼ਾਨ ਹੈ । ਇਸ ਨੂੰ ਪਰਫੁਲਤ ਰੱਖਣਾ ਤੇ ਇਸ ਦੀ ਬੇਹਤਰੀ ਵਾਸਤੇ ਯਤਨ ਕਰਨਾ ਸਾਡਾ ਪਰਮ ਫਰਜ ਹੈ । ਮੈੰ ਆਪਣੀ ਗੱਲ ਹਰਜਿੰਦਰ ਕੰਗ ਦੇ ਇਕ ਸ਼ੇਅਰ ਨਾਲ ਸਮਾਪਤ ਕਰਦਾ ਹੋਇਆ ਆਪ ਸਭ ਨੂਂ ਅਪੀਲ ਕਰਦਾ ਹਾਂ ਕਿ ਬਰਤਾਨੀਆ ਵਸਦਾ ਸਮੁੱਚਾ ਪੰਜਾਬੀ ਭਾਈਚਾਰਾ ਆਪਣੀ ਮਾਂ ਬੋਲੀ ਦਾ ਸਤਿਕਾਰ ਕਰਦਾ ਹੋਇਆ ਇਸ ਵਾਰ ਜਨਗਣਨਾ ਦੇ ਫ਼ਾਰਮ ਵਿੱਚ ਪਹਿਲੀ ਬੋਲੀ ਵਜੋਂ ਪੰਜਾਬੀ ਤੇ ਸਿਰਫ ਪੰਜਾਬੀ ਦਰਜ ਕਰੇ ।
ਮਾਂ ਬੋਲੀ ਬਿਨ ਦੁਨੀਆ ਉੱਤੇ,
ਕੌਮਾਂ ਦੀ ਪਹਿਚਾਣ ਨਹੀਂ ਰਹਿੰਦੀ।
ਆਪਣਾ ਸੱਭਿਆਚਾਰ ਭੁਲਾ ਕੇ,
ਵਿਰਸੇ ਦੇ ਵਿੱਚ ਜਾਨ ਨਹੀਂ ਰਹਿੰਦੀ।
ਫੁੱਲ ਕਿਤੇ ਵੀ ਉੱਗਣ ਭਾਵੇਂ,
ਮਹਿਕਾਂ ਤੋ ਪਹਿਚਾਣੇ ਜਾਂਦੇ ।
ਵਿਰਸੇ ਦੇ ਫੁੱਲ ਤਾਂ ਹੀ ਖਿੜਦੇ,
ਮਾਂ ਬੋਲੀ ਜੇ ਆਉਂਦੀ ਹੋਵੇ ।
ਰੂਹ ਦੇ ਪੱਤਣ ਜਿੰਦ ਮਜਾਜਣ,
ਲੋਕ-ਗੀਤ ਕੋਈ ਗਾਉਂਦੀ ਹੋਵੇ ।
ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)
20/03/2021