ਬਠਿੰਡਾ ਵਿੱਚ ਪ੍ਰਿਯੰਕਾ ਦੀ ਰੈਲੀ ਕਾਰਨ ਸਖ਼ਤ ਸੁਰੱਖਿਆ ਪ੍ਰਬੰਧ

ਬਠਿੰਡਾ ਲੋਕ ਸਭਾ ਹਲਕੇ ਵਿਚ ਚੋਣ ਮਾਹੌਲ ਭਖਣ ਕਾਰਨ ਬੀਤੇ ਦੋ ਦਿਨਾਂ ਤੋਂ ਬਠਿੰਡਾ ਵਾਸੀ ਟਰੈਫ਼ਿਕ ਦੀ ਸਮੱਸਿਆ ਨਾਲ ਜੂਝਦੇ ਰਹੇ। ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਮੌਕੇ ਜਿੱਥੇ ਬਠਿੰਡਾ ਅੰਦਰ ਸਖ਼ਤ ਸਰੱਖਿਆ ਪ੍ਰੰਬਧਾਂ ਅਤੇ ਟਰੈਫ਼ਿਕ ਜਾਮ ਰਿਹਾ, ਉੱਥੇ ਦੂਜੇ ਦਿਨ ਕਾਂਗਰਸ ਵੱਲੋਂ ਰੱਖੀ ਗਈ ਪ੍ਰਿਯੰਕਾ ਗਾਂਧੀ ਦੀ ਰੈਲੀ ਮੌਕੇ ਵੀ ਸ਼ਹਿਰ ਦੀਆਂ ਸੜਕਾਂ ਜਾਮ ਰਹੀਆਂ। ਦੱਸਣਯੋਗ ਹੈ ਕਿ ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਚੋਣ ਜਲਸੇ ਨੂੰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਸੰਬੋਧਨ ਕਰਨ ਪਹੁੰਚੇ ਸਨ। ਕਾਂਗਰਸੀ ਪਾਰਟੀ ਨੇ ਵੱਡਾ ਇਕੱਠ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਸੀ। ਪੰਜਾਬ ਪੁਲੀਸ ਦੇ ਕੇਂਦਰੀ ਸੁਰੱਖਿਆ ਬਲਾਂ ਵੱਲੋਂ ਰੈਲੀ ਵਾਲੇ ਪੰਡਾਲ ਦੇ ਨਜ਼ਦੀਕ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਣ ਕਾਰਨ ਭਾਵੇਂ ਬਠਿੰਡਾ ਤੋਂ ਸ੍ਰੀ ਅੰਮਿ੍ਤਸਰ ਅਤੇ ਮਲੋਟ, ਅਬੋਹਰ ਨੂੰ ਜਾਣ ਵਾਲਾ ਟਰੈਫ਼ਿਕ ਵਨ ਵੇ ਕੀਤਾ ਹੋਇਆ ਸੀ ਅਤੇ ਸ਼ਹਿਰ ਦੇ ਮਲੋਟ ਰੋਡ ਤੋਂ ਆਉਣ ਵਾਲੇ ਟਰੈਫ਼ਿਕ ਨੂੰ ਰਿੰਗ ਰੋਡ ਰਾਹੀਂ ਕੱਢਿਆ ਜਾ ਰਿਹਾ ਸੀ ਅਤੇ ਫ਼ਰੀਦਕੋਟ ਅਤੇ ਅੰਮ੍ਰਿਤਸਰ ਵਾਲੇ ਪਾਸਿਓਂ ਆਉਣ ਵਾਲੇ ਟਰੈਫ਼ਿਕ ਨੂੰ ਵਾਇਆ ਸਿਵੀਆ ਤੋਂ ਦਿਓਣ ਰਸਤੇ ਭੇਜਿਆ ਗਿਆ। ਇਸ ਕਾਰਨ ਆਮ ਲੋਕ ਵੀ ਖ਼ੁਆਰ ਹੁੰਦੇ ਰਹੇ। ਰੈਲੀ ਮੌਕੇ ਵੱਡੀ ਗਿਣਤੀ ਵਿਚ ਬੱਸਾਂ ਪਾਰਕਿੰਗ ਜ਼ੋਨ ਤੋਂ ਇਲਾਵਾ ਸੜਕਾਂ ’ਤੇ ਖੜੀਆਂ ਸਨ ਜਿਸ ਕਾਰਨ ਵੀ ਆਵਾਜਾਈ ਵਿੱਚ ਅੜਿੱਕਾ ਪਿਆ। ਸੁਰੱਖਿਆ ਦਸਤਿਆਂ ਨੇ ਪ੍ਰਿਅੰਕਾ ਗਾਂਧੀ ਨੂੰ ਦੇਖਣ ਆਏ ਨੌਜਵਾਨਾਂ ਨੂੰ ਹਲਕੇ ਡੰਡੇ ਦਾ ਡਰਾਵਾ ਦੇ ਦਬਕਾਈ ਰੱਖਿਆ।

