ਲੰਡਨ (ਸਮਾਜਵੀਕਲੀ) – ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ (55) ਨੂੰ ਕਰੋਨਾਵਾਇਰਸ ਹੋਣ ਮਗਰੋਂ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਸ ਦੇ ਕੁਝ ‘ਰੁਟੀਨ ਟੈਸਟ’ ਕੀਤੇ ਗਏ ਹਨ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇੰਗਲੈਂਡ ਦੇ ਹਾਊਸਿੰਗ ਅਤੇ ਕਮਿਊਨਿਟੀਜ਼ ਮੰਤਰੀ ਰੌਬਰਟ ਜੈਨਰਿਕ ਨੇ ਦੱਸਿਆ ਕਿ ਜੌਹਨਸਨ ਕਰੋਨਾਵਾਇਰਸ ਮਹਾਮਾਰੀ ਦੌਰਾਨ ਮੁਲਕ ਦੇ ਮੁਖੀ ਬਣੇ ਰਹਿਣਗੇ ਅਤੇ ਉਨ੍ਹਾਂ ਦੇ ਛੇਤੀ ਹੀ 10 ਡਾਊਨਿੰਗ ਸਟਰੀਟ ’ਤੇ ਪਰਤਣ ਦੀ ਆਸ ਹੈ।
ਉਧਰ, ਪ੍ਰਧਾਨ ਮੰਤਰੀ ਸ੍ਰੀ ਜੌਹਨਸਨ ਨੇ ਕਿਹਾ ਕਿ ਉਹ ਬਿਲਕੁਲ ਠੀਕ ਹਨ, ਕਰੋਨਾਵਾਇਰਸ ਦੇ ਲੱਛਣ ਹੁਣੇ ਵੀ ਮਹਿਸੂਸ ਹੋਣ ਕਾਰਨ ਉਹ ਲੰਘੀ ਰਾਤ ਡਾਕਟਰਾਂ ਦੇ ਕਹਿਣ ’ਤੇ ਹਸਪਤਾਲ ਰੂਟੀਨ ਟੈਸਟ ਲਈ ਆਏ ਸਨ। ਕੈਬਨਿਟ ਮੰਤਰੀ ਜੈਨਰਿਕ ਨੇ ਸੋਮਵਾਰ ਸਵੇਰੇ ਬੀਬੀਸੀ ਨੂੰ ਦੱਸਿਆ,‘‘ਜੌਹਨਸਨ ਦੀ ਤਬੀਅਤ ਜ਼ਿਆਦਾ ਨਹੀਂ ਵਿਗੜੀ ਹੈ ਸਗੋਂ ਕੁਝ ਰੁਟੀਨ ਟੈਸਟ ਕਰਾਉਣ ਲਈ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਤਬੀਅਤ ਠੀਕ ਹੈ ਅਤੇ ਉਹ ਛੇਤੀ ਹੀ ਕੰਮ ’ਤੇ ਪਰਤ ਆਉਣਗੇ।’’
ਬੋਰਿਸ ਜੌਹਨਸਨ ’ਚ ਬੁਖਾਰ ਸਮੇਤ ਕਰੋਨਾਵਾਇਰਸ ਦੇ ਲੱਛਣ ਜਾਰੀ ਰਹਿਣ ਮਗਰੋਂ ਐਤਵਾਰ ਰਾਤ ਉਨ੍ਹਾਂ ਨੂੰ ਲੰਡਨ ਦੇ ਕੌਮੀ ਸਿਹਤ ਸੇਵਾ (ਐੱਨਐੱਚਐੱਸ) ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਉਹ ਪਿਛਲੇ 10 ਦਿਨਾਂ ਤੋਂ ਕਰੋਨਾ ਦੇ ਮਰੀਜ਼ ਸਨ ਅਤੇ ਅਜੇ ਤਕ ਵਾਇਰਸ ਘਟਣ ਦਾ ਨਾਮ ਨਹੀਂ ਲੈ ਰਿਹਾ ਹੈ। ਡਾਊਨਿੰਗ ਸਟਰੀਟ ਦੇ ਤਰਜਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਡਾਕਟਰ ਦੀ ਸਲਾਹ ’ਤੇ ਉਨ੍ਹਾਂ ਨੂੰ ਇਹਤਿਆਤੀ ਕਦਮ ਵਜੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਤਰਜਮਾਨ ਮੁਤਾਬਕ ਪ੍ਰਧਾਨ ਮੰਤਰੀ ਨੇ ਐੱਨਐੱਚਐੱਸ ਅਮਲੇ ਵੱਲੋਂ ਕੀਤੀ ਜਾ ਰਹੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਸਰਕਾਰ ਦੀ ਸਲਾਹ ਦਾ ਪਾਲਣ ਕਰਦਿਆਂ ਘਰਾਂ ਅੰਦਰ ਸੁਰੱਖਿਅਤ ਰਹਿਣ। ਉਨ੍ਹਾਂ ਦੀ ਗ਼ੈਰਹਾਜ਼ਰੀ ’ਚ ਵਿਦੇਸ਼ ਮੰਤਰੀ ਡੋਮਿਨਿਕ ਰਾਬ ਕਰੋਨਾਵਾਇਰਸ ਨਾਲ ਨਜਿੱਠਣ ਬਾਰੇ ਕੀਤੀਆਂ ਜਾ ਰਹੀਆਂ ਬੈਠਕਾਂ ਦੀ ਅਗਵਾਈ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਵੀਰਵਾਰ ਰਾਤ ਡਾਊਨਿੰਗ ਸਟਰੀਟ ’ਤੇ ਹੋਰ ਲੋਕਾਂ ਦਾ ਸਾਥ ਦਿੰਦਿਆਂ ਆਪਣੇ ‘ਯੋਧਿਆਂ’ ਦੇ ਸਨਮਾਨ ’ਚ ਤਾੜੀਆਂ ਮਾਰੀਆਂ ਸਨ।