ਬਠਿੰਡਾ (ਸਮਾਜਵੀਕਲੀ) – ਇੱਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਚ ਇਕ ਮਹਿਲਾ ਕਰਮਚਾਰੀ ਦੀ ਮੌਤ ਹੋ ਗਈ ਹੈ। ਪਰਿਵਾਰ ਇਸ ਨੂੰ ਖ਼ੁਦਕੁਸ਼ੀ ਦਾ ਮਾਮਲਾ ਮੰਨਣ ਤੋਂ ਇਨਕਾਰੀ ਹੈ ਤੇ ਮੌਤ ਪਿਛਲੇ ਕਾਰਨਾਂ ਬਾਰੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਮ੍ਰਿਤਕਾ ਜੋਤੀ (26) ਪੁੱਤਰੀ ਬਲਵੀਰ ਚੰਦ ਇੱਥੋਂ ਦੀ ਅਮਰਪੁਰਾ ਬਸਤੀ ਦੀ ਵਸਨੀਕ ਹੈ ਤੇ ਯੂਨੀਵਰਸਿਟੀ ਦੇ ਲੇਖਾ ਵਿਭਾਗ ਵਿਚ ਰੈਗੂਲਰ ਪੋਸਟ ’ਤੇ ਕਲਰਕ ਸੀ। ਯੂਨੀਵਰਸਿਟੀ ਵਿਚ ਬੁਲਾਏ ਜਾਣ ’ਤੇ ਉਹ ਕਰੀਬ 9 ਵਜੇ ਆਪਣੀ ਡਿਊਟੀ ਲਈ ਗਈ ਸੀ।
ਰਿਸ਼ਤੇਦਾਰਾਂ ਮੁਤਾਬਕ ਅੰਦਾਜ਼ਨ 10 ਵਜੇ ਯੂਨੀਵਰਸਿਟੀ ਤੋਂ ਪਰਿਵਾਰ ਨੂੰ ਖ਼ਬਰ ਮਿਲੀ ਕਿ ਉਨ੍ਹਾਂ ਦੀ ਧੀ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਜੋਤੀ ਦੇ ਚਾਚੇ ਵਜ਼ੀਰ ਚੰਦ ਅਤੇ ਮੁਲਾਜ਼ਮ ਆਗੂ ਬਲਵਿੰਦਰ ਸਿੰਘ ਨੇ ਐਤਵਾਰ ਨੂੰ ਜੋਤੀ ਨੂੰ ਡਿਊਟੀ ’ਤੇ ਬੁਲਾਏ ਜਾਣ ’ਤੇ ਉਂਗਲ ਚੁੱਕਦਿਆਂ ਕਿਹਾ ਕਿ ’ਵਰਸਿਟੀ ਵਿਚ ਤਾਂ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ ਛੁੱਟੀ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕਾ ਨੇ ਕਈ ਵਾਰ ਘਰੇ ਦੱਸਿਆ ਸੀ ਕਿ ‘ਕੁਝ ਸਹਿ-ਕਰਮੀ’ ਡਿਊਟੀ ਸਮੇਂ ਉਸ ਨੂੰ ਪ੍ਰੇਸ਼ਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਜੋਤੀ ਇਸ ਢੰਗ ਨਾਲ ਖ਼ੁਦਕੁਸ਼ੀ ਨਹੀਂ ਕਰ ਸਕਦੀ। ਪਰਿਵਾਰ ਨੇ ਦੋਸ਼ ਲਾਏ ਕਿ ਜੋਤੀ ਦੀ ਇੱਕ ਬਾਂਹ ’ਤੇ ਆਈ ਝਰੀਟ ਅਤੇ ਤਨ ਤੋਂ ਫਟੇ ਕੱਪੜੇ ‘ਹੱਤਿਆ’ ਹੋਣ ਵੱਲ ਸੰਕੇਤ ਕਰਦੇ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਲਾਸ਼ ਨੇੜੇ ਮ੍ਰਿਤਕਾ ਦੀਆਂ ਪੈੜਾਂ ਇਸ ਗੱਲ ਦਾ ਸਬੂਤ ਹਨ ਕਿ ਉਸ ਦੀ ਮੌਤ ਤੋਂ ਪਹਿਲਾਂ ਇੱਧਰ-ਉੱਧਰ ਕਾਫ਼ੀ ਭੱਜ-ਨੱਠ ਹੋਈ ਹੈ। ਪਰਿਵਾਰ ਨੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਘੋਖਣ ਦੀ ਮੰਗ ਵੀ ਕੀਤੀ ਹੈ। ਥਾਣਾ ਕੈਨਾਲ ਕਲੋਨੀ ਦੇ ਐੱਸਐਚਓ ਸੁਨੀਲ ਸ਼ਰਮਾ ਨੇ ਦੱਸਿਆ ਕਿ ਘਟਨਾ ਨੂੰ ਹਰ ਪੱਖ ਤੋਂ ਵਾਚਿਆ ਜਾ ਰਿਹਾ ਹੈ ਅਤੇ ਢੁੱਕਵੀਂ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਪੱਖ ਜਾਣਨ ਲਈ ’ਵਰਸਿਟੀ ਦੇ ਉਪ ਕੁਲਪਤੀ ਮੋਹਨ ਪਾਲ ਸਿੰਘ ਈਸ਼ਰ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਨਹੀਂ ਹੋ ਸਕਿਆ।