ਬਨਿਹਾਲ: ਸੀਆਰਪੀਐਫ ਕਾਫ਼ਲੇ ਨੇੜੇ ਕਾਰ ਧਮਾਕਾ

ਜਵਾਨ ਵਾਲ ਵਾਲ ਬਚੇ; ਪੁਲੀਸ ਦਹਿਸ਼ਤਗਰਦੀ ਦੇ ਨਜ਼ਰੀਏ ਨਾਲ ਕਰ ਰਹੀ ਹੈ ਤਹਿਕੀਕਾਤ

ਜੰਮੂ ਕਸ਼ਮੀਰ ਕੌਮੀ ਰਾਜਮਾਰਗ ’ਤੇ ਸ਼ਨਿਚਰਵਾਰ ਨੂੰ ਕਾਰ ਦੇ ਗੈਸ ਸਿਲੰਡਰ ਨੂੰ ਅੱਗ ਲੱਗਣ ਮਗਰੋਂ ਹੋਏ ਧਮਾਕੇ ’ਚ ਸੀਆਰਪੀਐਫ ਦਾ ਵਾਹਨ ਨੁਕਸਾਨਿਆ ਗਿਆ। ਪੁਲੀਸ ਨੇ ਦੱਸਿਆ ਕਿ ਰਾਮਬਨ ਜ਼ਿਲ੍ਹੇ ’ਚ ਜਵਾਹਰ ਸੁਰੰਗ ਨੇੜੇ ਸਵੇਰੇ ਸਾਢੇ 10 ਵਜੇ ਦੇ ਕਰੀਬ ਵਾਪਰੀ ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲੀਸ ਨੇ ਵਾਹਨ ਨੇੜਿਉਂ ਦੂਜਾ ਗੈਸ ਸਿਲੰਡਰ ਬਰਾਮਦ ਕੀਤਾ ਹੈ ਪਰ ਕੋਈ ਧਮਾਕਾਖੇਜ਼ ਸਮਗੱਰੀ ਨਹੀਂ ਮਿਲੀ ਹੈ। ਪੁਲੀਸ ਵੱਲੋਂ ਘਟਨਾ ਦੀ ਦਹਿਸ਼ਤਗਰਦੀ ਦੇ ਨਜ਼ਰੀਏ ਨਾਲ ਵੀ ਤਹਿਕੀਕਾਤ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐਫ) ’ਤੇ ਹੋਏ ਕਾਰ ਫਿਦਾਈਨ ’ਚ 40 ਜਵਾਨ ਸ਼ਹੀਦ ਹੋ ਗਏ ਸਨ। ਜੰਮੂ ਖ਼ਿੱਤੇ ਦੇ ਬਨਿਹਾਲ ਕਸਬੇ ਤੋਂ ਸੱਤ ਕਿਲੋਮੀਟਰ ਦੂਰ ਟੇਥਾਰ ਪਿੰਡ ਨੇੜੇ ਹੋਏ ਧਮਾਕੇ ਦੀ ਮੁੱਢਲੀ ਜਾਂਚ ਮਗਰੋਂ ਪਤਾ ਲੱਗਾ ਹੈ ਕਿ ਹਿਊਂਦਈ ਸੈਂਟਰੋ ਕਾਰ ਦੇ ਦੋ ਗੈਸ ਸਿਲੰਡਰਾਂ ’ਚੋਂ ਇਕ ਨੂੰ ਅੱਗ ਲੱਗ ਗਈ ਸੀ। ਬਨਿਹਾਲ ਸਬ ਡਿਵੀਜ਼ਨਲ ਪੁਲੀਸ ਅਧਿਕਾਰੀ ਸੱਜਾਦ ਸਰਵਰ ਨੇ ਕਿਹਾ ਕਿ ਜੰਮੂ ਤੋਂ ਸ੍ਰੀਨਗਰ ਜਾ ਰਹੀ ਕਾਰ ਅੱਗ ਮਗਰੋਂ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ। ਉਨ੍ਹਾਂ ਕਿਹਾ ਕਿ ਘਟਨਾ ਸਮੇਂ ਰਾਜਮਾਰਗ ਤੋਂ ਸੀਆਰਪੀਐਫ ਦਾ ਵਾਹਨ ਲੰਘ ਰਿਹਾ ਸੀ ਜਿਸ ਦੇ ਪਿਛਲੇ ਹਿੱਸੇ ਨੂੰ ਹਲਕਾ ਨੁਕਸਾਨ ਪਹੁੰਚਿਆ। ਸ੍ਰੀ ਸਰਵਰ ਨੇ ਕਿਹਾ ਕਿ ਵਾਹਨ ’ਚ ਸਵਾਰ ਸਾਰੇ ਜਵਾਨ ਵਾਲ ਵਾਲ ਬਚ ਗਏ। ਕਾਫ਼ਲੇ ’ਚ ਕਰੀਬ 10 ਵਾਹਨ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਕਾਰ ਦੇ ਡਰਾਈਵਰ ਦਾ ਸੁਰਾਗ ਨਹੀਂ ਲੱਗਿਆ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਅੱਗ ਲੱਗਣ ਮਗਰੋਂ ਉਹ ਬਚ ਗਿਆ। ਫੋਰੈਂਸਿਕ ਮਾਹਿਰਾਂ ਤੋਂ ਵੀ ਜਾਂਚ ’ਚ ਸਹਾਇਤਾ ਲਈ ਜਾ ਰਹੀ ਹੈ। ਉਧਰ ਜੰਮੂ ’ਚ ਰਾਜਪਾਲ ਸੱਤਿਆ ਪਾਲ ਮਲਿਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਦਹਿਸ਼ਤੀ ਹਮਲਾ ਸੀ ਜਾਂ ਨਹੀਂ, ਇਸ ਬਾਰੇ ਜਾਂਚ ਚਲ ਰਹੀ ਹੈ। ਉਂਜ ਧਮਾਕਾਖੇਜ਼ ਸਮੱਗਰੀ ਬਰਾਮਦ ਨਹੀਂ ਹੋਈ ਹੈ ਪਰ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਹੈ।

Previous articleਹੋਰਨਾਂ ਗੁਰਦੁਆਰਿਆਂ ਵਾਂਗ ਸ੍ਰੀ ਹਰਿ ਮੰਦਰ ਸਾਹਿਬ ਦਾ ਸਿੱਧਾ ਪ੍ਰਸਾਰਨ 24 ਘੰਟੇ ਪ੍ਰਸਾਰਿਤ ਕੀਤਾ ਜਾਵੇ: ਅੰਮ੍ਰਿਤਸਰ ਵਿਕਾਸ ਮੰਚ
Next articleਸ਼੍ਰੋਮਣੀ ਕਮੇਟੀ ਵਲੋਂ 12 ਅਰਬ ਤੋਂ ਵੱਧ ਦਾ ਬਜਟ ਪਾਸ