ਬਠਿੰਡਾ ਹਲਕੇ ਵਿਚ ਚੋਣ ਅਖਾੜੇ ਦੀ ਧੂੜ ਅਸਮਾਨੀ ਚੜ੍ਹਨ ਲੱਗੀ ਹੈ। ਚੋਣ ਪਿੜ ਮਘ ਚੁੱਕਾ ਹੈ। ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਚੋਣ ਮੁਹਿੰਮ ਦੀ ਪਿਛੇਤ ਕੱਢਣ ਲੱਗਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਚੋਣ ਮੁਹਿੰਮ ਦੀ ਕਮਾਨ ਹੁਣ ਬਿਕਰਮ ਸਿੰਘ ਮਜੀਠੀਆ ਨੇ ਸੰਭਾਲ ਲਈ ਹੈ, ਜਦੋਂ ਕਿ ਰਾਜਾ ਵੜਿੰਗ ਦੀ ਚੋਣ ਮੁਹਿੰਮ ਵਿਚ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੁੱਦ ਪਏ ਹਨ। ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਪਿੰਡੋਂ ਪਿੰਡ ਜਾਣ ਲੱਗੇ ਹਨ। ਉਨ੍ਹਾਂ ਦੀ ਭਾਸ਼ਣ ਕਲਾ ਪਿੰਡਾਂ ਵਿਚ ਚੰਗਾ ਰੰਗ ਦਿਖਾਉਣ ਲੱਗੀ ਹੈ। ਉਨ੍ਹਾਂ ਅੱਜ ਹਲਕਾ ਭੁੱਚੋ ਦੇ ਦਰਜਨਾਂ ਪਿੰਡਾਂ ਵਿਚ ਰਾਜਾ ਵੜਿੰਗ ਲਈ ਵੋਟਾਂ ਮੰਗੀਆਂ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਣਕ ਦੀ ਖਰੀਦ ਨੂੰ ਮੁੱਖ ਮੁੱਦਾ ਬਣਾਇਆ ਹੈ। ਉਨ੍ਹਾਂ ਮੰਗ ਕੀਤੀ ਕਿ ਖਰੀਦ ਏਜੰਸੀਆਂ ਮੁੜ ਮੰਡੀਆਂ ਵਿਚ ਦਾਖਲ ਹੋਣ ਅਤੇ ਫਸਲਾਂ ਦੀ ਖਰੀਦ ਯਕੀਨੀ ਬਣਾਉਣ। ਬੀਬਾ ਬਾਦਲ ਨੇ ਅੱਜ ਹਰਿਆਣਾ ਦੇ ਚੋਰਮਾਰ ਦੇ ਗੁਰੂ ਘਰ ਵਿਚ ਮੱਥਾ ਟੇਕਿਆ। ਇਕੇ ਬਾਦਲ ਪਰਿਵਾਰ ਅਕਸਰ ਜਾਂਦਾ ਰਹਿੰਦਾ ਹੈ। ਬਠਿੰਡਾ ਸ਼ਹਿਰ ਵਿਚ ਦੋ ਦਿਨਾਂ ਤੋਂ ਬਿਕਰਮ ਸਿੰਘ ਮਜੀਠੀਆ ਨੇ ਡੇਰੇ ਲਾਏ ਹੋਏ ਹਨ। ਮਜੀਠੀਆ ਵੱਲੋਂ ਸਿੱਧੇ ਤੌਰ ‘ਤੇ ਮਨਪ੍ਰੀਤ ਬਾਦਲ ’ਤੇ ਤੀਰ ਚਲਾਏ ਜਾ ਰਹੇ ਹਨ। ਮਜੀਠੀਆ ਨੇ ਆਖਿਆ ਕਿ ਮਨਪ੍ਰੀਤ ਨੇ ਖ਼ਜ਼ਾਨਾ ਮੰਤਰੀ ਹੋਣ ਦੇ ਬਾਵਜੂਦ ਬਠਿੰਡਾ ਦੇ ਵਿਕਾਸ ਲਈ ਕੁਝ ਨਹੀਂ ਕੀਤਾ। ਉਲਟਾ ਬਠਿੰਡਾ ਥਰਮਲ ਵੀ ਬੰਦ ਕਰਾ ਦਿੱਤਾ। ਮਜੀਠੀਆ ਨੇ ਸ਼ਹਿਰ ਵਿਚ ਦਰਜਨਾਂ ਨੁੱਕੜ ਮੀਟਿੰਗਾਂ ਵਿਚ ਆਖਿਆ ਕਿ ਹਰਸਿਮਰਤ ਬਾਦਲ ਨੇ ਬਠਿੰਡਾ ਦਾ ਵਿਕਾਸ ਕਰਾਇਆ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਲਕਾ ਲੰਬੀ ਦੇ ਪਿੰਡਾਂ ਵਿਚ ਗਮੀ ਦੇ ਮੌਕਿਆਂ ’ਤੇ ਜਾ ਰਹੇ ਹਨ। ਉਹ ਸੱਥਰਾਂ ਤੋਂ ਵੋਟਾਂ ਤਲਾਸ਼ ਰਹੇ ਹਨ। ਦੂਸਰੀ ਤਰਫ਼ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹਲਕਾ ਲੰਬੀ ਦੇ ਕਈ ਪਿੰਡਾਂ ਵਿਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਮੰਤਰੀ ਰੰਧਾਵਾ ਨੇ ਲੋਕਾਂ ਨੂੰ ਕਿਹਾ ਕਿ ਵੜਿੰਗ ਨੂੰ ਵੋਟਾਂ ਪਾਓ, ਬਾਦਲਾਂ ਤੋਂ ਛੁਟਕਾਰਾ ਪਾਓ। ਇਸੇ ਤਰ੍ਹਾਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਅੱਜ ਬਠਿੰਡਾ ਦਿਹਾਤੀ ਦੇ ਦਰਜਨਾਂ ਪਿੰਡਾਂ ਵਿਚ ਰਾਜਾ ਵੜਿੰਗ ਦੀ ਹਮਾਇਤ ਵਿਚ ਚੋਣ ਜਲਸੇ ਕੀਤੇ। ਰਾਜਾ ਵੜਿੰਗ ਵੱਲੋਂ ਭਲਕੇ 25 ਅਪਰੈਲ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣੇ ਹਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਪੁੱਜ ਰਹੇ ਹਨ। ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਵੱਲੋਂ 26 ਅਪਰੈਲ ਨੂੰ ਕਾਗ਼ਜ਼ ਦਾਖਲ ਕੀਤੇ ਜਾਣਗੇ। ਅਕਾਲੀ ਦਲ (ਅੰਮ੍ਰਿ੍ਰਤਸਰ) ਦੇ ਉਮੀਦਵਾਰ ਗੁਰਸੇਵਕ ਸਿੰਘ ਜਵਾਹਰਕੇ ਕਾਗ਼ਜ਼ ਦਾਖਲ ਕਰ ਚੁੱਕੇ ਹਨ ਜੋ ਬੇਅਦਬੀ ਦੇ ਮੁੱਦੇ ’ਤੇ ਚੋਣ ਪ੍ਰਚਾਰ ਕਰ ਰਹੇ ਹਨ। ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵੀ 26 ਅਪਰੈਲ ਨੂੰ ਕਾਗ਼ਜ਼ ਦਾਖਲ ਕਰਨਗੇ। ਉਨ੍ਹਾਂ ਨੇ ਅੱਜ ਬਠਿੰਡਾ ਦੇ ਪਾਰਕਾਂ ਵਿਚ ਲੋਕਾਂ ਨਾਲ ਸਿੱਧਾ ਰਾਬਤਾ ਕੀਤਾ। ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਵੀ ਚੋਣ ਪ੍ਰਚਾਰ ਵਿਚ ਜੁਟੀ ਹੈ ਪ੍ਰੰਤੂ ਉਨ੍ਹਾਂ ਦਾ ਪ੍ਰਚਾਰ ਮੱਠਾ ਹੀ ਚੱਲ ਰਿਹਾ ਹੈ। ਬਠਿੰਡਾ ਹਲਕੇ ਦਾ ਦੰਗਲ ਕਾਫ਼ੀ ਦਿਲਚਸਪ ਰਹੇਗਾ।
INDIA ਬਠਿੰਡਾ ਹਲਕੇ ’ਚ ਅਸਮਾਨੀ ਚੜ੍ਹਨ ਲੱਗੀ ਅਖਾੜੇ ਦੀ ਧੂੜ