ਬਠਿੰਡ- ਸੰਸਦ ਮੈਂਬਰ ਤੇ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਬਠਿੰਡਾ ਹਲਕੇ ’ਚ ਬਾਦਲ ਪਰਿਵਾਰ ਦੇ ਸਿਆਸੀ ਗੜ੍ਹ ’ਚ ਸੰਨ੍ਹ ਲਾ ਕੇ ਆਪਣੀ ਰਾਜਸੀ ਤਾਕਤ ਦਾ ਮੁਜ਼ਾਹਰਾ ਕੀਤਾ। ਸਾਬਕਾ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਸਮੇਤ ਅੱਧੀ ਦਰਜਨ ਆਗੂਆਂ ਨੇ ਢੀਂਡਸਾ ਦੀ ਅਗਵਾਈ ਕਬੂਲੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਫ਼ਤਿਹ ਬੁਲਾ ਦਿੱਤੀ। ਦੱਸਣਯੋਗ ਹੈ ਕਿ ਦੋ ਦਿਨਾਂ ਤੋਂ ਬਾਦਲ ਪਰਿਵਾਰ ਦਾ ਪੂਰਾ ਤਾਣ ਰੁੱਸੇ ਹੋਏ ਆਗੂਆਂ ਨੂੰ ਮਨਾਉਣ ’ਤੇ ਲੱਗਾ ਹੋਇਆ ਸੀ। ਪਿੰਡ ਡੂਮਵਾਲੀ ’ਚ ਅਕਾਲੀ ਦਲ ਦੀ ਸੀਨੀਅਰ ਮੀਤ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਵਾਲੇ ਸਰਬਜੀਤ ਸਿੰਘ ਡੂਮਵਾਲੀ ਦੇ ਘਰ ਵੀ ਢੀਂਡਸਾ ਗਏ ਪਰ ਡੂਮਵਾਲੀ ਨੇ ਖੁੱਲ੍ਹੇ ਮਨ ਨਾਲ ਢੀਂਡਸਾ ਦੇ ਨਾਲ ਚੱਲਣ ਦਾ ਐਲਾਨ ਨਹੀਂ ਕੀਤਾ। ਸੰਸਦ ਮੈਂਬਰ ਢੀਂਡਸਾ ਵੱਲੋਂ ਵੱਖ ਸਿਆਸੀ ਰਾਹ ਫੜਨ ਮਗਰੋਂ ਬਠਿੰਡਾ ਹਲਕੇ ਦੀ ਉਨ੍ਹਾਂ ਦੀ ਇਹ ਪਹਿਲੀ ਫੇਰੀ ਸੀ। ਜਦ ਵੱਡੇ ਢੀਂਡਸਾ ਨੇ ਆਪਣੇ ਦੌਰੇ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਿਆ ਤਾਂ ਸ਼੍ਰੋਮਣੀ ਕਮੇਟੀ ਨੇ ਪੂਰੀ ਤਰ੍ਹਾਂ ਉਨ੍ਹਾਂ ਤੋਂ ਦੂਰੀ ਬਣਾਈ। ਉਨ੍ਹਾਂ ਨੂੰ ਸਿਰੋਪਾ ਨਹੀਂ ਦਿੱਤਾ ਗਿਆ। ਨਾਰਾਜ਼ ਢੀਂਡਸਾ ਨੇ ਕਿਹਾ ‘ਤਖ਼ਤ ਸਭਨਾਂ ਦਾ ਸਾਂਝਾ ਹੈ ਤੇ ਇਹ (ਬਾਦਲ) ਹਲਕੀਆਂ ਗੱਲਾਂ ’ਤੇ ਉਤਰ ਆਏ ਹਨ।’ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੂਹੀਏ ਵੱਡੇ ਢੀਂਡਸਾ ਦੀ ਪੈੜ ਨੱਪਦੇ ਰਹੇ। ਯੂਥ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਗਿੱਲਪੱਤੀ ਦੀ ਰਿਹਾਇਸ਼ ’ਤੇ ਗਿੱਲਪੱਤੀ ਸਮੇਤ ਕਈ ਆਗੂਆਂ ਨੇ ਢੀਂਡਸਾ ਦਾ ਪੱਲਾ ਫੜਿਆ। ਢੀਂਡਸਾ ਨੇ ਇਸ ਮੌਕੇ ਕਿਹਾ ਕਿ ਕਾਂਗਰਸ ਤੇ ਬਾਦਲਾਂ ਤੋਂ ਬਿਨਾਂ ਕਿਸੇ ਨਾਲ ਵੀ ਚੋਣ ਸਮਝੌਤਾ ਸੰਭਵ ਹੈ ਪਰ ਇਸ ਬਾਰੇ ਹਾਲੇ ਕੋਈ ਗੱਲਬਾਤ ਨਹੀਂ ਹੋਈ। ਉਨ੍ਹਾਂ ਦਾ ਧਿਆਨ ਫ਼ਿਲਹਾਲ ਸ਼੍ਰੋਮਣੀ ਕਮੇਟੀ ਚੋਣਾਂ ’ਤੇ ਹੈ ਅਤੇ ਕੇਂਦਰ ਸਰਕਾਰ ਨੂੰ ਇਹ ਚੋਣ ਸਮੇਂ ਸਿਰ ਕਰਵਾਉਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਚੋਣਾਂ ਵਿਚ ਅਕਾਲੀ ਦਲ (1920) ਅਤੇ ਸ੍ਰੀ ਫੂਲਕਾ ਤੋਂ ਇਲਾਵਾ ਭਾਈ ਰਣਜੀਤ ਸਿੰਘ ਨੇ ਸਹਿਯੋਗ ਦੇਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ‘ਤਾਨਸ਼ਾਹ’ ਬਣਿਆ ਬੈਠਾ ਹੈ ਅਤੇ ਘਰ ਬੈਠ ਕੇ ਹੀ ਫ਼ੈਸਲੇ ਲਏ ਜਾ ਰਹੇ ਹਨ, ਪਰ ਲੋਕਾਂ ਦੇ ਹੜ੍ਹ ਅੱਗੇ ਹੰਕਾਰ ਨੂੰ ਮਾਰ ਪੈਣੀ ਹੀ ਹੈ। ਸੁਖਦੇਵ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਪਾਰਟੀ ਖਾਤਰ ਜੇਲ੍ਹਾਂ ਕੱਟੀਆਂ ਹਨ ਤੇ ਕੁਰਬਾਨੀਆਂ ਕੀਤੀਆਂ ਹਨ, ਇਸੇ ਲਈ ਮਾਣ ਸਤਿਕਾਰ ਮਿਲਿਆ ਹੈ। ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਅਗਵਾਈ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਨੂੰ ਢਾਹ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪੈਸਾ ਨਿੱਜੀ ਹਿੱਤਾਂ ਲਈ ਰੋੜ੍ਹਿਆ ਜਾ ਰਿਹਾ ਹੈ, ਜਿਸ ਦੀ ਜਾਂਚ ਨਵੀਂ ਬਣਨ ਵਾਲੀ ਸ਼੍ਰੋਮਣੀ ਕਮੇਟੀ ਕਰੇਗੀ। ਉਨ੍ਹਾਂ ਇਸ਼ਾਰਾ ਕੀਤਾ ਕਿ ਆਉਂਦੇ ਦਿਨਾਂ ਵਿਚ ਅਕਾਲੀ ਦਲ (ਬਾਦਲ) ਦੇ ਕਈ ਹੋਰ ਆਗੂ ਵੀ ਉਨ੍ਹਾਂ ਨਾਲ ਜੁੜ ਰਹੇ ਹਨ। ਵੱਡੇ ਢੀਂਡਸਾ ਅੱਜ ਸਾਬਕਾ ਵਧੀਕ ਐਡਵੋਕੇਟ ਜਨਰਲ ਛਿੰਦਰਪਾਲ ਸਿੰਘ ਬਰਾੜ ਦੇ ਘਰ ਵੀ ਗਏ।
HOME ਬਠਿੰਡਾ ਹਲਕੇ ’ਚ ਵੱਡੇ ਢੀਂਡਸਾ ਵੱਲੋਂ ਛੋਟੇ ਬਾਦਲ ਨੂੰ ਝਟਕਾ