ਬਠਿੰਡਾ-ਇੱਥੋਂ ਦੇ ਵਾਰਡ ਨੰਬਰ 30 ਦੀ ਅੱਜ ਹੋਈ ਜ਼ਿਮਨੀ ਚੋਣ ਵਿਚ ਕਾਂਗਰਸ ਨੇ ਜਿੱਤ ਦਾ ਝੰਡਾ ਲਹਿਰਾ ਦਿੱਤਾ ਹੈ। ਇਸ ਜਿੱਤ ’ਤੇ ਕਾਂਗਰਸ ਨੇ ਲੱਡੂ ਵੰਡੇ ਤੇ ਗੁਲਾਲ ਖੇਡਿਆ ਅਤੇ ਜਿੱਤ ਦੇ ਜਸ਼ਨ ਮਨਾਏ। ਕਾਂਗਰਸ ਦੇ ਉਮੀਦਵਾਰ ਜੀਤ ਮੱਲ ਨੇ ਆਪਣੇ ਵਿਰੋਧੀ ਭਾਜਪਾ ਦੇ ਉਮੀਦਵਾਰ ਮਨੀਸ਼ ਸ਼ਰਮਾ ਨੂੰ 2136 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।
ਅੱਜ ਮੁੱਖ ਚੋਣ ਅਧਿਕਾਰੀ ਐੱਸ.ਡੀ.ਐੱਮ. ਅਮਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਇਸ ਵਾਰਡ ਵਿਚ ਕੁੱਲ 5612 ਵੋਟ ਸਨ ਜਿਨ੍ਹਾਂ ਵਿਚੋਂ 3466 ਵੋਟ ਪੋਲ ਹੋਏ ਜਿਸ ਵਿਚੋਂ ਕਾਂਗਰਸੀ ਉਮੀਦਵਾਰ ਜੀਤ ਮੱਲ ਨੂੰ 2784 ਵੋਟ ਮਿਲੇ ਜਦੋਂ ਕਿ ਭਾਜਪਾ ਦੇ ਮਨੀਸ਼ ਸ਼ਰਮਾ ਨੂੰ 648 ਵੋਟਾਂ ’ਤੇ ਹੀ ਸਬਰ ਕਰਨ ਪਿਆ ਅਤੇ ਨੋਟਾ ਨੂੰ 20 ਵੋਟ ਮਿਲੇ। ਤਿੰਨ ਹੋਰ ਆਜ਼ਾਦ ਉਮੀਦਵਾਰਾਂ ਨੂੰ 14 ਵੋਟ ਮਿਲੇ। ਅੱਜ ਦੀ ਇਸ ਚੋਣ ਦੀ ਪੋਲਿੰਗ ਪ੍ਰਤੀਸ਼ਤ 61 ਪ੍ਰਤੀਸ਼ਤ ਰਹੀ। ਇਸ ਵਾਰਡ ਵਿਚ 5 ਬੂਥ ਬਣਾਏ ਗਏ ਸਨ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਮਿੰਟਾਂ ਨੇ ਹਾਰ ਕਬੂਲ ਕਰਦਿਆਂ ਕਿਹਾ ਕਿ ਲੋਕਾਂ ਦਾ ਫ਼ੈਸਲਾ ਸਿਰ ਮੱਥੇ ਹੈ। ਉਹ ਅਗਲੇ 6 ਮਹੀਨੇ ਬਾਅਦ ਹੋਣ ਵਾਲੀਆਂ ਨਗਰ ਨਿਗਮ ਦੀ ਚੋਣ ਲਈ ਮੁੜ ਤਿਆਰੀ ਵਿੱਢਣਗੇ।
ਬੁਢਲਾਡਾ (ਐੱਨਪੀ ਸਿੰਘ): ਇੱਥੇ ਅੱਜ ਨਗਰ ਕੌਂਸਲ ਬੁਢਲਾਡਾ ਦੇ ਵਾਰਡ ਨੰਬਰ 18 ਦੀ ਹੋਈ ਉਪ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਹਰਮੇਸ਼ ਸਿਘ ਬਿੰਦੂ 38 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਐੱਸ.ਡੀ.ਐੱਮ. ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਚੋਣ ਅਮਨ-ਅਮਾਨ ਨਾਲ ਹੋਈ।
ਇਸ ਚੋਣ ਵਿੱਚ ਵਾਰਡ ਦੀਆਂ ਕੁੱਲ 989 ਵੋਟਾਂ ਵਿੱਚੋਂ 780 ਵੋਟਾਂ ਭੁਗਤੀਆਂ। ਇਨ੍ਹਾਂ ਵਿੱਚੋਂ ਕਾਂਗਾਰਸ ਦੇ ਉਮੀਦਵਾਰ ਹਰਮੇਸ਼ ਬਿੰਦੂ ਨੂੰ 408 ਵੋਟਾਂ, ਅਕਾਲੀ ਦਲ ਦੇ ਭਰਭੂਰ ਸਿੰਘ ਨੂੰ 370 ਵੋਟਾਂ ਅਤੇ ਦੋ ਵੋਟਾਂ ਨੋਟਾ ਨੂੰ ਪਈਆਂ। ਜਿਉਂ ਹੀ ਨਤੀਜੇ ਦਾ ਐਲਾਨ ਹੋਇਆ ਤਾਂ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਮਨੋਜ ਬਾਲਾ ਤੇ ਹਲਕਾ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਨੇ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਢੋਲ ਦੇ ਡੱਗੇ ’ਤੇ ਭੰਗੜਾ ਪਾਇਆ ਤੇ ਜਿੱਤ ਦੇ ਜਸ਼ਨ ਮਨਾਏ। ਇਸ ਮੌਕੇ ਕਾਂਗਰਸੀ ਆਗੂਆਂ ਨੇ ਗੁਲਾਲ ਖੇਡ ਕੇ ਖੁਸ਼ੀ ਜ਼ਾਹਰ ਕੀਤੀ।
ਇਸ ਮੌਕੇ ਬਲਾਕ ਪ੍ਰਧਾਨ ਤੀਰਥ ਸਿੰਘ ਸਵੀਟੀ, ਸੁਖਦੇਵ ਸਿੰਘ ਭੱਟੀ, ਅਜੀਤ ਸਿੰਘ ਬਖ਼ਸ਼ੀਵਾਲਾ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ ਸਮੇਤ ਵੱਡੀ ਗਿਣਤੀ ਕਾਂਗਰਸੀ ਵਰਕਰ ਵੀ ਸ਼ਾਮਿਲ ਸਨ।
INDIA ਬਠਿੰਡਾ ਤੇ ਬੁਢਲਾਡਾ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਦਾ ਹੱਥ ਉੱਪਰ