ਸੀਨੀਅਰ ਆਗੂਆਂ ਦੀਆਂ ਸਲਾਹਾਂ ਦਰਕਿਨਾਰ ਕਰਨ ਦੇ ਦੋਸ਼ ਲਾਏ
ਸੰਗਰੂਰ- ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਦੋਸ਼ ਲਾਇਆ ਹੈ ਕਿ ਉਸ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਅਤੇ ਬਰਗਾੜੀ ਕਾਂਡ ਜਿਹੇ ਮੁੱਦਿਆਂ ਨੂੰ ਪੰਥਕ ਵਿਚਾਰਧਾਰਾ ਅਤੇ ਅਕਾਲੀ ਦਲ ਦੇ ਸਿਧਾਂਤਾਂ ਅਨੁਸਾਰ ਹੱਲ ਕਰਨ ਦੀ ਬਜਾਏ ‘ਹੰਕਾਰੀ’ ਲਹਿਜ਼ੇ ਵਿਚ ਦਬਾਇਆ ਸੀ। ਸ੍ਰੀ ਢੀਂਡਸਾ ਇੱਥੇ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਸੰਵੇਦਨਸ਼ੀਲ ਮੁੱਦਿਆਂ ’ਤੇ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਦਿੱਤੀਆਂ ਸਲਾਹਾਂ ਨੂੰ ਦਰਕਿਨਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਹਮੇਸ਼ਾ ਪੰਥ ਅਤੇ ਪੰਜਾਬ ਦੇ ਭਲੇ ਲਈ ਸੰਘਰਸ਼ ਲੜੇ ਗਏ ਹਨ ਪ੍ਰੰਤੂ ਸੁਖਬੀਰ ਨੇ ਤਾਂ ਬਗੈਰ ਕੋਈ ਸੰਘਰਸ਼ ਕੀਤਿਆਂ ਸਿਰਫ਼ ਅਹੁਦਿਆਂ ਦਾ ਆਨੰਦ ਹੀ ਮਾਣਿਆ ਹੈ। ਇਸੇ ਕਾਰਨ ਸੁਖਬੀਰ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਦਾ ਹਾਣੀ ਨਹੀਂ ਬਣ ਸਕਿਆ। ਸ੍ਰੀ ਢੀਂਡਸਾ ਨੇ ਤਿੱਖਾ ਸਿਆਸੀ ਹਮਲਾ ਬੋਲਦਿਆਂ ਕਿਹਾ ਕਿ ਜੇਕਰ ਸੁਖਬੀਰ ਬਾਦਲ ਨੇ ਪੰਥ ’ਤੇ ਆਏ ਸੰਕਟਾਂ ਨੂੰ ਪਿੰਡੇ ’ਤੇ ਨਹੀਂ ਹੰਢਾਇਆ ਤਾਂ ਘੱਟੋ-ਘੱਟ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਸੁਖਬੀਰ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦਾ ਜਨ-ਆਧਾਰ ਹੇਠਾਂ ਡਿੱਗਿਆ ਹੈ, ਪਹਿਲਾਂ ਅਜਿਹਾ ਕਦੇ ਵੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਵਾਲ ਸਿਰਫ਼ ਜਿੱਤ ਜਾਂ ਹਾਰ ਦਾ ਨਹੀਂ ਹੈ ਸਗੋਂ ਸਵਾਲ ਤਾਂ ਇਹ ਹੈ ਕਿ ਪੰਥਕ ਵਿਚਾਰਧਾਰਾ ਵਾਲੇ ਪਰਿਵਾਰ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਦੂਰ ਹੋ ਰਹੇ ਹਨ। ਉਨ੍ਹਾਂ ਲੋਕਾਂ ਨੂੰ 23 ਫਰਵਰੀ ਦੀ ਰੈਲੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਿਧਾਂਤਕ ਲੀਹਾਂ ’ਤੇ ਲਿਜਾਣ ਲਈ ਇਹ ਰੈਲੀਆਂ ਇਨਕਲਾਬੀ ਕਦਮ ਸਾਬਤ ਹੋਣਗੀਆਂ। ਸ੍ਰੀ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੀ 2 ਫਰਵਰੀ ਦੀ ਸੰਗਰੂਰ ਰੈਲੀ ਬਾਰੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਖ਼ਿਲਾਫ਼ ਰੋਸ ਧਰਨੇ ਦੇ ਨਾਂ ’ਤੇ ਇਕੱਠ ਕਰਕੇ ‘ਅੰਤਿਮ ਅਰਦਾਸ’ ਰੈਲੀ ਕਰਨ ਵਾਲਿਆਂ ਨੂੰ ‘ਵਜ਼ੀਰੀਆਂ’ ਮੁਬਾਰਕ ਹੋਣ। ਉਨ੍ਹਾਂ ਕਿਹਾ ਕਿ ਰੈਲੀ ਦੌਰਾਨ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਜਿਹੜੀ ਭਾਸ਼ਾ ਸੁਖਬੀਰ ਸਿੰਘ ਬਾਦਲ ਵਲੋਂ ਵਰਤੀ ਗਈ, ਉਸ ਭਾਸ਼ਾ ਬਾਰੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਭਾਰੀ ਰੋਸ ਹੈ
।