ਜ਼ਿਕਰਯੋਗ ਹੈ ਕਿ ਅੱਜ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੀ ਰੈਲੀ ਵੀ ਪਾਵਰ ਕੌਮ ਕਲੋਨੀ ਦੇ ਉਸੇ ਪੰਡਾਲ ਵਿੱਚ ਹੋਈ ਜਿਥੇ ਕੱਲ੍ਹ ਸ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਸਿਮਰਤ ਕੌਰ ਬਾਦਲ ਦੇ ਚੋਣ ਜਲਸੇ ਨੂੰ ਸੰਬੋਧਨ ਕੀਤਾ ਸੀ। ਪੰਡਾਲ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਵਰਕਰ ਇਹ ਤੰਜ ਕੱਸਦੇ ਵੀ ਸੁਣੇ ਗਏ ਕਿ ਦੋਵੇਂ ਪਾਰਟੀਆਂ ਰਲ ਕੇ ਚੋਣਾਂ ਲੜ ਰਹੀਆਂ ਹਨ। ਅੱਜ ਦੀ ਰੈਲੀ ਵਿਚ ਕਾਂਗਰਸ ਦੇ ਚਿੱਟੇ ਕੱਪੜਿਆਂ ਵਾਲੇ ਨੌਜਵਾਨਾਂ ਦਾ ਹੜ੍ਹ ਆਇਆ ਹੋਇਆ ਸੀ। ਪੰਜਾਬ ਵਿਚ ਪਹਿਲੀ ਵਾਰ ਆਈ ਪ੍ਰਿਯੰਕਾ ਗਾਂਧੀ ਨੂੰ ਦੇਖਣ ਨੌਜਵਾਨਾਂ ਵਿਚ ਵਧ ਕਰੇਜ਼ ਦੇਖਿਆ ਗਿਆ। ਪ੍ਰਿਅੰਕਾ ਗਾਂਧੀ ਰੈਲੀ ਤੋਂ ਬਾਅਦ ਰਾਜਾ ਵੜਿੰਗ ਦੀ ਗੱਡੀ ਵਿੱਚ ਬੈਠ ਕੇ ਰਵਾਨਾ ਹੋਈ। ਹੱਥ ਹਿਲਾ ਕੇ ਉਨ੍ਹਾਂ ਰੋਡ ਸ਼ੋਅ ਦੀ ਤਰਜ਼ ’ਤੇ ਲੋਕਾਂ ਦਾ ਅਭਿਨੰਦਨ ਕਬੂਲਿਆ। ਅਮਰਿੰਦਰ ਸਿੰਘ ਵੜਿੰਗ ਗੱਡੀ ਚਲਾ ਰਹੇ ਸਨ ਤੇ ਵੱਡੀ ਗਿਣਤੀ ਕਾਂਗਰਸੀਆਂ ਦਾ ਕਾਫ਼ਲਾ ਉਨ੍ਹਾਂ ਦੀ ਗੱਡੀ ਪਿੱਛੇ ਪਿੱਛੇ ਚੱਲ ਰਿਹਾ ਸੀ। ਉੱਧਰ ਪਾਵਰਕੌਮ ਕਲੋਨੀ ਵਾਸੀਆਂ ਨੇ ਰੈਲੀ ਤੋਂ ਬਾਅਦ ਸੁੱਖ ਦਾ ਸਾਹ ਲਿਆ। ਕਲੋਨੀ ਵਾਸੀਆਂ ਨੇ ਦੱਸਿਆ ਕਿ ਉਹ ਅਣਐਲਾਨੀ ਪਾਬੰਦੀ ਝੱਲ ਰਹੇ ਸਨ। ਦੋ ਵੱਡੇ ਆਗੂਆਂ ਦੀ ਰੈਲੀ ਕਾਰਨ ਦੋ ਦਿਨਾਂ ਤੋਂ ਪਾਵਰਕੌਮ ਕਲੋਨੀ ਵਾਸੀ ਕੈਦ ਹੋ ਕੇ ਰਹਿ ਗਏ ਸਨ।

Previous articleState of Economy-II: Private investment remains tepid in highway sector
Next articleChanda Kochhar Money Trail-VII: The mom & pop shop that Kochhar-Advani fam built