ਬਠਿੰਡਾ: ਲੈਵਲ-3 ਦੇ ਬੈੱਡ ਭਰੇ, ਮਰੀਜ਼ਾਂ ਦੀ ਗਿਣਤੀ ਬਣੀ ਚਿੰਤਾ ਦਾ ਕਾਰਨ

ਬਠਿੰਡਾ (ਸਮਾਜ ਵੀਕਲੀ) : ਬਠਿੰਡਾ ਜ਼ਿਲ੍ਹੇ ਦੇ ਹਸਪਤਾਲਾਂ ’ਚ ਤੀਜੇ ਲੈਵਲ ਦੇ ਕਰੋਨਾ ਮਰੀਜ਼ਾਂ ਦੇ ਸਾਰੇ ਬੈੱਡ ਭਰ ਗਏ ਹਨ। ਭਵਿੱਖ ਵਿਚ ਕਰੋਨਾ ਪੀੜਤਾਂ ਦਾ ਸੰਭਾਵੀ ਵਾਧਾ ਹੁਣ ਤੋਂ ਹੀ ਪ੍ਰਸ਼ਾਸਨ ਲਈ ਫ਼ਿਕਰਮੰਦੀ ਦਾ ਸਬੱਬ ਬਣਦਾ ਜਾ ਰਿਹਾ ਹੈ। ਬਠਿੰਡਾ ਕਰੋਨਾ ਦੇ ਮਰੀਜ਼ਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਹੈ। ਰੋਜ਼ਾਨਾ ਹੀ ਇੱਥੇ ਕਰੋਨਾ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਸ਼ਨਿਚਰਵਾਰ ਨੂੰ ਬਠਿੰਡਾ ਜ਼ਿਲ੍ਹੇ ’ਚ ਕਰੋਨਾ ਦੇ 17 ਮਰੀਜ਼ ਜ਼ਿੰਦਗੀ ਦੀ ਜੰਗ ਹਾਰ ਗਏ, ਜਦਕਿ 706 ਨਵੇਂ ਮਰੀਜ਼ਾਂ ਦੀ ਅੱਜ ਪੁਸ਼ਟੀ ਹੋਈ।

ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ ਅੱਜ ਕੁੱਲ ਐਕਟਿਵ ਕੇਸਾਂ ਦੀ ਗਿਣਤੀ 6442 ਹੋ ਗਈ। ਜ਼ਿਲ੍ਹੇ ਵਿਚਲੇ ਕੁੱਲ 17 ਨਿੱਜੀ ਹਸਪਤਾਲਾਂ ਵਿਚ ਸ਼ੁੱਕਰਵਾਰ ਨੂੰ ਲੈਵਲ-3 ਦੇ 211 ਬੈੱਡ ਮੌਜੂਦ ਸਨ, ਜਦਕਿ ਮਰੀਜ਼ਾਂ ਦਾ ਅੰਕੜਾ 214 ਸੀ। ਇਸੇ ਤਰ੍ਹਾਂ ਲੈਵਲ-2 ਦੇ 859 ਬੈੱਡ ਅਤੇ 754 ਮਰੀਜ਼ ਸਨ। ਜ਼ਿਲ੍ਹੇ ਦੇ ਕੁੱਲ 39 ਹਸਪਤਾਲਾਂ ਵਿਚ 859 ਬੈੱਡ ਉਪਲੱਬਧ ਹਨ ਅਤੇ ਇਨ੍ਹਾਂ ਉੱਪਰ 754 ਮਰੀਜ਼ ਹਨ।

ਬਠਿੰਡਾ ਹਲਕੇ ਦੀ ਨੁਮਾਇੰਦਗੀ ਕਰਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਕਰੋਨਾ ਦੀ ਸਥਿਤੀ ਬਾਰੇ ਇਥੇ ਮੀਟਿੰਗ ਕਰਕੇ ਜਾਣਕਾਰੀ ਲਈ। ਮੀਟਿੰਗ ’ਚ ਉਨ੍ਹਾਂ ਨੇ ਲੈਵਲ-2 ਅਤੇ 3 ਬਾਰੇ ਜਾਇਜ਼ਾ ਲੈਂਦਿਆਂ, ਹੁਕਮ ਦਿੱਤੇ ਕਿ ਹਸਪਤਾਲਾਂ ਵਿਚ ਬਿਸਤਰਿਆਂ ਦੀ ਗਿਣਤੀ ਵਧਾਈ ਜਾਵੇ। ਉਨ੍ਹਾਂ ਕਰੋਨਾ ਸਬੰਧੀ ਟੀਕਾਕਰਨ ਅਤੇ ਸੈਂਪਲਿੰਗ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ। ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਸਰਕਾਰੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਤਾਂ ਜੋ ਕਰੋਨਾ ਮਹਾਮਾਰੀ ਦਾ ਟਾਕਰਾ ਕੀਤਾ ਜਾ ਸਕੇ। ਬਾਅਦ ਵਿਚ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਹਸਪਤਾਲਾਂ ਵਿਚ ਲੈਵਲ-2 ਦੇ ਬਿਸਤਰਿਆਂ ਦੀ ਗਿਣਤੀ 996 ਕਰਨ ਦੀ ਹਦਾਇਤ ਕੀਤੀ, ਜਦ ਕਿ ਲੈਵਲ-3 ਦੇ ਬਿਸਤਰੇ 211 ਹੀ ਰਹੇ।

