ਇਕ ਉੱਘੇ ਬ੍ਰਿਟਿਸ਼ ਸਿੱਖ ਰੀਅਲ ਅਸਟੇਟ ਕਾਰੋਬਾਰੀ ਨੇ ਪਾਕਿਸਤਾਨ ਦੇ ਗੁਰਧਾਮਾਂ ਲਈ ਨਵਾਂ ਟਰੱਸਟ ਬਣਾਉਣ ਦੀ ਯੋਜਨਾ ਬਣਾਈ ਹੈ ਤਾਂ ਜੋ ਕਰਤਾਰਪੁਰ ਲਾਂਘੇ ਰਾਹੀਂ ਧਾਰਮਿਕ ਯਾਤਰਾਵਾਂ ਅਤੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਦੇ ਪ੍ਰਾਜੈਕਟਾਂ ਨੂੰ ਨੇਪਰੇ ਚਾੜ੍ਹਿਆ ਜਾ ਸਕੇ। ਲੰਡਨ ਆਧਾਰਤ ਕੰਪਨੀ ਬੀ ਐਂਡ ਐਸ ਪ੍ਰਾਪਰਟੀ ਦੇ ਬਾਨੀ ਪੀਟਰ ਵਿਰਦੀ ਨੇ ਕਿਹਾ ਕਿ ਉਨ੍ਹਾਂ ਦੀ ਫਾਊਂਡੇਸ਼ਨ ਅਤੇ ਦੁਨੀਆਂ ਭਰ ਦੇ ਵਪਾਰੀਆਂ ਨੇ ਟਰੱਸਟ ਲਈ 500 ਮਿਲੀਅਨ ਪੌਂਡ ਦਿੱਤੇ ਹਨ, ਜਿਸ ਦਾ ਨਾਂ ਗੁਰੂ ਨਾਨਕ ਦੇ ਨਾਂ ’ਤੇ ਰੱਖਿਆ ਜਾਵੇਗਾ। ਵਿਰਦੀ ਨੇ ਕਿਹਾ, ‘‘ਮੈਂ ਇਸ ਸੇਵਾ ਲਈ ਆਪਣੇ ਆਪ ਨੂੰ ਬਹੁਤ ਭਾਗਸ਼ਾਲੀ ਸਮਝਦਾ ਹਾਂ। ਇਸ ’ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਆਗਾਮੀ ਕੁਝ ਮਹੀਨਿਆਂ ਅਤੇ ਹਫ਼ਤਿਆਂ ਵਿੱਚ ਇਕ ਵਫ਼ਦ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਨਾਲ ਮੀਟਿੰਗ ਕਰੇਗਾ।’’ ਇਹ ਪੁੱਛੇ ਜਾਣ ਕਿ ਭਾਰਤ-ਪਾਕਿ ਵਿਚਾਲੇ ਸਿਆਸੀ ਤਣਾਅ ਇਸ ਵਿੱਚ ਅੜਿੱਕਾ ਤਾਂ ਨਹੀਂ ਬਣੇਗਾ। ਉਨ੍ਹਾਂ ਕਿਹਾ, ‘‘ਇਹ ਪੂਰੀ ਤਰ੍ਹਾਂ ਧਾਰਮਿਕ ਪਹਿਲਕਦਮੀ ਹੈ ਅਤੇ ਰਾਜਨੀਤੀ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ।’’ ਨਵੇਂ ਟਰੱਸਟ ਦੀ ਯੋਜਨਾ ਜੋ ਯੂਕੇ ਵਿੱਚ ਰਜਿਸਟਰ ਹੋਵੇਗਾ ਅਤੇ ਉਸ ਦੀ ਦੇਖ ਰੇਖ ਵੀ ਇਥੋਂ ਹੀ ਕੀਤੀ ਜਾਵੇਗੀ, ਨੂੰ ਇਸ ਹਫ਼ਤੇ ਲੰਡਨ ਵਿੱਚ ਹੋਈ ਕੇਂਦਰੀ ਗੁਰਦੁਆਰਾ ਖਾਲਸਾ ਜਥਾ ਦੀ ਮੀਟਿੰਗ ਵਿੱਚ ਅੰਤਿਮ ਰੂਪ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਵਿਰਦੀ ਅਤੇ ਹੋਰਨਾਂ ਬ੍ਰਿਟਿਸ਼ ਸਿੱਖਾਂ ਨੇ ਪਾਕਿਸਤਾਨ ਸੈਲਾਨੀ ਬੋਰਡ ਦੇ ਚੇਅਰਮੈਨ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਜ਼ੁਲਫੀਕਾਰ ਬੁਖਾਰੀ ਨਾਲ ਸਿੱਖ ਭਾਈਚਾਰੇ ਦੀ ਅਹਿਮੀਅਤ ਦੇ ਇਸ ਮੁੱਦੇ ’ਤੇ ਗੱਲਬਾਤ ਕੀਤੀ ਸੀ।
HOME ਬਰਤਾਨਵੀ ਸਿੱਖ ਨੇ ਪਾਕਿਸਤਾਨੀ ਗੁਰਦੁਆਰਿਆਂ ਲਈ ਟਰੱਸਟ ਦੀ ਯੋਜਨਾ ਬਣਾਈ