ਚੰਡੀਗੜ੍ਹ (ਸਮਾਜਵੀਕਲੀ): ਜੇਠ ਮਹੀਨੇ ਦੀ ਗਰਮੀ ਕਾਰਨ ਅੱਜ ਪੰਜਾਬ ਦਾ ਸਮੁੱਚਾ ਮਾਲਵਾ ਖਿੱਤਾ ਸਭ ਤੋਂ ਵੱਧ ਤਪਿਆ। ਐਤਕੀਂ ਗਰਮੀ ਨੇ ਬਠਿੰਡਾ ’ਚ ਲੰਘੇ 20 ਵਰ੍ਹਿਆਂ ਦਾ ਰਿਕਾਰਡ ਤੋੜ ਦਿੱਤਾ ਹੈ। ਦੁਪਹਿਰ ਵੇਲੇ ਤਿੱਖੀ ਧੁੱਪ ਅਤੇ ਲੂ ਕਾਰਨ ਸ਼ਹਿਰਾਂ ’ਚ ਸੜਕਾਂ ’ਤੇ ਸੁੰਨ ਪੱਸਰੀ ਰਹੀ। ਹਰਿਆਣਾ ਦਾ ਹਿਸਾਰ ਅੱਜ ਸਭ ਤੋਂ ਵੱਧ ਗਰਮ ਰਿਹਾ, ਜਿੱਥੇ ਤਾਪਮਾਨ 48 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੀ ਗਰਮੀ ਨੇ ਤਾਂ ਐਤਕੀਂ ਰਾਜਸਥਾਨ ਦੇ ਕਈ ਸ਼ਹਿਰਾਂ ਨੂੰ ਵੀ ਪਛਾੜ ਦਿੱਤਾ ਹੈ। ਮੌਸਮ ਵਿਭਾਗ ਅਨੁਸਾਰ ਭਲਕੇ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਇਸੇ ਦੌਰਾਨ ਅੱਜ ਸ਼ਾਮ ਚੰਡੀਗੜ੍ਹ ਤੇ ਆਸਪਾਸ ਹਲਕੀ ਬਾਰਿਸ਼ ਹੋਈ।
ਪੰਜਾਬ ’ਚੋਂ ਅੱਜ ਬਠਿੰਡਾ ਦਾ ਤਾਪਮਾਨ ਲਗਾਤਾਰ ਤੀਜੇ ਦਿਨ ਸਭ ਤੋਂ ਵੱਧ ਰਿਹਾ। ਬਠਿੰਡਾ ਵਿਚ ਅੱਜ 47.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜਿਸ ਨਾਲ ਸਾਲ 2000 ਦਾ ਰਿਕਾਰਡ ਟੁੱਟ ਗਿਆ ਹੈ। 8 ਜੂਨ 2014 ਨੂੰ ਬਠਿੰਡਾ ’ਚ ਪਾਰਾ 47.2 ਡਿਗਰੀ ਸੈਲਸੀਅਸ ਤੱਕ ਚਲਾ ਗਿਆ ਸੀ। ਬਠਿੰਡਾ ਦਾ ਤਾਪਮਾਨ ਪਹਿਲਾਂ 12 ਮਈ 2002 ਨੂੰ 47 ਡਿਗਰੀ ਸੈਲਸੀਅਸ ਅਤੇ 26 ਮਈ 2010 ਨੂੰ 47 ਡਿਗਰੀ ਸੈਲਸੀਅਸ ਨੂੰ ਛੂਹਿਆ ਸੀ। ਲੰਘੇ ਤਿੰਨ ਦਿਨਾਂ ਤੋਂ ਪੰਜਾਬ ਨੂੰ ਲੂ ਦਾ ਕਹਿਰ ਝੱਲਣਾ ਪੈ ਰਿਹਾ ਹੈ।
ਕਰੀਬ ਇੱਕ ਮਹੀਨਾ ਪੱਛੜ ਕੇ ਪਈ ਗਰਮੀ ਨੇ ਇਨ੍ਹਾਂ ਦਿਨਾਂ ਵਿਚ ਨਵੇਂ ਰਿਕਾਰਡ ਬਣਾ ਦਿੱਤੇ ਹਨ। ਮੌਸਮ ਵਿਭਾਗ ਅਨੁਸਾਰ ਚੁਰੂ ਦਾ ਪਾਰਾ ਤਾਂ ਅੱਜ ਵੀ 50 ਡਿਗਰੀ ਹੈ ਪ੍ਰੰਤੂ ਜੈਸਲਮੇਰ ਵਿਚ ਅੱਜ 45 ਡਿਗਰੀ, ਕੋਟਾ, ਸ੍ਰੀਗੰਗਾਨਗਰ ਤੇ ਬੀਕਾਨੇਰ ਵਿਚ 47 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਜਦੋਂਕਿ ਬਠਿੰਡਾ ਦਾ ਤਾਪਮਾਨ 47.5 ਡਿਗਰੀ ’ਤੇ ਪੁੱਜ ਗਿਆ ਹੈ। ਫਿਰੋਜ਼ਪੁਰ ਵਿਚ ਅੱਜ ਦਾ ਤਾਪਮਾਨ 45 ਡਿਗਰੀ ਅਤੇ ਅੰੰਮ੍ਰਿਤਸਰ ਵਿਚ 43 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਭਲਕੇ ਕੁਝ ਥਾਈਂ ਮੀਂਹ ਪੈਣ ਨਾਲ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਇਸ ਦੌਰਾਨ ਬਿਜਲੀ ਦੀ ਮੰਗ ’ਚ ਨਿੱਤ-ਦਿਨ ਵਾਧਾ ਹੋਣ ਲੱਗਿਆ ਹੈ।