ਬਠਿੰਡਾ, (ਸਮਾਜਵੀਕਲੀ):
ਬਠਿੰਡਾ ਦੀ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਆਪਣਾ ਆਨਲਾਈਨ ਪ੍ਰਸ਼ਨ ਬੈਂਕ ਹੈਕਰਾਂ ਦੇ ਹੱਥਾਂ ਵਿੱਚ ਪੈਣ ਮਗਰੋਂ 13 ਵਿਸ਼ਿਆਂ ਲਈ ਰੱਖੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਕੋਵਿਡ-19 ਦੇ ਮੱਦੇਨਜ਼ਰ ਕੇਂਦਰੀ ’ਵਰਸਿਟੀ ਨੇ ਵਿਦਿਆਰਥੀਆਂ ਦੀ ਸਹੂਲਤ ਲਈ ਮੌਜੂਦਾ ਵਿਦਿਅਕ ਸੈਸ਼ਨ ਦੀਆਂ ਪ੍ਰੀਖਿਆਵਾਂ ਆਨਲਾਈਨ ਲੈਣ ਦਾ ਫੈਸਲਾ ਕੀਤਾ ਸੀ, ਪਰ ਹੈਕਰਾਂ ਨੇ ਵਰਸਿਟੀ ਵੱਲੋਂ ਆਨਲਾਈਨ ਪ੍ਰੀਖਿਆ ਲਈ ਵਰਤੇ ਜਾਂਦੇ ਸਾਈਬਰ ਸੁਰੱਖਿਆ ਸਿਸਟਮ ’ਚ ਸੰਨ੍ਹ ਲਾਉਂਦਿਆਂ ਪ੍ਰਸ਼ਨ ਬੈਂਕ ਤਕ ਰਾਬਤਾ ਸਥਾਪਤ ਕਰ ਲਿਆ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ ਆਰ.ਕੇ.ਕੋਹਲੀ ਨੇ ਕਿਹਾ, ‘ਸਾਈਬਰ ਸੁਰੱਖਿਆ ਨਾਲ ਸਮਝੌਤੇ ਮਗਰੋਂ 13 ਵਿਸ਼ਿਆਂ ਦੀਆਂ ਪ੍ਰੀਖਿਆਵਾਂ ਰੱਦ ਕਰਨੀਆਂ ਪਈਆਂ ਹਨ। ਅਸੀਂ ਫੈਕਲਟੀ ਮੈਂਬਰਾਂ ਨੂੰ ਇਨ੍ਹਾਂ ਵਿਸ਼ਿਆਂ ਦੀਆਂ ਪ੍ਰੀਖਿਆ ਤਰੀਕਾਂ ਨੂੰ ਨਵੇਂ ਸਿਰੇ ਤੋਂ ਵਿਉਂਤਣ ਲਈ ਆਖ ਦਿੱਤਾ ਹੈ।’