ਇਹ ਵੀ ਪਤਾ ਲੱਗਾ ਹੈ ਕਿ ਵੱਡੀ ਗਿਣਤੀ ਵਿਚ ਕਰੋਨਾ ਮਹਾਮਾਰੀ ਦੇ ਕੇਸ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿਚੋਂ ਹਨ। ਸੂਤਰਾਂ ਮੁਤਾਬਕ ਟੀਕਾਕਰਨ ਨੂੰ ਦਿਹਾਤੀ ਖੇਤਰਾਂ ’ਚ ਮੱਠਾ ਹੁੰਗਾਰਾ ਹੀ ਮਿਲਿਆ ਹੈ ਅਤੇ ਥੋੜ੍ਹੀਆਂ-ਬਹੁਤੀਆਂ ਅਲਾਮਤਾਂ ਵਾਲੇ ਮਰੀਜ਼ ਡਾਕਟਰਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਗੁਰੇਜ਼ ਕਰ ਰਹੇ ਹਨ। ਜਦੋਂ ਉਨ੍ਹਾਂ ਦੀ ਸਿਹਤ ਜ਼ਿਆਦਾ ਵਿਗੜ ਜਾਂਦੀ ਹੈ ਤਾਂ ਉਹ ਹਸਪਤਾਲਾਂ ਦਾ ਰੁਖ਼ ਕਰਦੇ ਹਨ ਅਤੇ ਉਸ ਵਕਤ ਉਨ੍ਹਾਂ ਦੀ ਜ਼ਰੂਰਤ ਸਿੱਧਿਆਂ ਹੀ ਲੈਵਲ-3 ਦੀ ਹੁੰਦੀ ਹੈ।

ਇਕ ਪੱਖ ਇਹ ਵੀ ਹੈ ਕਿ ਬਠਿੰਡਾ ਦੇ ਹਸਪਤਾਲਾਂ ਵਿਚ ਗੁਆਂਢੀ ਰਾਜਾਂ ਹਰਿਆਣਾ, ਰਾਜਸਥਾਨ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਖਿੱਤਿਆਂ ’ਚੋਂ ਵੀ ਮਰੀਜ਼ ਆਏ ਹਨ। ਵੇਖਣ ਵਿਚ ਆਇਆ ਹੈ ਕਿ ਨਿੱਜੀ ਹਸਪਤਾਲਾਂ ਦੀ ਭਾਰੀ ਅਦਾਇਗੀ ਕਰਨ ਵਾਲੇ ਕੁਝ ਮਰੀਜ਼ ਲੈਵਲ-3 ਦੇ ਬੈੱਡਾਂ ’ਤੇ ਹਨ। ਹਾਲਾਤ ਇੰਨੇ ਮਾੜੇ ਹਨ ਕਿ ਉਪਲੱਬਧ ਨਾ ਹੋਣ ਕਾਰਣ ਦਾਖ਼ਲ ਮਰੀਜ਼ਾਂ ਨੂੰ ਲੋੜੀਂਦੇ ਟੀਕੇ ਵੀ ਨਹੀਂ ਲੱਗ ਰਹੇ ਅਤੇ ਬਹੁਤੇ ਮਰੀਜ਼ਾਂ ਨੂੰ ਬੈੱਡ ਨਹੀਂ ਮਿਲ ਰਹੇ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੈਸ਼ੰਕਰ ਵੱਲੋਂ ਚੀਨ ਦੀ ਪ੍ਰਧਾਨਗੀ ਵਾਲੀ ਸੁਰੱਖਿਆ ਪ੍ਰੀਸ਼ਦ ਮੀਟਿੰਗ ਦਾ ਬਾਈਕਾਟ
Next articleਲੈਵਲ-3 ਦੇ ਬੈੱਡ ਭਰੇ ਹੋਣ ਦੀ ਸਿਵਲ ਸਰਜਨ ਨੇ ਕੀਤੀ ਪੁਸ਼ਟੀ